(Source: ECI/ABP News)
ਕੇਂਦਰੀ ਖੇਤੀਬਾੜੀ ਮੰਤਰਾਲੇ ਨੇ ਚੁੱਕਿਆ ਵੱਡਾ ਕਦਮ, ਪਤੰਜਲੀ ਸਣੇ ਤਿੰਨ ਹੋਰ ਸੰਸਥਾਵਾਂ ਨਾਲ ਸਮਝੌਤਾ
ਪਤੰਜਲੀ ਤੋਂ ਇਲਾਵਾ ਤਿੰਨ ਹੋਰ ਕੰਪਨੀਆਂ ਤੇ ਸੰਸਥਾਵਾਂ ਜਿਨ੍ਹਾਂ ਨਾਲ ਸਮਝੌਤਾ ਹੋਇਆ ਹੈ, ਵਿੱਚ ਬਹੁ-ਰਾਸ਼ਟਰੀ ਕੰਪਨੀ ਐਮਾਜ਼ੋਨ ਵੈੱਬ ਸਰਵਿਸਿਜ਼, ਈਐਸਆਰਆਈ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਐਗਰੀ ਬਾਜ਼ਾਰ ਇੰਡੀਆ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ।

ਨਵੀਂ ਦਿੱਲੀ: ਬੇਸ਼ੱਕ ਦਿੱਲੀ ਦੀਆਂ ਸਰਹੱਦਾਂ ਉੱਪਰ ਖੇਤੀ ਕਾਨੂੰਨਾਂ ਖਿਲਾਫ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਸੁਧਾਰਾਂ ਦੀ ਦਿਸ਼ਾ ਵਿੱਚ ਲਗਾਤਾਰ ਨਵੇਂ ਕਦਮ ਪੁੱਟ ਰਹੀ ਹੈ। ਇਸੇ ਤਹਿਤ ਖੇਤੀਬਾੜੀ ਮੰਤਰਾਲੇ ਨੇ ਚਾਰ ਪ੍ਰਾਈਵੇਟ ਸੰਸਥਾਵਾਂ ਨਾਲ ਸਮਝੌਤਾ ਕੀਤਾ ਹੈ। ਇਨ੍ਹਾਂ 'ਚ ਬਾਬਾ ਰਾਮਦੇਵ ਨਾਲ ਜੁੜੀ ਸੰਸਥਾ ਪਤੰਜਲੀ ਜੈਵ ਇੰਸਟੀਚਿਊਟ ਸ਼ਾਮਲ ਹੈ। ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਲਈ ਡਿਜ਼ੀਟਲ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਤੇ ਖੇਤੀ ਸੈਕਟਰ ਦੇ ਪ੍ਰਬੰਧਨ ਵਿੱਚ ਟੈਕਨੋਲਾਜੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਸਮਝੌਤੇ ਕੀਤੇ ਗਏ ਹਨ।
ਪਤੰਜਲੀ ਤੋਂ ਇਲਾਵਾ ਤਿੰਨ ਹੋਰ ਕੰਪਨੀਆਂ ਤੇ ਸੰਸਥਾਵਾਂ ਜਿਨ੍ਹਾਂ ਨਾਲ ਸਮਝੌਤਾ ਹੋਇਆ ਹੈ, ਵਿੱਚ ਬਹੁ-ਰਾਸ਼ਟਰੀ ਕੰਪਨੀ ਐਮਾਜ਼ੋਨ ਵੈੱਬ ਸਰਵਿਸਿਜ਼, ਈਐਸਆਰਆਈ ਇੰਡੀਆ ਪ੍ਰਾਈਵੇਟ ਲਿਮਟਿਡ ਤੇ ਐਗਰੀ ਬਾਜ਼ਾਰ ਇੰਡੀਆ ਪ੍ਰਾਈਵੇਟ ਲਿਮਟਿਡ ਸ਼ਾਮਲ ਹਨ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਹਾਜ਼ਰੀ ਵਿੱਚ ਇਨ੍ਹਾਂ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਸਮਝੌਤਾ ਹੋਇਆ। ਇਹ ਅਦਾਰਿਆਂ ਨਾਲ ਇੱਕ ਸਾਲ ਲਈ ਸਮਝੌਤਾ ਕੀਤਾ ਗਿਆ ਹੈ। ਇਸ ਦਾ ਉਦੇਸ਼ ਕਿਸਾਨਾਂ ਲਈ ਡਾਟਾਬੇਸ ਦੀ ਵਰਤੋਂ ਕਰਕੇ ਪਾਇਲਟ ਪ੍ਰਾਜੈਕਟ ਸ਼ੁਰੂ ਕਰਨਾ ਹੈ।
ਦੇਸ਼ ਦੇ ਤਿੰਨ ਜ਼ਿਲ੍ਹਿਆਂ 'ਚ ਖੇਤੀਬਾੜੀ ਪ੍ਰਬੰਧਨ ਤੇ ਕਿਸਾਨ ਸੇਵਾ ਦੇ ਖੇਤਰ 'ਚ ਕੰਮ ਕਰਨ ਲਈ ਪਤੰਜਲੀ ਬਾਇਓਸਰਚ ਇੰਸਟੀਚਿਊਟ ਨਾਲ ਇੱਕ ਸਮਝੌਤਾ ਹਸਤਾਖਰ ਹੋਇਆ ਹੈ। ਇਨ੍ਹਾਂ 'ਚ ਉੱਤਰਾਖੰਡ ਦਾ ਹਰਿਦੁਆਰ, ਉੱਤਰ ਪ੍ਰਦੇਸ਼ ਦਾ ਹਮੀਰਪੁਰ ਤੇ ਮੱਧ ਪ੍ਰਦੇਸ਼ ਦਾ ਮੋਰੈਨਾ ਜ਼ਿਲ੍ਹਾ ਸ਼ਾਮਲ ਹੈ। ਉੱਥੇ ਹੀ ਖੇਤੀਬਾੜੀ ਬਾਜ਼ਾਰ ਤੇ ਵੈਲਿਊ ਚੇਨ ਵਿੱਚ ਡਿਜ਼ੀਟਲ ਸੇਵਾਵਾਂ ਤੇ ਪ੍ਰਣਾਲੀਆਂ ਬਣਾਉਣ ਲਈ ਐਮਾਜ਼ੋਨ ਵੈਬ ਸੇਵਾਵਾਂ ਨਾਲ ਇੱਕ ਸਮਝੌਤਾ ਹੋਇਆ ਹੈ।
ਇਸ ਮੌਕੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਆਤਮ ਨਿਰਭਰ ਤੇ ਡਿਜ਼ੀਟਲ ਭਾਰਤ ਦਾ ਸੁਪਨਾ ਸਿਰਫ਼ ਖੇਤੀਬਾੜੀ ਸੈਕਟਰ ਨੂੰ ਨਾਲ ਲੈ ਕੇ ਹੀ ਸਾਕਾਰ ਕੀਤਾ ਜਾਵੇਗਾ।
5 ਕਰੋੜ ਕਿਸਾਨਾਂ ਦਾ ਡਾਟਾਬੇਸ ਤਿਆਰ
ਖੇਤੀਬਾੜੀ 'ਚ ਡਿਜੀਟਲਾਈਜ਼ੇਸ਼ਨ ਦੀ ਮਹੱਤਤਾ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਮੰਤਰਾਲਾ ਏਕੀਕ੍ਰਿਤ ਕਿਸਾਨੀ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ। ਇਸ ਡਾਟਾਬੇਸ ਰਾਹੀਂ ਵੱਖੋ-ਵੱਖਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਖੇਤੀ ਸੈਕਟਰ ਲਈ ਇਕ ਡਿਜ਼ੀਟਲ ਈਕੋ-ਸਿਸਟਮ ਬਣਾਈ ਜਾ ਸਕੇ।
ਇਸ ਡਾਟਾਬੇਸ ਨੂੰ ਦੇਸ਼ ਭਰ ਦੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਨਾਲ ਜੋੜਨ ਦੀ ਯੋਜਨਾ ਹੈ ਤਾਂ ਜੋ ਕਿਸਾਨਾਂ ਨੂੰ ਵਿਲੱਖਣ ਕਿਸਾਨੀ ਆਈਡੀ ਜਾਰੀ ਕੀਤੀ ਜਾ ਸਕੇ। ਹੁਣ ਤਕ ਲਗਪਗ 5 ਕਰੋੜ ਕਿਸਾਨਾਂ ਦੇ ਵੇਰਵਿਆਂ ਦਾ ਡਾਟਾਬੇਸ ਤਿਆਰ ਕੀਤਾ ਗਿਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
