(Source: ECI/ABP News/ABP Majha)
ਅਮਰੀਕਾ ’ਚ ਕੁਦਰਤ ਦਾ ਕਹਿਰ! ‘ਗ੍ਰੇਸ’ ਨੇ ਮਚਾਈ ਤਬਾਹੀ
ਮੀਂਹ ਦੇ ਪਾਣੀ ਨੇ ਅਮਰੀਕਾ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਦਤਰ ਬਣਾ ਕੇ ਰੱਖ ਦਿੱਤਾ ਹੈ। ਮੱਧ ਟੈਨੇਸੀ ਸੂਬੇ ਵਿੱਚ ਹੜ੍ਹ ਆਉਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜਣੇ ਹੋਰ ਲਾਪਤਾ ਦੱਸੇ ਜਾ ਰਹੇ ਹਨ।
ਵੇਵਰਲੀ: ਮੀਂਹ ਦੇ ਪਾਣੀ ਨੇ ਅਮਰੀਕਾ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਦਤਰ ਬਣਾ ਕੇ ਰੱਖ ਦਿੱਤਾ ਹੈ। ਮੱਧ ਟੈਨੇਸੀ ਸੂਬੇ ਵਿੱਚ ਹੜ੍ਹ ਆਉਣ ਕਾਰਨ ਘੱਟੋ-ਘੱਟ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜਣੇ ਹੋਰ ਲਾਪਤਾ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੇ ਘਰ ਤੇ ਸੜਕਾਂ ਸਨਿੱਚਰਵਾਰ ਨੂੰ ਭਾਰੀ ਮੀਂਹ ਕਾਰਣ ਵਹਿ ਗਈਆਂ। ਹੰਫਰੀਜ਼ ਕਾਉਂਟੀ ਦੇ ਸ਼ੈਰਿਫ ਕ੍ਰਿਸ ਡੇਵਿਸ ਨੇ 30 ਦੇ ਲਾਪਤਾ ਹੋਣ ਦੀ ਪੁਸ਼ਟੀ ਕੀਤੀ।
ਅਮਰੀਕਾ ਵਿੱਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ
ਸ਼ੈਰਿਫ਼ ਨੇ ਦੱਸਿਆ ਕਿ ਹੜ੍ਹਾਂ ਵਿੱਚ ਵਹਿ ਗਏ ਦੋ ਬੱਚਿਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਤੇ ਬਚਾਅ ਟੀਮਾਂ ਵੱਲੋਂ ਇੱਕ ਜੋੜੇ ਨੂੰ ਬਚਾਇਆ ਗਿਆ ਹੈ। ਇਸ ਜੋੜੇ ਦੇ ਘਰ ਵਿੱਚ ਛੇ ਫੁੱਟ ਤੱਕ ਪਾਣੀ ਭਰ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਚੁਬਾਰੇ ਵਿੱਚ ਪਨਾਹ ਲੈਣੀ ਪਈ। ਮੱਧ ਟੇਨੇਸੀ ਵਿੱਚ, 15 ਇੰਚ ਤੋਂ ਵੱਧ ਮੀਂਹ ਪਿਆ ਹੈ, ਜਿਸ ਕਾਰਨ ਸੜਕਾਂ ਜਾਮ ਹੋ ਗਈਆਂ ਹਨ ਅਤੇ ਸੰਚਾਰ ਪ੍ਰਭਾਵਿਤ ਹੋਏ ਹਨ।
ਮੌਸਮ ਵਿਗਿਆਨੀ ਕ੍ਰਿਸੀ ਹਰਲੀ ਨੇ ਦੱਸਿਆ ਕਿ ਸਾਲ ਭਰ ਵਿੱਚ ਇਸ ਖੇਤਰ ਵਿੱਚ ਜਿੰਨਾ ਮੀਂਹ ਪੈਂਦਾ ਹੈ, ਉਸ ਵਿੱਚੋਂ 20-25 ਪ੍ਰਤੀਸ਼ਤ ਇੱਥੇ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੰਫਰੀਜ਼ ਕਾਉਂਟੀ ਵਿੱਚ ਵੇਵਰਲੀ ਅਤੇ ਮੈਕਵੇਨ ਵਰਗੇ ਸ਼ਹਿਰਾਂ ਵਿੱਚ, ਸਥਿਤੀ ਭਿਆਨਕ ਤੇ ਤਬਾਹਕੁੰਨ ਬਣੀ ਹੋਈ ਹੈ। ਲੋਕ ਆਪਣੇ ਘਰਾਂ ਵਿੱਚ ਕੈਦ ਹਨ ਅਤੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਹੈ।
ਹਿਕਮੈਨ ਕਾਉਂਟੀ ਅਫਸਰ ਰੌਬ ਐਡਵਰਡਜ਼ ਅਨੁਸਾਰ, ਮੀਂਹ ਕਾਰਣ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੀਂਹ ਦੇ ਪਾਣੀ ਵਿੱਚ ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ ਅਤੇ ਮੋਬਾਈਲ ਸੇਵਾਵਾਂ ਠੱਪ ਹੋ ਗਈਆਂ ਹਨ। ਟੈਨੇਸੀ ਦੇ ਗਵਰਨਰ ਬਿਲ ਲੀ ਨੇ ਸਨਿੱਚਰਵਾਰ ਨੂੰ ਟਵੀਟ ਕਰਕੇ ਟੈਨੇਸੀ ਦੇ ਲੋਕਾਂ ਨੂੰ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਚੌਕਸ ਰਹਿਣ ਲਈ ਕਿਹਾ ਹੈ।
ਦੂਜੇ ਪਾਸੇ, ਚੱਕਰਵਾਤੀ ਤੂਫਾਨ 'ਗ੍ਰੇਸ' ਕੱਲ੍ਹ ਮੈਕਸੀਕੋ ਦੇ ਤੱਟ 'ਤੇ ਪਹੁੰਚਿਆ ਅਤੇ ਅੰਦਰ ਵੱਲ ਨੂੰ ਵਧਿਆ, ਜਿਸ ਕਾਰਨ ਭਾਰੀ ਬਾਰਸ਼ ਹੋਈ। ਪਿਛਲੇ ਦੋ ਦਿਨਾਂ ਵਿੱਚ ਦੇਸ਼ ਵਿੱਚ ਦੂਜੀ ਵਾਰ ਲੋਕਾਂ ਨੂੰ ਤੂਫਾਨ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ, ਮੈਕਸੀਕੋ ਦੇ ਮੁੱਖ ਸੈਲਾਨੀ ਖੇਤਰ ਵਿੱਚੋਂ ਲੰਘਦੇ ਸਮੇਂ, ਤੂਫਾਨ ਕਮਜ਼ੋਰ ਹੋ ਗਿਆ, ਪਰ ਜਿਵੇਂ ਹੀ ਇਹ ਅਮਰੀਕਾ ਦੀ ਮੁੱਖ ਧਰਤੀ ਵੱਲ ਵਧਿਆ, ਤੂਫਾਨ ਨੇ ਇੱਕ ਗੰਭੀਰ ਰੂਪ ਲੈ ਲਿਆ।
ਹਰੀਕੇਨ ਗ੍ਰੇਸ ਕਾਰਨ ਹੋਈਆਂ ਅੱਠ ਮੌਤਾਂ, ਬਹੁਤ ਸਾਰੇ ਲਾਪਤਾ
ਮੈਕਸੀਕੋ ਦੇ ਵੇਰਾਕਰੂਜ਼ ਰਾਜ ਦੇ ਗਵਰਨਰ, ਕੁਈਤਲਾਹੂਆਕ ਗਾਰਸੀਆ ਨੇ ਦੱਸਿਆ ਕਿ ਤੂਫਾਨ ਤੇ ਹੜ੍ਹਾਂ ਕਾਰਨ ਢਿੱਗਾਂ ਡਿੱਗਣ ਕਰਕੇ ਬੱਚਿਆਂ ਸਮੇਤ ਘੱਟੋ-ਘੱਟ ਅੱਠ ਲੋਕ ਮਾਰੇ ਗਏ ਹਨ ਅਤੇ ਤਿੰਨ ਲਾਪਤਾ ਹਨ। ਯੂਐਸ ਨੈਸ਼ਨਲ ਹਰੀਕੇਨ ਸੈਂਟਰ ਨੇ ਕਿਹਾ ਕਿ ਤੂਫਾਨ ਗ੍ਰੇਸ ਮੈਕਸੀਕੋ ਸਿਟੀ ਦੇ ਪੂਰਬੀ ਮੱਧ ਮੈਕਸੀਕੋ ਦੇ ਪਹਾੜੀ ਇਲਾਕਿਆਂ ਵਿੱਚ ਪਹੁੰਚਿਆ ਤੇ ਬਾਅਦ ਦੁਪਹਿਰ ਕਮਜ਼ੋਰ ਹੋ ਗਿਆ।
ਵੇਰਾਕਰੂਜ਼ ਦੇ ਅਧਿਕਾਰੀਆਂ ਅਨੁਸਾਰ, ਤੂਫਾਨ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਅਤੇ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਖਬਰਾਂ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚੋਂ ਕੱਢਣ ਦੀ ਲੋੜ ਹੈ।