ਪੜਚੋਲ ਕਰੋ
13 ਸਾਲਾ ਸਿੱਖ ਲੜਕੇ ਨਾਲ ਕੁੱਟਮਾਰ ਵਿਰੁੱਧ ਨਿਊਯਾਰਕ ਦੇ ਸਿੱਖਾਂ ਵੱਲੋਂ ਰੋਸ ਪ੍ਰਦਰਸ਼ਨ
13 ਸਾਲ ਦੇ ਸਿੱਖ ਲੜਕੇ ਚੈਜ਼ਬੀਰ ਸਿੰਘ ਬੇਦੀ ਨਾਲ ਸਿਰਫ਼ ਉਸ ਦੇ ਪਟਕੇ ਕਾਰਨ ਕੀਤੀ ਗਈ ਕੁੱਟਮਾਰ ਵਿਰੁੱਧ ਰੋਸ ਵਜੋਂ ਸਨਿੱਚਰਵਾਰ ਨੂੰ ਸੈਂਕੜੇ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਤ ਲੜਕਾ ਚੈਜ਼ਬੀਰ ਸਿੰਘ ਬੇਦੀ ਵੀ ਮੌਜੂਦ ਸੀ।

sikh
ਮਹਿਤਾਬ-ਉਦ-ਦੀਨ
ਚੰਡੀਗੜ੍ਹ: 13 ਸਾਲ ਦੇ ਸਿੱਖ ਲੜਕੇ ਚੈਜ਼ਬੀਰ ਸਿੰਘ ਬੇਦੀ ਨਾਲ ਸਿਰਫ਼ ਉਸ ਦੇ ਪਟਕੇ ਕਾਰਨ ਕੀਤੀ ਗਈ ਕੁੱਟਮਾਰ ਵਿਰੁੱਧ ਰੋਸ ਵਜੋਂ ਸਨਿੱਚਰਵਾਰ ਨੂੰ ਸੈਂਕੜੇ ਸਿੱਖਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੀੜਤ ਲੜਕਾ ਚੈਜ਼ਬੀਰ ਸਿੰਘ ਬੇਦੀ ਵੀ ਮੌਜੂਦ ਸੀ। ਉਹ ਨਿਊ ਯਾਰਕ ’ਚ ਲੌਂਗ ਆਈਲੈਂਡ ਦੇ ਸਿਓਸੈੱਟ ਇਲਾਕੇ ਦਾ ਨਿਵਾਸੀ ਹੈ। ਉਸ ਨਾਲ ਹੰਟਿੰਗਟਨ ਸਟੇਸ਼ਨ ਉੱਤੇ ਵਾਲਟ ਵ੍ਹਾਈਟਮੈਨ ਸ਼ਾਪਿੰਗ ਮਾੱਲ ਵਿੱਚ ਉਸ ਦੇ ਸਾਥੀਆਂ ਨੇ ਸਿਰਫ਼ ਇਸ ਲਈ ਕੁੱਟਮਾਰ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਪਟਕਾ ਚੰਗਾ ਨਹੀਂ ਲੱਗਦਾ ਸੀ।ਇਸ ਘਟਨਾ ਵਿਰੁੱਧ ਰੋਸ ਵਜੋਂ ਸਨਿੱਚਰਵਾਰ ਨੂੰ ਸਥਾਨਕ ਸਿੱਖ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ ’ਚ ਇਕੱਠੇ ਹੋਏ। ਇਸ ਮੌਕੇ ਚੈਜ਼ਬੀਰ ਸਿੰਘ ਬੇਦੀ ਨੇ ਕਿਹਾ ਕਿ ਮੈਂ ਇਹ ਨਹੀਂ ਆਖ ਸਕਦਾ ਕਿ ਇਹ ਸਭ ਨਸਲੀ ਹਿਤਾਂ ਤੋਂ ਪ੍ਰੇਰਿਤ ਸੀ ਪਰ ਅਜਿਹਾ ਲਗਭਗ ਰੋਜ਼ਾਨਾ ਵਾਪਰਦਾ ਹੈ। ਮੈਂ ਤਾਂ ਸਦਾ ਪਟਕੇ ਅਤੇ ਦਸਤਾਰ ਨਾਲ ਹੀ ਰਹਿਣਾ ਹੈ।
ਇਸ ਰੋਸ ਪ੍ਰਦਰਸ਼ਨ ਨੂੰ ‘ਯੂਨਿਟੀ ਰੈਲੀ’ (ਏਕਤਾ ਰੈਲੀ) ਦਾ ਨਾਂ ਦਿੱਤਾ ਗਿਆ। ‘ਨਿਊਜ਼ ਡੇਅ’ ਵੱਲੋਂ ਪ੍ਰਕਾਸ਼ਿਤ ਜੌਨ ਐਸਬਰੀ ਦੀ ਰਿਪੋਰਟ ਅਨੁਸਾਰ ਇਸ ਰੈਲੀ ਵਿੱਚ ਓਏਸਟਰ ਬੇਅ ਟਾਊਨ ਦੇ ਕੁਝ ਅਧਿਕਾਰੀ ਵੀ ਮੌਜੂਦ ਸਨ, ਜੋ ਸਥਾਨਕ ਸਿੱਖਾਂ ਦੀ ਹਮਾਇਤ ’ਤੇ ਹਨ।
ਚੈਜ਼ਬੀਰ ਸਿੰਘ ਬੇਦੀ ਨੇ ਇਹ ਵੀ ਕਿਹਾ ਕਿ ਕੁੱਟਮਾਰ ਦੀ ਉਸ ਘਟਨਾ ਤੋਂ ਬਾਅਦ ਹੁਣ ਉਸ ਦੀਆਂ ਸੱਟਾਂ ਤਾਂ ਠੀਕ ਹੋ ਗਈਆਂ ਹਨ ਪਰ ਮਨ ’ਚ ਇੱਕ ਡਰ ਬੈਠ ਗਿਆ ਹੈ ਕਿਉਂਕਿ ਉਹ ਇਕੱਲਾ ਖ਼ੁਦ ਨੂੰ ਅਸੁਰੱਖਿਅਤ ਸਮਝਦਾ ਹੈ। ਹੁਣ ਉਹ ਇਕੱਲਾ ਕਦੇ ਵੀ ਉਸ ਮਾੱਲ ’ਚ ਨਹੀਂ ਜਾ ਸਕੇਗਾ।
ਕੱਲ੍ਹ ਦੇ ਇਸ ਰੋਸ ਮੁਜ਼ਾਹਰੇ ਦੌਰਾਨ ਸਿੱਖ ਪ੍ਰਦਰਸ਼ਨਕਾਰੀਆਂ ਨੇ ‘ਪੀਸ, ਲਵ ਐਂਡ ਯੂਨਿਟੀ’ ਭਾਵ ‘ਅਮਨ, ਪਿਆਰ ਤੇ ਏਕਤਾ’ ਦੇ ਨਾਅਰੇ ਵੀ ਲਾਏ। ਉਨ੍ਹਾਂ ਦਾ ਮੰਨਣਾ ਸੀ ਕਿ ਸਿੱਖ ਧਰਮ ਤੇ ਕੌਮ ਬਾਰੇ ਸਥਾਨਕ ਨਿਵਾਸੀਆਂ ਨੂੰ ਹਾਲੇ ਵੱਡੇ ਪੱਧਰ ਉੱਤੇ ਜਾਗਰੂਕ ਕਰਨ ਦੀ ਜ਼ਰੂਰਤ ਹੈ।
ਚੈਜ਼ਬੀਰ ਸਿੰਘ ਬੇਦੀ ਨੇ ਕਿਹਾ ਕਿ ਅਜਿਹੀਆਂ ਵਧੀਕੀਆਂ ਪਿਛਲੇ ਲੰਮੇ ਸਮੇਂ ਤੋਂ ਸਾਰੀਆਂ ਹੀ ਘੱਟ-ਗਿਣਤੀਆਂ ਨਾਲ ਹੁੰਦੀਆਂ ਆ ਰਹੀਆਂ ਹਨ। ਪਰ ਅਸੀਂ ਸਾਰੇ ਇੱਕਜੁਟਤਾ ਨਾਲ ਇਸ ਸੰਸਾਰ ਨੂੰ ਤਬਦੀਲ ਕਰ ਸਕਦੇ ਹਾਂ।
ਇਸ ਮੌਕੇ ਓਏਸਟਰ ਬੇਅ ਟਾਊਨ ਦੇ ਸੁਪਰਵਾਈਜ਼ਰ ਜੋਜ਼ਫ਼ ਸਲਾਦੀਨੋ ਨੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਦੇ ਮਨ ਵਿੱਚ ਨਫ਼ਰਤ ਦਾ ਕੋਈ ਭਾਵ ਹੈ, ਤਾਂ ਉਹ ਇਸ ਨੂੰ ਤਿਆਗ ਦੇਣ ਅਤੇ ਆਪਣੇ ਗੁਆਂਢੀਆਂ ਨਾਲ ਪਿਆਰ ਤੇ ਅਮਨ-ਚੈਨ ਨਾਲ ਰਹਿਣ। ਉਨ੍ਹਾਂ ਕਿਹਾ ਕਿ ਜਵਾਬੀ ਪ੍ਰਤੀਕਰਮ ਪ੍ਰਗਟਾਉਣਾ ਬਹੁਤ ਸੌਖਾ ਹੈ ਪਰ ਇਸ ਵੇਲੇ ਲੋਕਾਂ ’ਚ ਇੱਕਜੁਟਤਾ ਲਿਆਉਣਾ ਬਹੁਤ ਜ਼ਰੂਰੀ ਹੈ। ਪਿਆਰ ਨੇ ਜ਼ਰੂਰ ਹੀ ਨਫ਼ਰਤ ਉੱਤੇ ਜਿੱਤ ਹਾਸਲ ਕਰਨੀ ਹੈ। ਸਾਡੀ ਤਾਕਤ ਸਾਡੀ ਵਿਭਿੱਨਤਾ ’ਚ ਹੀ ਹੈ।
ਚੈਜ਼ਬੀਰ ਸਿੰਘ ਬੇਦੀ ਦੇ ਪਿਤਾ ਸਤਬੀਰ ਸਿੰਘ ਨੇ ਆਪਣੇ ਪੁੱਤਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਹਿੰਸਾ ਤੋਂ ਉਤਾਂਹ ਉੱਠ ਕੇ ਨਫ਼ਰਤ ਉੱਤੇ ਜਿੱਤ ਹਾਸਲ ਕੀਤੀ ਹੈ। ‘ਅਸੀਂ ਧਰਮਾਂ ਦੀ ਤੁਲਨਾ ਨਹੀਂ ਕਰਦੇ। ਅਸੀਂ ਇੱਕ ਰੱਬ ਵਿੱਚ ਵਿਸ਼ਵਾਸ ਰੱਖਦੇ ਹਾਂ। ਸਾਡੀ ਸਭ ਦੀ ਮੰਜ਼ਲ ਇੱਕੋ ਈਸ਼ਵਰ ਹੈ ਤੇ ਬੱਸ ਰਸਤੇ ਵੱਖੋ-ਵੱਖਰੇ ਹਨ।’
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















