Wrestlers Protest: ਪਹਿਲਵਾਨਾਂ ਦੇ ਹੱਕ 'ਚ ਖਾਪ ਪੰਚਾਇਤਾਂ ਦੀ ਮਹਾਪੰਚਾਇਤ ਕਰਕੇ ਹਰਿਆਣਾ ਤੇ ਦਿੱਲੀ ਪੁਲਿਸ ਅਲਰਟ
Wrestlers Protest: ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਸਘੰਰਸ਼ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ।
Wrestlers Protest: ਦਿੱਲੀ ਦੇ ਜੰਤਰ-ਮੰਤਰ 'ਤੇ ਪਹਿਲਵਾਨਾਂ ਦਾ ਸਘੰਰਸ਼ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਪਹਿਲਵਾਨਾਂ ਦੇ ਇਸ ਧਰਨੇ ਨੂੰ ਗੈਰ-ਸਿਆਸੀ ਤੇ ਸਿਆਸੀ ਧਿਰਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ। ਅੱਜ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਐਲਾਨ ਤੋਂ ਬਾਅਦ ਕਿਸਾਨਾਂ ਦੇ ਨੁਮਾਇੰਦਿਆਂ ਨੇ ਜੰਤਰ-ਮੰਤਰ 'ਤੇ ਮਹਾਪੰਚਾਇਤ ਬੁਲਾਈ ਹੈ। ਇਸ ਕਾਰਨ ਹਰਿਆਣਾ ਤੇ ਦਿੱਲੀ ਪੁਲਿਸ ਅਲਰਟ ਮੋਡ ਵਿੱਚ ਨਜ਼ਰ ਆ ਰਹੀ ਹੈ।
ਹਾਸਲ ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਸੋਨੀਪਤ ਕੁੰਡਲੀ ਸਿੰਘੂ ਬਾਰਡਰ 'ਤੇ ਭਾਰੀ ਬੈਰੀਕੇਡਿੰਗ ਕੀਤੀ ਹੈ ਤੇ ਚੈਕਿੰਗ ਤੋਂ ਬਾਅਦ ਹੀ ਦਿੱਲੀ ਵਿੱਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਹਰਿਆਣਾ ਪੁਲਿਸ ਦੇ ਇੰਸਪੈਕਟਰ ਜੋਗਿੰਦਰ ਗਰੇਵਾਲ ਨੇ ਦੱਸਿਆ ਕਿ ਹਰਿਆਣਾ ਪੁਲਿਸ ਵੱਲੋਂ ਸਰਹੱਦ ’ਤੇ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੌਮੀ ਸ਼ਾਹਰਾਹ 44 ’ਤੇ ਸਥਿਤੀ ਨਾ ਵਿਗੜ ਜਾਵੇ। ਉਨ੍ਹਾਂ ਕਿਹਾ ਕਿ ਮਹਾਪੰਚਾਇਤ ਦੇ ਮੱਦੇਨਜ਼ਰ ਦਿੱਲੀ ਪੁਲਿਸ ਦਿੱਲੀ ਬਾਰਡਰ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸਾਨਾਂ ਤੇ ਖਾਪ ਨੁਮਾਇੰਦਿਆਂ ਵਿਚਕਾਰ ਵੜ ਕੇ ਦਿੱਲੀ ਦਾ ਮਾਹੌਲ ਖਰਾਬ ਨਾ ਕਰ ਸਕੇ।
ਪੰਜਾਬ ਤੋਂ ਪਹੁੰਚੀਆਂ ਕਿਸਾਨ ਬੀਬੀਆਂ ਰੋਕਾਂ ਤੋੜ ਕੇ ਅੱਗੇ ਵਧੀਆਂ
ਪਹਿਲਵਾਨਾਂ ਦਾ ਸੰਘਰਸ਼ ਵਿਸ਼ਾਲ ਰੂਪ ਧਾਰ ਗਿਆ ਹੈ ਜਿਸ ਨਾਲ ਕੇਂਦਰ ਦੇ ਨਾਲ ਹੀ ਹਰਿਆਣਾ ਸਰਕਾਰ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਅੱਜ ਪੰਜਾਬ ਵਿੱਚੋਂ ਕਿਸਾਨ ਬੀਬੀਆਂ ਦਾ ਵੱਡਾ ਜਥਾ ਦਿੱਲੀ ਪਹੁੰਚ ਗਿਆ ਹੈ। ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਇੱਕ ਵਾਰ ਫਿਰ ਕਿਸਾਨ ਤੇ ਦਿੱਲੀ ਪੁਲਿਸ ਆਹਮੋ-ਸਾਹਮਣੇ ਹੋ ਗਏ। ਦਿੱਲੀ ਪੁਲਿਸ ਨੇ ਕਿਸਾਨਾਂ ਦੇ ਵਾਹਨਾਂ ਦੇ ਨੰਬਰ ਨੋਟ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਕਿਸਾਨਾਂ ਤੇ ਪੁਲਿਸ ਵਿਚਾਲੇ ਆਹਮੋ-ਸਾਹਮਣੇ ਹੋਣ ਕਾਰਨ ਕਾਫੀ ਦੇਰ ਤਕ ਤਣਾਅ ਵਾਲੀ ਸਥਿਤੀ ਬਣੀ ਰਹੀ।
ਦਿੱਲੀ ਪੁਲਿਸ ਨੇ ਟਿੱਕਰੀ ਬਾਰਡਰ 'ਤੇ ਮਹਿਲਾ ਪਹਿਲਵਾਨਾਂ ਦੇ ਸਮਰਥਨ 'ਚ ਜੰਤਰ-ਮੰਤਰ ਲਈ ਨਿਕਲੇ ਕਿਸਾਨਾਂ ਦੇ ਜਥੇ ਨੂੰ ਰੋਕ ਲਿਆ ਪਰ ਮਹਿਲਾ ਕਿਸਾਨ ਦਿੱਲੀ ਪੁਲਿਸ ਦੀਆਂ ਰੋਕਾਂ ਨੂੰ ਤੋੜ ਕੇ ਪੈਦਲ ਹੀ ਅੱਗੇ ਵਧ ਗਈਆਂ। ਮਹਿਲਾ ਕਿਸਾਨਾਂ ਨੇ ਐਮਸੀਡੀ ਦੇ ਵਪਾਰਕ ਟੋਲ ਪਲਾਜ਼ਾ 'ਤੇ ਜਾ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਰੋਡ ਜਾਮ ਕਰ ਦਿੱਤਾ। ਇਸ ਤੋਂ ਬਾਅਦ ਦਿੱਲੀ ਪੁਲਿਸ ਦੇ ਹੱਥ-ਪੈਰ ਫੁੱਲ ਗਏ ਤੇ ਕਾਹਲੀ ਵਿੱਚ ਮਹਿਲਾ ਕਿਸਾਨਾਂ ਦੇ ਜਥੇ ਨੂੰ ਅੱਗੇ ਜਾਣ ਦੀ ਇਜਾਜ਼ਤ ਦੇ ਦਿੱਤੀ।