ਦਿਮਾਗ ਤੇਜ਼ ਕਰਨ ਦੇ ਨਾਂ 'ਤੇ ਟਿਊਟਰ ਬੱਚਿਆਂ ਦੇ ਲਾ ਰਿਹਾ ਸੀ ਸਲਾਇਨ ਇੰਜੈਕਸ਼ਨ, FIR ਦਰਜ
ਡਿਪਟੀ ਪੁਲਿਸ ਕਮਿਸ਼ਨਰ ਦੀਪਕ ਯਾਦਵ ਨੇ ਦੱਸਿਆ ਕਿ ਸਾਨੂੰ ਸੰਦੀਪ ਦੇ ਇੱਕ ਵਿਦਿਆਰਥੀ ਦੇ ਪਰਿਵਾਰ ਦਾ ਫੋਨ ਆਇਆ ਸੀ ਕਿ ਉਸ ਨੇ ਬੱਚਿਆਂ ਨੂੰ ਇੰਜੈਕਸ਼ਨ ਦਿੱਤਾ ਹੈ।
ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਇੱਕ 20 ਸਾਲਾ ਵਿਦਿਆਰਥੀ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦਰਅਸਲ ਟਿਊਟਰ ਦੇ ਰੂਪ 'ਚ ਕੰਮ ਕਰਨ ਵਾਲੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਬੱਚਿਆਂ ਨੂੰ ਸਲਾਇਨ ਸੋਲਿਊਸ਼ਸਨ ਦਾ ਇੰਜੈਕਸ਼ਨ ਲਾਉਂਦਿਆਂ ਫੜਿਆ ਗਿਆ ਸੀ। ਟਿਊਟਰ, ਬੱਚਿਆਂ ਦੀ ਯਾਦਾਸ਼ਤ ਤੇ ਕੱਦ ਵਧਾਉਣ ਦੇ ਨਾਂ 'ਤੇ ਉਨ੍ਹਾਂ ਨੂੰ ਨੌਰਮਲ ਸਲਾਇਨ ਦੇ ਇੰਜੈਕਸ਼ਨ ਲਾ ਰਿਹਾ ਸੀ।
ਇੱਕ ਵਿਦਿਆਰਥੀ ਨੇ ਜਦੋਂ ਆਪਣੇ ਪਰਿਵਾਰ ਨੂੰ ਇਹ ਗੱਲ ਦੱਸੀ ਤਾਂ ਇਹ ਖੁਲਾਸਾ ਹੋਇਆ। ਫਿਲਹਾਲ ਪੁਲਿਸ ਨੇ ਮਾਮਲੇ 'ਚ ਐਫਆਈਆਰ ਦਰਜ ਕਰ ਲਈ ਹੈ।
ਯੂਟਿਊਬ 'ਤੇ ਦੇਖੀ ਸੀ ਯਾਦਾਸ਼ਤ ਵਧਾਉਣ ਵਾਲੀ ਵੀਡੀਓ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਸੰਦੀਪ ਬੀਏ ਸੈਕਿੰਡ ਈਅਰ 'ਚ ਪੜ੍ਹਦਾ ਹੈ ਤੇ ਪੂਰਬੀ ਦਿੱਲੀ ਦੇ ਮੰਡਾਵਲੀ 'ਚ ਛੇਵੀਂ ਤੋਂ ਨੌਵੀਂ ਜਮਾਤ ਤਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਟਿਊਸ਼ਨ ਵੀ ਦਿੰਦਾ ਹੈ। ਡਿਪਟੀ ਪੁਲਿਸ ਕਮਿਸ਼ਨਰ ਦੀਪਕ ਯਾਦਵ ਨੇ ਦੱਸਿਆ ਕਿ ਸਾਨੂੰ ਸੰਦੀਪ ਦੇ ਇੱਕ ਵਿਦਿਆਰਥੀ ਦੇ ਪਰਿਵਾਰ ਦਾ ਫੋਨ ਆਇਆ ਸੀ ਕਿ ਉਸ ਨੇ ਬੱਚਿਆਂ ਨੂੰ ਇੰਜੈਕਸ਼ਨ ਦਿੱਤਾ ਹੈ।
ਇਸ ਤੋਂ ਬਾਅਦ ਇਕ ਜਾਂਚ ਅਧਿਕਾਰੀ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਤੇ ਸੰਦੀਪ ਤੋਂ ਪੁੱਛਗਿਛ ਕੀਤੀ ਜਿਸ ਤੋਂ ਬਾਅਦ ਸੰਦੀਪ ਨੇ ਦੱਸਿਆ ਕਿ ਉਸ ਨੇ ਯੂਟਿਊਬ 'ਤੇ ਇਕ ਵੀਡੀਓ ਦੇਖਿਆ ਸੀ। ਜਿਸ 'ਚ ਮੈਮੋਰੀ ਵਧਾਉਣ ਲਈ ਐਨਐਸ ਸੌਲਿਊਸ਼ਨ ਦੇਣ ਬਾਰੇ ਦੱਸਿਆ ਗਿਆ ਸੀ। ਉਸ ਨੂੰ ਦੇਖ ਕੇ ਉਸ ਨੇ ਅਜਿਹਾ ਕੀਤਾ ਤੇ ਬੱਚਿਆਂ ਦੀ ਯਾਦਾਸ਼ਤ ਵਧਾਉਣ ਲਈ ਇਹ ਕਦਮ ਚੁੱਕਿਆ।
ਐਤਵਾਰ ਇਕ ਬੱਚਾ ਇੰਜੈਕਸ਼ਨ ਆਪਣੇ ਘਰ ਲੈ ਗਿਆ ਤੇ ਆਪਣੇ ਪਰਿਵਾਰ ਨੂੰ ਇਸ ਬਾਰੇ ਸਾਰਾ ਕੁਝ ਦੱਸ ਦਿੱਤਾ। ਜਿਸ ਤੋਂ ਬਾਅਦ ਹੰਗਾਮਾ ਮੱਚ ਗਿਆ। ਕੁਝ ਲੋਕਾਂ ਦਾ ਇਲਜ਼ਾਮ ਹੈ ਕਿ ਉਹ ਬੱਚਿਆਂ ਨੂੰ ਨਸ਼ੇ ਦੀ ਆਦਤ ਲਈ ਇੰਜੈਕਸ਼ਨ ਲਾ ਰਿਹਾ ਸੀ।
10 ਤੋਂ 12 ਬੱਚਿਆਂ ਨੂੰ ਲਾ ਚੁੱਕਾ ਇੰਜੈਕਸ਼ਨ
ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਉਹ 10 ਤੋਂ 12 ਬੱਚਿਆਂ ਨੂੰ ਇੰਜੈਕਸ਼ਨ ਲਾ ਚੁੱਕਾ ਹੈ। ਉੱਥੇ ਹੀ ਪੁਲਿਸ ਨੇ ਦੱਸਿਆ ਕਿ ਸਾਰੇ ਬੱਚੇ ਸੁਰੱਖਿਅਤ ਹਨ। ਮਾਮਲੇ 'ਚ ਐਫਆਈਆਰ ਦਰਜ ਕਰ ਲਈ ਗਈ ਹੈ। ਹਾਲਾਂਕਿ ਅਜੇ ਗ੍ਰਿਫ਼ਤਾਰੀ ਨਹੀਂ ਹੋਈ। ਪੁਲਿਸ ਮੁਤਾਬਕ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।