ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਦੇ ਨਾਂ 'ਤੇ ਮੋਹਰ
ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਹੋਣਗੇ। ਦੇਹਰਾਦੂਨ ਵਿੱਚ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਤੀਰਥ ਸਿੰਘ ਰਾਵਤ ਦੇ ਨਾਂ ਉੱਪਰ ਮੋਹਰ ਲੱਗੀ ਹੈ। ਤੀਰਥ ਸਿੰਘ ਰਾਵਤ ਪੌੜੀ ਤੋਂ ਸੰਸਦ ਮੈਂਬਰ ਹਨ।
ਦੇਹਰਾਦੂਨ: ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਹੋਣਗੇ। ਦੇਹਰਾਦੂਨ ਵਿੱਚ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਤੀਰਥ ਸਿੰਘ ਰਾਵਤ ਦੇ ਨਾਂ ਉੱਪਰ ਮੋਹਰ ਲੱਗੀ ਹੈ। ਤੀਰਥ ਸਿੰਘ ਰਾਵਤ ਪੌੜੀ ਤੋਂ ਸੰਸਦ ਮੈਂਬਰ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ’ਚ ਕੈਬਨਿਟ ਮੰਤਰੀ ਮਦਨ ਕੌਸ਼ਿਕ ਤੇ ਧਨ ਸਿੰਘ ਰਾਵਤ ਦੇ ਨਾਂ ਦੀ ਵੀ ਚਰਚਾ ਸੀ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਸਿਆਸੀ ਖਿੱਚੋਤਾਣ ਦਰਮਿਆਨ ਮੰਗਲਵਾਰ ਨੂੰ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।
ਪਾਰਟੀ ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਭਾਜਪਾ ਵਿਧਾਇਕ ਦਲ ਵਿੱਚ ਜਾਰੀ ਅਸ਼ਾਂਤੀ ਦੇ ਮੱਦੇਨਜ਼ਰ ਕੇਂਦਰੀ ਪਾਰਟੀ ਲੀਡਰਸ਼ਿਪ ਦੀਆਂ ਹਦਾਇਤਾਂ ’ਤੇ ਰਾਵਤ ਨੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ।
ਪਾਰਟੀ ਅੰਦਰ ਇਸ ਗੱਲ ਨੂੰ ਲੈ ਕੇ ਗੁੱਸਾ ਸੀ ਕਿ ਸੂਬੇ ਵਿੱਚ ਅਫ਼ਸਰਸ਼ਾਹੀ ਵਧੇਰੇ ਤਾਕਤਵਾਰ ਹੋਣ ਲੱਗੀ ਸੀ ਤੇ ਚੁਣੇ ਹੋਏ ਨੁਮਾਇੰਦਿਆਂ ਦੀ ਆਵਾਜ਼ ਅਣਸੁਣੀ ਕੀਤੀ ਜਾ ਰਹੀ ਸੀ। ਅਜਿਹੀਆਂ ਰਿਪੋਰਟਾਂ ਸਨ ਕਿ ਉੱਤਰਾਖੰਡ ’ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਤ੍ਰਿਵੇਂਦਰ ਰਾਵਤ ਨੂੰ ਭਾਜਪਾ ਦਾ ਚਿਹਰਾ ਮੋਹਰਾ ਦੱਸ ਕੇ ਜਿੱਤਣੀਆਂ ਮੁਸ਼ਕਲ ਲੱਗ ਰਹੀਆਂ ਸਨ। ਸਾਲ 2017 ਵਿੱਚ ਭਾਜਪਾ ਨੂੰ ਮਿਲੀ ਜਿੱਤ ਮਗਰੋਂ ਰਾਵਤ ਨੂੰ ਪਹਾੜੀ ਰਾਜ ਦਾ ਮੁੱਖ ਮੰਤਰੀ ਬਣਾਇਆ ਗਿਆ ਸੀ।