ਮਨੀਸ਼ ਤਿਵਾੜੀ ਨੇ ਪਾਇਆ ਕਾਂਗਰਸ ਦੀ ਲੜਾਈ 'ਤੇ ਪਰਦਾ, ਬੋਲੇ ਕੋਈ ਝਗੜਾ ਨਹੀਂ, ਕੈਪਟਨ ਨੇ ਲਾਏ ਦਿੱਲੀ ਡੇਰੇ
ਕਾਂਗਰਸ ਦੀ ਪੰਜਾਬ ਇਕਾਈ ’ਚ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ ਨੂੰ ਦੂਰ ਕਰਨ ਦੇ ਮੰਤਵ ਨਾਲ ਗਠਤ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਤਿਵਾਰੀ ਨੇ ਕਿਹਾ ਕਿ ਸੂਬੇ ’ਚ ਪਾਰਟੀ ਅੰਦਰ ਕੋਈ ਝਗੜਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ।
ਨਵੀਂ ਦਿੱਲੀ: ਕਾਂਗਰਸ ਦੀ ਪੰਜਾਬ ਇਕਾਈ ’ਚ ਚੱਲ ਰਹੇ ਅੰਦਰੂਨੀ ਕਾਟੋ-ਕਲੇਸ਼ ਨੂੰ ਦੂਰ ਕਰਨ ਦੇ ਮੰਤਵ ਨਾਲ ਗਠਤ ਕਮੇਟੀ ਨਾਲ ਮੁਲਾਕਾਤ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਤਿਵਾਰੀ ਨੇ ਕਿਹਾ ਕਿ ਸੂਬੇ ’ਚ ਪਾਰਟੀ ਅੰਦਰ ਕੋਈ ਝਗੜਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਤੇ ਰਣਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਉੱਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਤਿੰਨ ਮੈਂਬਰੀ ਪੈਨਲ ਨਾਲ ਮੁਲਾਕਾਤ ਕਰਨਗੇ।
ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਪ੍ਰਧਾਨਗੀ ਹੇਠਲੇ ਪੈਨਲ ਸਾਹਮਣੇ ਪੇਸ਼ ਹੋਣ ਤੋਂ ਬਾਅਦ ਤਿਵਾਰੀ ਨੇ ਕਿਹਾ ਪੰਜਾਬ ਕਾਂਗਰਸ ਵਿੱਚ ਕੋਈ ਝਗੜਾ ਨਹੀਂ। ਜਿੱਥੋਂ ਤੱਕ ਕਮੇਟੀ ਨਾਲ ਗੱਲਬਾਤ ਦਾ ਸੁਆਲ ਹੈ, ਤਾਂ ਉਹ ਗੁਪਤ ਹੈ। ਜੋ ਵੀ ਉਨ੍ਹਾਂ ਪੁੱਛਿਆ, ਮੈਂ ਉਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਦਿੱਤੇ।
ਤਿਵਾੜੀ ਨੇ ਅੱਗੇ ਕਿਹਾ ਕਿ ਇਹ ਪਾਰਟੀਦੀ ਰੀਤ ਤੇ ਪਰੰਪਰਾ ਰਹੀ ਹੈ ਕਿ ਜਿਹੜੇ ਰਾਜ ਵਿੱਚ ਚੋਣਾਂ ਹੋਣ ਵਾਲੀਆਂ ਹਨ, ਉੱਥੇ ਕੀ ਰਣਨੀਤੀ ਹੋਣੀ ਚਾਹੀਦੀ ਹੈ ਤੇ ਕਿਹੜੇ ਮੁੱਦੇ ਹੋਣੇ ਚੀਦੇ ਹਨ, ਜਨਤਾ ਸਾਹਮਣੇ ਕਿਹੜੀਆਂ ਗੱਲਾਂ ਰੱਖਣੀਆਂ ਚਾਹੀਦੀਆਂ ਹਨ, ਉਨ੍ਹਾਂ ਬਾਰੇ ਪੂਰੀ ਤਰ੍ਹਾਂ ਨਿੱਠ ਕੇ ਵਿਚਾਰ-ਚਰਚਾ ਹੁੰਦੀ ਹੈ। ਇਹ ਪਹਿਲੀ ਤੇ ਆਖ਼ਰੀ ਵਾਰ ਨਹੀਂ ਹੋ ਰਿਹਾ।
ਇਸ ਕਮੇਟੀ ਨੇ ਕੱਲ੍ਹ ਰਾਜ ਦੇ ਕਈ ਸੰਸਦ ਮੈਂਬਰਾਂ ਤੇ ਸਾਬਕਾ ਸੂਬਾ ਪ੍ਰਧਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀ ਰਾਇ ਲਈ ਸੀ। ਖੜਗੇ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਕਮੇਟੀ ਸਾਹਮਣੇ ਸੋਮਵਾਰ ਤੇ ਮੰਗਲਵਾਰ ਨੂੰ ਲਗਭਗ 50 ਮੰਤਰੀਆਂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੀ ਗੱਲ ਰੱਖੀ ਸੀ।
ਪਿਛਲੇ ਤਿੰਨ ਦਿਨਾਂ ਵਿੱਚ ਰਾਜ ਦੇ 80 ਤੋਂ ਵੱਧ ਕਾਂਗਰਸੀ ਆਗੂ ਇਸ ਕਮੇਟੀ ਸਾਹਵੇਂ ਪੇਸ਼ ਹੋ ਕੇ ਆਪਣੀ ਗੱਲ ਰੱਖ ਚੁੱਕੇ ਹਨ। ਖੜਗੇ ਤੋਂ ਇਲਾਵਾ ਪੈਨਲ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਦਿੱਲੀ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਜੇਪੀ ਅਗਰਵਾਲ ਸ਼ਾਮਲ ਹਨ।
ਗ਼ੌਰਤਲਬ ਹੈ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਿੱਖੀ ਬਿਆਨਬਾਜ਼ੀ ਵੇਖਣ ਨੂੰ ਮਿਲੀ ਹੈ। ਵਿਧਾਇਕ ਪ੍ਰਗਟ ਸਿੰਘ ਤੇ ਪੰਜਾਬ ਕਾਂਗਰਸ ਦੇ ਕੁਝ ਹੋਰ ਆਗੂਆਂ ਨੇ ਵੀ ਮੁੱਖ ਮੰਤਰੀ ਵਿਰੁੱਧ ਮੋਰਚਾ ਖੋਲ੍ਹਿਆ ਹੋਇਆ ਹੈ। ਸਿੱਧੂ ਨੇ ਮੰਗਲਵਾਰ ਨੂੰ ਇਸ ਪੈਨਲ ਨਾਲ ਮੁਲਾਕਾਤ ਕਰ ਕੇ ਆਪਣੇ ਵਿਚਾਰ ਰੱਖੇ ਸਨ। ਪੈਨਲ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਕਿਹਾ ਸੀ, ਸੱਚ ਉੱਤੇ ਤਸ਼ੱਦਦ ਤਾਂ ਢਾਹਿਆ ਜਾ ਸਕਦਾ ਹੈ ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ।