ਕੌਣ ਹੋਵੇਗਾ ਕਾਂਗਰਸ ਦਾ ਨਵਾਂ ਕੌਮੀ ਪ੍ਰਧਾਨ? ਸੋਨੀਆ ਗਾਂਧੀ, ਰਾਹੁਲ ਜਾਂ ਕੋਈ ਹੋਰ, 23 ਜੂਨ ਨੂੰ ਫ਼ੈਸਲਾ
ਕਾਂਗਰਸ ਪਾਰਟੀ ਦਾ ਅਗਲਾ ਕੌਮੀ ਪ੍ਰਧਾਨ ਕੌਣ ਹੋਵੇਗਾ? ਕੀ ਇੱਕ ਵਾਰ ਫਿਰ ਨਹਿਰੂ-ਗਾਂਧੀ ਪਰਿਵਾਰ ਦਾ ਹੀ ਕੋਈ ਮੈਂਬਰ ਪਾਰਟੀ ਦੀ ਕਮਾਂਡ ਸੰਭਾਲੇਗਾ ਜਾਂ ਫਿਰ ਇਸ ਪਰਿਵਾਰ ਤੋਂ ਇਲਾਵਾ ਕੋਈ ਹੋਰ ਆਗੂ ਇਸ ਦੀ ਵਾਗਡੋਰ ਸੰਭਾਲੇਗਾ?
ਨਵੀਂ ਦਿੱਲੀ: ਕਾਂਗਰਸ ਪਾਰਟੀ ਦਾ ਅਗਲਾ ਕੌਮੀ ਪ੍ਰਧਾਨ ਕੌਣ ਹੋਵੇਗਾ? ਕੀ ਇੱਕ ਵਾਰ ਫਿਰ ਨਹਿਰੂ-ਗਾਂਧੀ ਪਰਿਵਾਰ ਦਾ ਹੀ ਕੋਈ ਮੈਂਬਰ ਪਾਰਟੀ ਦੀ ਕਮਾਂਡ ਸੰਭਾਲੇਗਾ ਜਾਂ ਫਿਰ ਇਸ ਪਰਿਵਾਰ ਤੋਂ ਇਲਾਵਾ ਕੋਈ ਹੋਰ ਆਗੂ ਇਸ ਦੀ ਵਾਗਡੋਰ ਸੰਭਾਲੇਗਾ? ਇਸ ਸਬੰਧੀ ਫ਼ੈਸਲੇ ਲਈ ਸੋਮਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਸੰਗਠਨ ਦੀਆਂ ਅੰਦਰੂਨੀ ਚੋਣਾਂ ਕਰਵਾਉਣ ਬਾਰੇ ਫ਼ੈਸਲਾ ਲੈ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਆਉਂਦੀ 23 ਜੂਨ ਨੂੰ ਕਾਂਗਰਸ ਦਾ ਪ੍ਰਧਾਨ ਚੁਣਨ ਲਈ ਸੰਗਠਨਾਤਮਕ ਚੋਣ ਕਰਵਾਈ ਜਾਵੇਗੀ। ਇਸ ਦੌਰਾਨ ਸੁਆਲ ਇਹ ਵੀ ਪੈਦਾ ਹੁੰਦਾ ਹੈ ਕਿ ਇਸ ਚੋਣ ਵਿੱਚ ਵੀ ਪਹਿਲਾਂ ਵਾਂਗ ਨਹਿਰੂ-ਗਾਂਧੀ ਪਰਿਵਾਰ ਦੇ ਮੈਂਬਰ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਵਿਰੁੱਧ ਪਾਰਟੀ ਦਾ ਦੂਜਾ ਨੇਤਾ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਦਾਖ਼ਲ ਕਰੇਗਾ ਵੀ ਜਾਂ ਨਹੀਂ ਜਾਂ ਇਸ ਵਾਰ ਵੀ ਇਨ੍ਹਾਂ ਵਿੱਚੋਂ ਹੀ ਕਿਸੇ ਇੱਕ ਨੂੰ ਬਿਨਾ ਵਿਰੋਧ ਪਾਰਟੀ ਦਾ ਪ੍ਰਧਾਨ ਚੁਣ ਲਿਆ ਜਾਵੇਗਾ।
ਸਿਆਸੀ ਵਿਸ਼ਲੇਸ਼ਕਾਂ ਵੱਲੋਂ ਅਜਿਹੀਆਂ ਕਿਆਸਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ ਕਿ ਇਸ ਵਾਰ ਵੀ ਜੱਥੇਬੰਦਕ ਚੋਣਾਂ ਵਿੱਚ ਨਹਿਰੂ-ਗਾਂਧੀ ਪਰਿਵਾਰ ਤੋਂ ਇਲਾਵਾ ਪਾਰਟੀ ਦਾ ਕੋਈ ਹੋਰ ਆਗੂ ਪ੍ਰਧਾਨਗੀ ਦੇ ਅਹੁਦੇ ਲਈ ਨਾਮਜ਼ਦਗੀ ਨਹੀਂ ਭਰ ਸਕੇਗਾ। ਇਹ ਗੱਲ ਵੱਖਰੀ ਹੈ ਕਿ ਪਾਰਟੀ ਦੇ ਕੁਝ ਅਸੰਤੁਸ਼ਟ ਆਗੂ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਸੰਗਠਨ ’ਚ ਫੇਰ-ਬਦਲ ਕਰਨ ਦੀ ਮੰਗ ਕਰਦੇ ਆਏ ਹਨ ਪਰ ਅਸਲ ਮੋਰਚੇ ਉੱਤੇ ਕੋਈ ਵੀ ਖੁੱਲ੍ਹ ਕੇ ਮੁਕਾਬਲਾ ਨਹੀਂ ਕਰ ਪਾ ਰਿਹਾ।
ਗ਼ੌਰਤਲਬ ਹੈ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡ ਦਿੱਤਾ ਸੀ। ਫਿਰ ਪਾਰਟੀ ਦੇ ਕੁਝ ਸੈਨਾਪਤੀਆਂ ਨੇ ਉਨ੍ਹਾਂ ਨੂੰ ਕਈ ਵਾਰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦੋਬਾਰਾ ਕਾਗਰਸ ਪ੍ਰਧਾਨ ਬਣਨ ਲਈ ਤਿਆਰ ਨਹੀਂ ਹੋਏ।
ਇਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਕਾਂਗਰਸ ਦਾ ਅੰਤ੍ਰਿਮ ਪ੍ਰਧਾਨ ਬਣਾਇਆ ਗਿਆ। ਹਾਲੇ ਵੀ ਕਾਂਗਰਸ ਦੀ ਵਾਗਡੋਰ ਸੋਨੀਆ ਦੇ ਹੱਥਾਂ ਵਿੱਚ ਹੀ ਹੈ। ਅਜਿਹੇ ਹਾਲਾਤ ਵਿੱਚ ਇੱਕ ਵਾਰ ਫਿਰ ਉਹੀ ਸੁਆਲ ਮੁੜ ਖੜ੍ਹਾ ਹੋ ਰਿਹਾ ਹੈ ਕਿ ਕੀ ਰਾਹੁਲ ਗਾਂਧੀ ਹੁਣ ਇਹ ਅਹੁਦਾ ਅਪਨਾਉਣ ਲਈ ਤਿਆਰ ਹਨ ਜਾਂ ਨਹੀਂ?
ਇਸ ਤੋਂ ਪਹਿਲਾਂ ਹੀ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਵੀ ਇਹ ਮੁੱਦਾ ਉੱਠਿਆ ਸੀ, ਜਦੋਂ ਬਾਗ਼ੀ ਨੇਤਾਵਾਂ ਨੇ ਅੰਦਰੂਨੀ ਚੋਣਾਂ ਦੀ ਮੰਗ ਰੱਖੀ ਸੀ। ਹੁਣ ਸਭ ਤੋਂ ਵੱਡੇ ਧਰਮ ਸੰਕਟ ਵਿੱਚ ਸੋਨੀਆ ਗਾਂਧੀ ਫਸੇ ਹੋਏ ਹਨ। ਸੋਨੀਆ ਗਾਂਧੀ ਕਈ ਵਾਰ ਕਾਂਗਰਸ ਪ੍ਰਧਾਨ ਦੇ ਅਹੁਦੇ ਨੂੰ ਨਾ ਅਪਨਾਉਣ ਦੀ ਗੱਲ ਕਰ ਚੁੱਕੇ ਹਨ।
ਜਦੋਂ ਲੋਕ ਸਭਾ ਚੋਣਾਂ ਤੋਂ ਬਾਅਦ ਰਾਹੁਲ ਗਾਂਧੀ ਨੇ ਅਹੁਦੇ ਉੱਤੇ ਕਾਇਮ ਨਾ ਰਹਿਣ ਦਾ ਐਲਾਨ ਕੀਤਾ ਸੀ, ਤਾਂ ਸੋਨੀਆ ਗਾਂਧੀ ਕੋਲ ਖ਼ੁਦ ਵਾਗਡੋਰ ਸੰਭਾਲਣ ਤੋਂ ਇਲਾਵਾ ਹੋਰ ਕੋਈ ਦੂਜਾ ਰਾਹ ਵੀ ਨਹੀਂ ਸੀ। ਕਾਂਗਰਸ ਪਾਰਟੀ ਸਾਹਵੇਂ ਉਹੀ ਸੰਕਟ ਮੁੜ ਖੜ੍ਹਾ ਹੋ ਰਿਹਾ ਹੈ ਕਿ ਉਹ ਗਾਂਧੀ ਪਰਿਵਾਰ ਤੋਂ ਵੱਖਰੀ ਲੀਡਰਸ਼ਿਪ ਨੂੰ ਨਹੀਂ ਵੇਖ ਰਿਹਾ।