20 ਸਾਲ ਨਾਲ ਰਹੇ ਮੰਨਾ ਨੇ ਗੈਂਗਸਟਰ ਰਹੇ ਕੁਲਬੀਰ ਨਰੂਆਣਾ 'ਤੇ ਚਲਾਈਆਂ ਗੋਲੀਆਂ, ਨਰੂਆਣਾ ਤੇ ਚਮਕੌਰ ਦੀ ਮੌਤ
ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਉਸ ਦੇ ਸਾਥੀ ਨੇ ਹੀ ਗੋਲੀਆਂ ਮਾਰ ਕੇ ਕਰ ਦਿੱਤਾ। ਅੱਜ ਸਵੇਰੇ ਨਰੂਆਣਾ ਦੇ ਸਾਥੀ ਮੰਨਾ ਉਸ ਦੇ ਘਰ ਆਇਆ ਤੇ ਧੋਖੇ ਨਾਲ ਬਾਹਰ ਬੁਲਾ ਕੇ ਗੋਲੀ ਚਲਾ ਦਿੱਤੀ।
ਅਸ਼ਰਫ ਢੁੱਡੀ
ਬਠਿੰਡਾ: ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਉਸ ਦੇ ਸਾਥੀ ਨੇ ਹੀ ਗੋਲੀਆਂ ਮਾਰ ਕੇ ਕਰ ਦਿੱਤਾ। ਅੱਜ ਸਵੇਰੇ ਨਰੂਆਣਾ ਦੇ ਸਾਥੀ ਮੰਨਾ ਉਸ ਦੇ ਘਰ ਆਇਆ ਤੇ ਧੋਖੇ ਨਾਲ ਬਾਹਰ ਬੁਲਾ ਕੇ ਗੋਲੀ ਚਲਾ ਦਿੱਤੀ। ਕਤਲ ਦੀ ਵਾਰਦਾਤ ਤੋਂ ਬਾਅਦ ਮੰਨਾ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮੁਤਾਬਕ ਬਠਿੰਡਾ ਦੇ ਪਿੰਡ ਨਰੂਆਣਾ ਵਿੱਚ ਅੱਜ ਸਵੇਰੇ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਕੁਲਬੀਰ ਦੇ ਪਿਤਾ ਸਾਧੂ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕੁਲਬੀਰ ਦੇ ਹੀ ਸਾਥੀ ਰਹੇ ਮੰਨਾ ਨੇ ਅੱਜ ਸਵੇਰੇ ਕੁਲਬੀਰ ਦੇ ਘਰ ਆ ਕੇ ਧੋਖੇ ਨਾਲ ਘਰ ਤੋਂ ਬਾਹਰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।
ਦੱਸ ਦਈਏ ਕਿ ਮੰਨਾ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਤੇ ਪਿਛਲੇ 20 ਸਾਲ ਤੋਂ ਕੁਲਬੀਰ ਦੇ ਨਾਲ ਸੀ। ਕਤਲ ਦੀ ਵਾਰਦਾਤ ਤੋਂ ਬਾਅਦ ਮੰਨਾ ਮੌਕੇ ਤੋਂ ਫਰਾਰ ਹੋ ਗਿਆ। ਚਸ਼ਮਦੀਦ ਨੇ ਦੱਸਿਆ ਕਿ ਕਾਤਲ ਮੰਨਾ ਦੀ ਗੱਡੀ 'ਤੇ ਵੀ ਗੋਲੀਆਂ ਚਲਾਈਆਂ ਪਰ ਉਹ ਭੱਜਣ ਵਿੱਚ ਸਫਲ ਹੋ ਗਿਆ। ਪੁਲਿਸ ਮੌਕੇ 'ਤੇ ਪਹੁੰਚ ਕੇ ਜਾਂਚ ਕਰ ਰਹੀ ਹੈ।
ਇਸ ਘਟਨਾ ਵਿੱਚ ਕੁਲਬੀਰ ਨਰੂਆਣਾ ਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਚਮਕੌਰ ਦੀ ਸਿਵਲ ਅਸਪਤਾਲ ਬਠਿੰਡਾ ਵਿਖੇ ਮੌਤ ਹੋ ਗਈ ਹੈ। ਹਮਲਾਵਰ ਮੰਨਾ ਨੂੰ ਵੀ ਗੋਲੀ ਲੱਗੀ ਹੈ। ਜ਼ਖਮੀ ਹਾਲਾਤ ਵਿੱਚ ਉਹ ਹਸਪਤਾਲ ਵਿੱਚ ਦਾਖਲ ਹੋ ਗਿਆ ਹੈ। ਪੁਲਿਸ ਦੀ ਵੱਡੀ ਗਿਣਤੀ ਫੋਰਸ ਘੁੱਦਾ ਹਸਪਤਾਲ ਪਹੁੰਚ ਗਈ ਹੈ।