ਖੇਤੀ ਕਾਨੂੰਨਾਂ 'ਤੇ ਬਹਿਸ ਤੋਂ ਭੱਜ ਰਹੀ ਮੋਦੀ ਸਰਕਾਰ, ਭਗਵੰਤ ਮਾਨ ਵੱਲੋਂ ਸੰਸਦ 'ਚ 8ਵੀਂ ਵਾਰ 'ਕੰਮ ਰੋਕੂ ਮਤਾ' ਪੇਸ਼
ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ 'ਕਾਲ਼ੇ ਤਿੰਨ ਖੇਤੀ ਕਾਨੂੰਨਾਂ' ਬਾਰੇ ਸੰਸਦ ਵਿੱਚ ਬਹਿਸ ਕਰਾਉਣ ਤੋਂ ਭੱਜ ਰਹੀ ਹੈ ਤਾਂ ਕਿ ਦੇਸ਼ ਤੇ ਦੁਨੀਆਂ ਸਾਹਮਣੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਨਾ ਹੋਵੇ।
ਨਵੀਂ ਦਿੱਲੀ/ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਦੇ ਸਭ ਤੋਂ ਮਹੱਤਵਪੂਰਨ ਮੁੱਦੇ 'ਕਾਲ਼ੇ ਤਿੰਨ ਖੇਤੀ ਕਾਨੂੰਨਾਂ' ਬਾਰੇ ਸੰਸਦ ਵਿੱਚ ਬਹਿਸ ਕਰਾਉਣ ਤੋਂ ਭੱਜ ਰਹੀ ਹੈ ਤਾਂ ਕਿ ਦੇਸ਼ ਤੇ ਦੁਨੀਆਂ ਸਾਹਮਣੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਨੰਗਾ ਨਾ ਹੋਵੇ। ਇਸੇ ਲਈ 'ਆਪ' ਵੱਲੋਂ ਸੰਸਦ ਵਿੱਚ ਖੇਤੀ ਕਾਨੂੰਨਾਂ 'ਤੇ ਬਹਿਸ ਕਰਨ ਲਈ ਪੇਸ਼ ਕੀਤੇ ਜਾਂਦੇ 'ਕੰਮ ਰੋਕੂ ਮਤੇ' ਨੂੰ ਜਾਝਬੁੱਝ ਕੇ ਅਪ੍ਰਵਾਨ ਕੀਤਾ ਜਾਂਦਾ ਹੈ।
ਵੀਰਵਾਰ ਨੂੰ ਜਾਰੀ ਬਿਆਨ ਰਾਹੀਂ ਮਾਨ ਨੇ ਕਿਹਾ ਕਿ ਸੰਸਦ ਵਿੱਚ ਵਿਚਾਰ ਚਰਚਾ ਹੋਣ 'ਤੇ ਦੇਸ਼ ਦੇ ਲੋਕਾਂ ਨੂੰ ਤਿੰਨ ਖੇਤੀ ਕਾਨੂੰਨਾਂ ਵਿੱਚ ਛੁਪੇ 'ਇਸ ਸੱਚ' ਦਾ ਪਤਾ ਲੱਗ ਜਾਵੇਗਾ ਕਿ ਕਿਸ ਤਰਾਂ ਮੋਦੀ ਸਰਕਾਰ ਦੇਸ਼ ਦੀ ਜ਼ਮੀਨ ਅਤੇ ਆਨਾਜ ਆਪਣੇ ਆਕਾ ਕਾਰਪੋਰੇਟਰਾਂ ਦੇ ਹਵਾਲੇ ਕਰ ਰਹੀ ਹੈ।
ਭਗਵੰਤ ਮਾਨ ਨੇ ਅੰਨਦਾਤਾ ਦੀ ਆਵਾਜ਼ ਬਣਦਿਆਂ ਵੀਰਵਾਰ ਨੂੰ ਸੰਸਦ ਵਿੱਚ ਲਗਾਤਰ ਅੱਠਵੀਂ ਵਾਰ 'ਕੰਮ ਰੋਕੂ ਮਤਾ' ਪੇਸ਼ ਕੀਤਾ। ਇਸ ਸਮੇਂ ਮਾਨ ਨੇ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ਵਿੱਚ ਆਪ ਵੱਲੋਂ ਖੇਤੀ ਬਿਲਾਂ ਬਾਰੇ ਬਹਿਸ ਕਰਾਉਣ ਦੀ ਗੱਲ ਜ਼ੋਰ ਸ਼ੋਰ ਚੁੱਕੀ ਜਾਂਦੀ ਹੈ, ਪਰ ਮੋਦੀ ਸਰਕਾਰ ਖੇਤੀ ਕਾਨੂੰਨਾਂ ਬਾਰੇ ਨਾ ਕੁੱਝ ਬੋਲ ਰਹੀ ਹੈ ਅਤੇ ਨਾ ਕੁੱਝ ਸੁਣ ਰਹੀ। ਸਗੋਂ ਸੰਸਦ ਵਿੱਚ ਹੰਗਾਮੇ ਦੌਰਾਨ ਹੋਰ ਬਿੱਲ ਪਾਸ ਕਰਕੇ ਰਾਜਾਂ ਅਤੇ ਲੋਕਾਂ ਦੇ ਹੱਕਾਂ 'ਤੇ ਡਾਕਾ ਮਾਰ ਰਹੀ ਹੈ।
'ਆਪ' ਸੰਸਦ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਦੀ ਮੰਗ ਅਨੁਸਾਰ ਨਰਿੰਦਰ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਤਾਂ ਕੀ ਲੈਣੇ ਸੀ, ਉਲਟਾ ਚੌਥਾ 'ਬਿਜਲੀ ਸੋਧ ਬਿੱਲ 2021' ਸੰਸਦ 'ਚ ਲਿਆ ਕੇ ਕਿਸਾਨਾਂ, ਮਜ਼ਦੂਰਾਂ ਅਤੇ ਰਾਜਾਂ 'ਤੇ ਹੋਰ ਡਾਕਾ ਮਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ ਪਾਸ ਹੋਣ ਨਾਲ ਰਾਜਾਂ ਨੂੰ ਭਿਖਾਰੀ ਬਣਾਇਆ ਜਾਵੇਗਾ ਕਿਉਂਕਿ ਪਹਿਲਾਂ ਹੀ ਜੀਐਸਟੀ ਪ੍ਰਣਾਲੀ ਲਾਗੂ ਕਰਕੇ ਮੋਦੀ ਸਰਕਾਰ ਨੇ ਰਾਜਾਂ ਨੂੰ ਕੇਂਦਰ ਤੋਂ ਪੈਸੇ ਮੰਗਣ ਵਾਲੇ ਭਿਖਾਰੀ ਬਣਾ ਦਿੱਤਾ ਹੈ। ਇੰਝ ਵੀ ਬਿਜਲੀ ਸੋਧ ਬਿੱਲ ਰਾਹੀਂ ਰਾਜਾਂ ਤੋਂ ਬਿਜਲੀ ਖੋਹ ਕੇ ਬਾਅਦ ਵਿੱਚ ਰਾਜਾਂ ਨੂੰ ਬਿਜਲੀ ਲਈ ਭਿਖਾਰੀ ਬਣਾ ਦਿੱਤਾ ਜਾਵੇਗਾ।
ਮਾਨ ਨੇ ਕਿਹਾ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜਿਵੇਂ ਰਾਜਾਂ ਕੋਲੋਂ ਜ਼ਮੀਨ ਅਤੇ ਬਿਜਲੀ ਜਬਰਨ ਖੋਹ ਰਹੀ ਹੈ, ਉਸ ਨਾਲ ਦੇਸ਼ ਵਿੱਚੋਂ ਫੈਡਰਲ ਢਾਂਚਾ ਹੀ ਖ਼ਤਮ ਹੋ ਜਾਵੇਗਾ ਅਤੇ ਸੱਤਾ ਦਾ ਕੇਂਦਰੀਕਰਨ ਹੋਣ ਨਾਲ ਤਾਨਾਸ਼ਾਹੀ ਹੋਰ ਵਧੇਗੀ। ਉਨਾਂ ਕਿਹਾ ਕਿ ਅਮਰੀਕਾ ਜਿਹੇ ਦੇਸ਼ ਵਿੱਚ ਵੀ ਲੋਕਾਂ ਦੀ ਆਵਾਜ਼ ਸੁਣੀ ਅਤੇ ਪ੍ਰਵਾਨ ਕੀਤੀ ਜਾਂਦੀ ਹੈ, ਪਰ ਵਿਸ਼ਵ ਦੇ ਵੱਡੇ ਲੋਕਤੰਤਰਿਕ ਦੇਸ਼ ਦੀ ਅੰਨੀ ਤੇ ਬੋਲੀ ਸਰਕਾਰ ਨਾ ਤਾਂ ਸੜਕਾਂ 'ਤੇ ਬੈਠੇ ਕਿਸਾਨਾਂ ਨੂੰ ਦੇਖ ਰਹੀ ਹੈ ਅਤੇ ਨਾ ਹੀ ਸੰਸਦ ਵਿੱਚ ਲੋਕਾਂ ਦੇ ਚੁੱਣੇ ਹੋਏ ਪ੍ਰਤੀਨਿਧੀਆਂ ਵੱਲੋਂ ਖੇਤੀ ਕਾਨੂੰਨਾਂ ਬਾਰੇ ਬਹਿਸ ਕਰਾਉਣ ਦੀ ਚੁੱਕੀ ਜਾਂਦੀ ਆਵਾਜ਼ ਸੁਣ ਰਹੀ ਹੈ।