Wrestler Sushil Kumar: ਪਹਿਲਵਾਨ ਸੁਸ਼ੀਲ ਕੁਮਾਰ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਫਰਾਰ ਓਲੰਪਿਕ ਵਿਜੇਤਾ ਸੁਸ਼ੀਲ ਕੁਮਾਰ ਨੂੰ ਛਤਰਸਾਲ ਸਟੇਡੀਅਮ ਵਿਖੇ ਦੋ ਗਰੁੱਪਾਂ ਵਿਚਾਲੇ ਲੜਾਈ ਵਿਚ 23 ਸਾਲਾ ਸਾਗਰ ਰਾਣਾ ਦੇ ਕਤਲ ਮਾਮਲੇ 'ਚ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਸ਼ੀਲ ਕੁਮਾਰ 'ਤੇ ਪੁਲਿਸ ਨੇ ਇੱਕ ਲੱਖ ਦਾ ਇਨਾਮ ਰੱਖਿਆ ਸੀ।
ਨਵੀਂ ਦਿੱਲੀ: ਛਤਰਸਾਲ ਸਟੇਡੀਅਮ ਵਿਚ ਦੋ ਗਰੁੱਪਾਂ ਵਿਚਾਲੇ ਲੜਾਈ ਵਿਚ 23 ਸਾਲਾ ਪਹਿਲਵਾਨ ਸਾਗਰ ਰਾਣਾ ਦੀ ਹੱਤਿਆ ਤੋਂ ਬਾਅਦ ਫਰਾਰ ਚੱਲ ਰਹੇ ਓਲੰਪਿਕ ਵਿਜੇਤਾ ਸੁਸ਼ੀਲ ਕੁਮਾਰ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੁਸ਼ੀਲ ਕੁਮਾਰ 'ਤੇ ਪੁਲਿਸ ਨੇ ਇੱਕ ਲੱਖ ਦਾ ਇਨਾਮ ਰੱਖਿਆ ਸੀ। ਸੁਸ਼ੀਲ ਤੋਂ ਇਲਾਵਾ ਉਸ ਦੇ ਸਾਥੀ ਅਜੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਦਿੱਲੀ ਪੁਲਿਸ ਨੇ ਜਾਣਕਾਰੀ ਦਿੱਤੀ, “ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਕਰਮਬੀਰ ਅਤੇ ਏਸੀਪੀ ਅਤਰ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਸੈੱਲ ਨੇ ਸੁਸ਼ੀਲ ਕੁਮਾਰ ਅਤੇ ਅਜੈ ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਹੈ।” ਇਸ ਤੋਂ ਪਹਿਲਾਂ ਮੰਗਲਵਾਰ ਨੂੰ ਦਿੱਲੀ ਦੀ ਰੋਹਿਨੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਫਰਾਰ ਸੁਸ਼ੀਲ ਕੁਮਾਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸੁਸ਼ੀਲ ਦੇ ਨਾਲ ਫਰਾਰ ਚੱਲ ਰਹੇ ਅਜੈ 'ਤੇ ਵੀ ਪੁਲਿਸ ਨੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਪੁਲਿਸ ਨੇ ਦੋਵਾਂ ਖਿਲਾਫ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ।
ਕੀ ਹੈ ਮਾਮਲਾ?
ਇਲਜ਼ਾਮ ਹੈ ਕਿ ਸੁਸ਼ੀਲ ਕੁਮਾਰ ਅਤੇ ਕੁਝ ਹੋਰ ਪਹਿਲਵਾਨਾਂ ਨੇ 4 ਮਈ ਦੀ ਰਾਤ ਨੂੰ ਦਿੱਲੀ ਦੇ ਛਤਰਸਾਲ ਸਟੇਡੀਅਮ ਕੰਪਲੈਕਸ ਵਿਖੇ ਕਥਿਤ ਤੌਰ 'ਤੇ ਪਹਿਲਵਾਨ ਸਾਗਰ ਰਾਣਾ ਨੂੰ ਕੁੱਟਿਆ ਸੀ, ਜਿਸ ਵਿਚ ਮਗਰੋਂ ਉਸ ਦੀ ਮੌਤ ਹੋ ਗਈ। ਇਸ ਦੌਰਾਨ ਸਾਗਰ ਦੇ ਦੋਸਤ ਸੋਨੂੰ ਅਤੇ ਅਮਿਤ ਕੁਮਾਰ ਜ਼ਖ਼ਮੀ ਹੋ ਗਏ।
ਸੁਸ਼ੀਲ ਕੁਮਾਰ ਵਲੋਂ ਬਹਿਸ ਕਰਦਿਆਂ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਜਿਸ ਘਟਨਾ ਵਿਚ ਸੁਸ਼ੀਲ ਕੁਮਾਰ ਨੂੰ ਦੋਸ਼ੀ ਬਣਾਇਆ ਗਿਆ ਹੈ, ਉਸ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਹੈ, ਨਾ ਤਾਂ ਚਸ਼ਮਦੀਦ ਗਵਾਹਾਂ ਦਾ ਕੋਈ ਬਿਆਨ ਹੈ ਅਤੇ ਨਾ ਹੀ ਇਹ ਲਿਖਿਆ ਹੈ ਕਿ ਕਿਸਨੇ ਗੋਲੀ ਚਲਾਈ। ਵਕੀਲ ਨੇ ਕਿਹਾ ਕਿ ਚਲਾਈਆਂ ਗਈਆਂ ਸਾਰੀਆਂ ਗੋਲੀਆਂ ਹਵਾਈ ਫਾਇਰ ਸੀ ਅਤੇ ਜੇ ਗੋਲੀ ਨਾਲ ਮੌਤ ਨਹੀਂ ਹੋਈ, ਤਾਂ 302 ਦਾ ਕੇਸ ਕਿਵੇਂ ਬਣਾਇਆ ਗਿਆ?
ਇਹ ਵੀ ਪੜ੍ਹੋ: Weather Updates: ਅਸਮਾਨ 'ਚ ਚੜ੍ਹੀ ਧੂੜ, ਬਾਰਸ਼ ਦੀ ਸੰਭਾਵਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin