(Source: ECI/ABP News/ABP Majha)
ਜੰਮੂ-ਕਸ਼ਮੀਰ ਬਾਰੇ ਅਮਿਤ ਸ਼ਾਹ ਦੀ ਪ੍ਰਧਾਨਗੀ 'ਚ ਅਹਿਮ ਬੈਠਕ, ਆਰਮੀ ਚੀਫ਼, ਲੈਫਟੀਨੈਂਟ ਗਵਰਨਰ ਤੇ NSA ਰਹੇ ਮੌਜੂਦ
ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਲਗਾਤਾਰ ਕਈ ਯੋਜਨਾਵਾਂ ਨੂੰ ਇਸ ਮੁਕਾਮ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ।
MHA Meeting on Jammu and Kashmir: ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਲਗਾਤਾਰ ਕਈ ਯੋਜਨਾਵਾਂ ਨੂੰ ਇਸ ਮੁਕਾਮ 'ਤੇ ਲਿਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਦੂਜੇ ਪਾਸੇ ਅੱਤਵਾਦੀ ਘਟਨਾਵਾਂ ਲਗਾਤਾਰ ਜਾਰੀ ਹਨ। ਇਸ ਦੌਰਾਨ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਵੱਲੋਂ ਮੀਟਿੰਗ ਬੁਲਾਈ ਗਈ ਜਿਸ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਉਪ ਰਾਜਪਾਲ ਤੇ ਐਨਐਸਏ ਵੀ ਰਹੇ ਮੌਜੂਦ
ਦੱਸਿਆ ਗਿਆ ਕਿ ਦਿੱਲੀ 'ਚ ਬੁਲਾਈ ਗਈ ਇਸ ਬੈਠਕ 'ਚ ਜੰਮੂ-ਕਸ਼ਮੀਰ 'ਚ ਵਿਕਾਸ ਕਾਰਜਾਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿੱਚ ਗ੍ਰਹਿ ਮੰਤਰਾਲੇ ਦੇ ਉੱਚ ਅਧਿਕਾਰੀ, ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ, ਚੀਫ ਸੈਕਟਰੀ, ਚੀਫ਼ ਆਫ ਆਰਮੀ ਸਟਾਫ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਾਮਲ ਹੋਏ। ਬੈਠਕ 'ਚ ਜੰਮੂ-ਕਸ਼ਮੀਰ ਦੇ ਮੌਜੂਦਾ ਹਾਲਾਤ 'ਤੇ ਵੀ ਚਰਚਾ ਕੀਤੀ ਗਈ।
ਅੱਤਵਾਦੀ ਲਗਾਤਾਰ ਕਰ ਰਹੇ ਹਨ ਹਮਲੇ
ਦੱਸ ਦੇਈਏ ਕਿ ਕੇਂਦਰ ਸਰਕਾਰ ਵੱਲੋਂ ਭਾਵੇਂ ਕਸ਼ਮੀਰ ਵਿੱਚ ਵਿਕਾਸ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਇੱਥੇ ਅੱਤਵਾਦੀ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਜੰਮੂ-ਕਸ਼ਮੀਰ 'ਚ ਹਰ ਰੋਜ਼ ਗੋਲੀਬਾਰੀ ਦੀਆਂ ਖਬਰਾਂ ਆ ਰਹੀਆਂ ਹਨ।
ਅੱਜ ਯਾਨੀ 18 ਫਰਵਰੀ ਨੂੰ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਖਵਾਜਾ ਬਾਜ਼ਾਰ ਇਲਾਕੇ 'ਚ ਪੁਲਿਸ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗ੍ਰਨੇਡ ਦਾਗਿਆ, ਜਿਸ 'ਚ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ। ਅਧਿਕਾਰੀਆਂ ਮੁਤਾਬਕ ਅੱਤਵਾਦੀਆਂ ਨੇ ਨੌਹੱਟਾ ਖੇਤਰ ਦੇ ਖਵਾਜਾ ਬਾਜ਼ਾਰ 'ਚ ਤਾਇਨਾਤ ਪੁਲਸ ਕਰਮਚਾਰੀਆਂ 'ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਸ ਤੋਂ ਬਾਅਦ ਅੱਤਵਾਦੀਆਂ ਦੀ ਤਲਾਸ਼ ਜਾਰੀ ਹੈ।
ਇਸ ਤੋਂ ਪਹਿਲਾਂ ਵੀਰਵਾਰ 17 ਫਰਵਰੀ ਨੂੰ ਵੀ ਅੱਤਵਾਦੀਆਂ ਨੇ ਸੀਆਰਪੀਐਫ ਦੀ ਗੱਡੀ 'ਤੇ ਹਮਲਾ ਕੀਤਾ ਸੀ। ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਵਾਹਨ 'ਤੇ ਗ੍ਰਨੇਡ ਸੁੱਟਿਆ ਪਰ ਕੋਈ ਜਵਾਨ ਜ਼ਖ਼ਮੀ ਨਹੀਂ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਸ਼ਾਮ ਕਰੀਬ 7.30 ਵਜੇ ਸ਼ੋਪੀਆਂ ਦੇ ਕੀਗਾਮ 'ਚ ਵਾਹਨ 'ਤੇ ਗ੍ਰਨੇਡ ਸੁੱਟਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਵਾਹਨ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।