ਨਿੱਕੇ ਬੱਚੇ ਦੀ ਜਾਨ ਬਚਾਉਣ ਲਈ ਜੂਝ ਰਹੀ ਨਿਊਯਾਰਕ ਦੀ ਵਕੀਲ ਗੁਰਜੋਤ ‘ਜੋ’ ਕੌਰ
ਮਨੁੱਖੀ, ਖ਼ਾਸ ਕਰ ਕੇ ਮਹਿਲਾਵਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਪ੍ਰਸਿੱਧ ਕਾਰਕੁਨ ਤੇ ਵਕੀਲ ਗੁਰਜੋਤ ‘ਜੋ’ ਕੌਰ ਨੂੰ ਹੁਣ ਆਪਣੇ 15 ਮਹੀਨਿਆਂ ਦੇ ਪੁੱਤਰ ਰਿਆਨ ਦੀ ਜਾਨ ਬਚਾਉਣ ਲਈ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੇ ਬੱਚੇ ਨੂੰ ਬਹੁਤ ਦੁਰਲੱਭ ਕਿਸਮ ਦੀ ਘਾਤਕ ਨਿਊਰੋਡੀਜੈਨਰੇਟਿਵ ਜੀਨੈਟਿਕ ਬੀਮਾਰੀ ਹੋ ਗਈ ਹੈ। ਇਸ ਰੋਗ ਤੋਂ ਪੀੜਤ ਬੱਚੇ ਹੁਣ ਤੱਕ ਵੱਧ ਤੋਂ ਵੱਧ ਤਿੰਨ ਸਾਲ ਤੋਂ ਲੈ ਕੇ ਪੰਜ ਸਾਲਾਂ ਤੱਕ ਹੀ ਜਿਉਂ ਸਕੇ ਹਨ। ਅਮਰੀਕਾ ’ਚ ਹਰ ਸਾਲ 100 ਦੇ ਲਗਪਗ ਬੱਚੇ ਇਸ ਰੋਗ ਤੋਂ ਪੀੜਤ ਹੁੰਦੇ ਹਨ।
ਮਹਿਤਾਬ-ਉਦ-ਦੀਨ
ਚੰਡੀਗੜ੍ਹ/ਨਿਊਯਾਰਕ: ਮਨੁੱਖੀ, ਖ਼ਾਸ ਕਰ ਕੇ ਮਹਿਲਾਵਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਪ੍ਰਸਿੱਧ ਕਾਰਕੁਨ ਤੇ ਵਕੀਲ ਗੁਰਜੋਤ ‘ਜੋ’ ਕੌਰ ਨੂੰ ਹੁਣ ਆਪਣੇ 15 ਮਹੀਨਿਆਂ ਦੇ ਪੁੱਤਰ ਰਿਆਨ ਦੀ ਜਾਨ ਬਚਾਉਣ ਲਈ ਜੂਝਣਾ ਪੈ ਰਿਹਾ ਹੈ। ਉਨ੍ਹਾਂ ਦੇ ਬੱਚੇ ਨੂੰ ਬਹੁਤ ਦੁਰਲੱਭ ਕਿਸਮ ਦੀ ਘਾਤਕ ਨਿਊਰੋਡੀਜੈਨਰੇਟਿਵ ਜੀਨੈਟਿਕ ਬੀਮਾਰੀ ਹੋ ਗਈ ਹੈ। ਇਸ ਰੋਗ ਤੋਂ ਪੀੜਤ ਬੱਚੇ ਹੁਣ ਤੱਕ ਵੱਧ ਤੋਂ ਵੱਧ ਤਿੰਨ ਸਾਲ ਤੋਂ ਲੈ ਕੇ ਪੰਜ ਸਾਲਾਂ ਤੱਕ ਹੀ ਜਿਉਂ ਸਕੇ ਹਨ। ਅਮਰੀਕਾ ’ਚ ਹਰ ਸਾਲ 100 ਦੇ ਲਗਪਗ ਬੱਚੇ ਇਸ ਰੋਗ ਤੋਂ ਪੀੜਤ ਹੁੰਦੇ ਹਨ।
ਗੁਰਜੋਤ ਕੌਰ ਹੁਰਾਂ ਦੇ ਪਰਿਵਾਰ ਨੇ ਇਸ ਰੋਗ ਦੇ ਇਲਾਜ ਲਈ ਬਹੁਤ ਸਾਰੇ ਮਾਹਿਰਾਂ, ਖੋਜਕਾਰਾਂ ਤੇ ਫ਼ਿਜ਼ੀਸ਼ੀਅਨਾਂ ਤੱਕ ਪਹੁੰਚ ਕੀਤੀ ਹੈ ਪਰ ਇਹ ਬੀਮਾਰੀ ਲਾਇਲਾਜ ਦੱਸੀ ਜਾ ਰਹੀ ਹੈ। ਗੁਰਜੋਤ ਕੌਰ ਦੀ ਭੈਣ ਮੀਨੂੰ ਕੌਰ ਨੇ ਦੱਸਿਆ ਕਿ ‘ਗੋਅ-ਫ਼ੰਡ-ਮੀ’ ਨਾਂ ਦੇ ਪੇਜ ਉੱਤੇ ਉਨ੍ਹਾਂ ਦੇ ਭਾਣਜੇ ਨੂੰ ਬਚਾਉਣ ਲਈ ਬੀਤੀ 5 ਅਪ੍ਰੈਲ ਤੱਕ 24,515 ਡਾਲਰ ਇਕੱਠੇ ਕਰ ਲਏ ਗਏ ਸਨ ਤੇ ਇਸ ਪੇਜ ਦਾ ਟੀਚਾ 25,000 ਡਾਲਰ (ਲਗਪਗ ਸਾਢੇ 18 ਲੱਖ ਭਾਰਤੀ ਰੁਪਏ) ਇਕੱਠੇ ਕਰਨ ਦਾ ਹੈ।
ਮੀਨੂੰ ਕੌਰ ਨੇ ਦੱਸਿਆ ਕਿ ਹੁਣ ਸਿਰਫ਼ ਫ਼ਿਜ਼ੀਕਲ ਥੈਰਾਪੀ, ਆਕੂਪੇਸ਼ਨਲ, ਵਿਜ਼ਨ ਤੇ ਸਪੀਚ ਥਰੈਪੀਆਂ ਰਾਹੀਂ ਸਿਰਫ਼ ਬੱਚੇ ’ਚ ਵਿਖਾਈ ਦੇਣ ਵਾਲੇ ਲੱਛਣਾਂ ਨੂੰ ਘਟਾਇਆ ਜਾਂ ਖ਼ਤਮ ਕੀਤਾ ਜਾ ਸਕਦਾ ਹੈ। ਇਸ ਖ਼ਤਰਨਾਕ ਬੀਮਾਰੀ ਵਿੱਚ ਪਹਿਲਾਂ ਅੱਖਾਂ ਦੀ ਜੋਤ ਜਾ ਸਕਦੀ ਹੈ, ਫਿਰ ਸੁਣਨਾ ਬੰਦ ਹੋ ਸਕਦਾ ਹੈ, ਸਰੀਰਕ ਵਿਕਾਸ ਰੁਕ ਜਾਂਦਾ ਹੈ, ਬੱਚਾ ਚੱਲਣੋਂ-ਫਿਰਨੋਂ ਰਹਿ ਜਾਂਦਾ ਹੈ, ਬੋਲ ਵੀ ਨਹੀਂ ਸਕਦਾ, ਖਾਣਾ-ਪੀਣਾ ਵੀ ਔਖਾ ਹੋ ਜਾਂਦਾ ਹੈ, ਸਾਹ ਦੇ ਰੋਗ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਜਿਗਰ ਤੇ ਗੁਰਦਿਆਂ ਦੇ ਰੋਗ, ਦਿਲ ਦੇ ਰੋਗ ਆਦਿ ਬਹੁਤ ਕਿਸਮ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ।
ਰਿਆਨ ਨੂੰ ਜਿਹੜੀ ਬੀਮਾਰੀ ਹੈ, ਉਸ ਦਾ ਇਲਾਜ ਕਰਨ ਵਾਲੇ ਮਾਹਿਰਾਂ ਦੀ ਗਿਣਤੀ ਅਮਰੀਕਾ ’ਚ ਮੁੱਠੀਭਰ ਹੈ। ‘ਅਮੈਰਿਕਨ ਬਾਜ਼ਾਰ’ ਅਤੇ ‘ਇੰਡੀਆ ਵੈਸਟ’ ਦੀਆਂ ਰਿਪੋਰਟਾਂ ਮੁਤਾਬਕ ਹੁਣ ਗੁਰਜੋਤ ‘ਜੋ’ ਕੌਰ ਆਪਣੇ ਪੁੱਤਰ ਨੂੰ ਮਾਸਾਸ਼ੂਸੈਟਸ ਸੂਬੇ ’ਚ ਬੋਸਟਨ ਲਿਜਾਣ ਦੀ ਯੋਜਨਾ ਬਣਾ ਰਹੇ ਹਨ।
ਗੁਰਜੋਤ ‘ਜੋ’ ਕੌਰ ਆਪਣੇ ਪਤੀ ਨਾਲ ਹੁਣ ਇਸ ਰੋਗ ਉੱਤੇ ਖੋਜ ਕਰਨ ਲਈ ਇੱਕ ਫ਼ਾਊਂਡੇਸ਼ਨ ਵੀ ਕਾਇਮ ਕਰਨਾ ਚਾਹ ਰਹੇ ਹਨ; ਸ਼ਾਇਦ ਕੋਈ ਇਲਾਜ ਲੱਭ ਸਕੇ। ਇੰਝ ਹੋਰ ਪੀੜਤ ਬੱਚਿਆਂ ਦਾ ਵੀ ਫ਼ਾਇਦਾ ਹੋ ਸਕੇਗਾ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ‘ਗੋ-ਫ਼ੰਡ-ਮੀ’ ਦੀ ਮੁਹਿੰਮ ਨਾਲ ਉਨ੍ਹਾਂ ਦੇ ਆਉਣ-ਜਾਣ ਅਤੇ ਮਹਿੰਗੇ ਮੈਡੀਕਲ ਖ਼ਰਚੇ ਪੂਰੇ ਹੋ ਸਕਣਗੇ। ਇਸ ਰਕਮ ਦਾ ਹਿੱਸਾ ਫ਼ਾਊਂਡੇਸ਼ਨ ਕਾਇਮ ਕਰਨ ਉੱਤੇ ਵੀ ਖ਼ਰਚ ਕੀਤਾ ਜਾਵੇਗਾ।