ਪੰਜਾਬ ਦੇ ਨਵੇਂ ਮੰਤਰੀਆਂ ਦੀ ਸੂਚੀ ਤਿਆਰ, ਸੋਨੀਆ ਦੀ ਅੱਜ ਲੱਗੇਗੀ ਮੋਹਰ!
ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਨਵੀਂ ਕੈਬਨਿਟ ਦੀ ਸੂਚੀ ਦਿੱਲੀ ਵਿੱਚ ਤਿਆਰ ਹੋ ਰਹੀ ਹੈ। ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚਾਰ ਤੋਂ ਪੰਜ ਮੰਤਰੀ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ।
ਚੰਡੀਗੜ੍ਹ: ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਨਵੀਂ ਕੈਬਨਿਟ ਦੀ ਸੂਚੀ ਦਿੱਲੀ ਵਿੱਚ ਤਿਆਰ ਹੋ ਰਹੀ ਹੈ। ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚਾਰ ਤੋਂ ਪੰਜ ਮੰਤਰੀ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਪਰਗਟ ਸਿੰਘ ਸਣੇ 5-6 ਨਵੇਂ ਚਿਹਰੇ ਵਜ਼ਾਰਤ ਵਿੱਚ ਸ਼ਾਮਲ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਕੈਬਨਿਟ ਮੰਤਰੀਆਂ ਦੀ ਸੂਚੀ ਹਾਈਕਮਾਨ ਨੂੰ ਸੌਂਪ ਦਿੱਤੀ ਹੈ। ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਇਸ ਬਾਰੇ ਅੰਤਮ ਫੈਸਲਾ ਲੈਣਗੇ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸੌਂਪੀ ਸੂਚੀ ਵਿੱਚੋਂ ਕੈਪਟਨ ਧੜੇ ਦੇ 4-5 ਮੰਤਰੀ ਬਾਹਰ ਕੀਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸਾਫ ਅਕਸ ਵਾਲੇ ਨਵੇਂ ਚਿਹਰੇ ਸਾਹਮਣੇ ਲਿਆਂਦੇ ਗਏ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵਜ਼ਾਰਤ ਬਾਰੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਸਲਾਹ ਮਸ਼ਵਰੇ ਮਗਰੋਂ ਸੂਚੀ ਤਿਆਰ ਕੀਤੀ ਹੈ। ਦੂਜੇ ਪਾਸੇ ਮੰਤਰਾਲਾ ਖੋਹਣ ਦੇ ਡਰੋਂ ਕੈਪਟਨ ਧੜੇ ਦੇ ਲੀਡਰ ਵੀ ਦਿੱਲੀ ਵਿੱਚ ਡਟੇ ਹੋਏ ਹਨ। ਇਸ ਲਈ ਤੈਅ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਸੌਂਪੀ ਸੂਚੀ ਵਿੱਚ ਵੀ ਫੇਰ-ਬਦਲ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਤੇ ਰਾਜ ਕੁਮਾਰ ਵੇਰਕਾ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਰਾਜਾ ਵੜਿੰਗ, ਸੁਰਜੀਤ ਧੀਮਾਨ ਤੇ ਸੰਗਤ ਸਿੰਘ ਗਿਲਜੀਆਂ ਦੇ ਨਾਂ ਵੀ ਚਰਚਾ ਵਿੱਚ ਹਨ। ਬ੍ਰਹਮ ਮਹਿੰਦਰਾ ਤੋਂ ਮੰਤਰਾਲਾ ਖੁਸ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਸਪੀਕਰ ਬਣਾਏ ਜਾਣ ਦੇ ਚਰਚੇ ਹਨ।