ਚੰਡੀਗੜ੍ਹ: ਵਿਆਹਾਂ, ਸਮਾਜਕ, ਵਿਦਿਅਕ, ਖੇਡ, ਮਨੋਰੰਜਨ, ਸੱਭਿਆਚਾਰਕ, ਧਾਰਮਿਕ, ਸਿਆਸੀ ਸਮਾਰੋਹਾਂ ਵਿੱਚ ਹੁਣ ਖੁੱਲ੍ਹੀਆਂ ਥਾਵਾਂ ਉੱਤੇ 500 ਲੋਕ ਹਿੱਸਾ ਲੈ ਸਕਣਗੇ; ਜਦ ਕਿ ਹਾਲ ਵਿੱਚ ਸਮਰੱਥਾ ਤੋਂ ਅੱਧੇ ਲੋਕ ਬੈਠ ਸਕਣਗੇ। ਹਰਿਆਣਾ ਰਾਜ ਆਫ਼ਤ ਪ੍ਰਬੰਧ ਅਥਾਰਟੀ ਨੇ ਇਸ ਬਾਰੇ ਸੋਧਿਆ ਹੁਕਮ ਜਾਰੀ ਕੀਤਾ ਹੈ। ਕੋਰੋਨਾ ਕਾਲ ਵਿੱਚ ਹੁਣ ਤੱਕ ਹਾੱਲ ਵਿੱਚ 100 ਤੇ ਖੁੱਲ੍ਹੇ ਵਿੱਚ 200 ਲੋਕਾਂ ਦੇ ਕਿਸੇ ਵੀ ਪ੍ਰੋਗਰਾਮ ’ਚ ਭਾਗ ਲੈਣ ਦੀ ਇਜਾਜ਼ਤ ਸੀ।


ਹਰਿਆਣਾ ਸਰਕਾਰ ਨੇ ਕੋਰੋਨਾ ਵਾਇਰਸ ਦਾ ਫੈਲਣਾ ਰੋਕਣ ਤੋਂ ਬਚਾਅ ਲਈ ਹਰਿਆਣਾ ਮਹਾਮਾਰੀ ਰੋਗ ਕੋਵਿਡ-19 ਨਿਯਮ 2020 ਤਿਆਰ ਕੀਤਾ ਹੈ। ਪਲਵਲ ਜ਼ਿਲ੍ਹੇ ’ਚ ਇਹ ਨਿਯਮ ਲਾਗੂ ਕੀਤਾ ਗਿਆ ਗਿਆ; ਜਿਸ ਮੁਤਾਬਕ ਜ਼ਿਲ੍ਹੇ ਦੇ ਸਾਰੇ ਐੱਸਡੀਐੱਮ, ਤਹਿਸੀਲਦਾਰ, ਬੀਡੀਪੀਓ, ਈਓ, ਨਗਰ ਕੌਂਸਲ ਤੇ ਨਗਰ ਪਾਲਿਕਾ, ਡਿਊਟੀ ਮੈਜਿਸਟ੍ਰੇਟ, ਇੰਸੀਡੈਂਟ ਕਮਾਂਡਰ ਸਮਾਰੋਹਾਂ ਲਈ ਨਿਰਧਾਰਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਂਚ ਤੇ ਕਾਰਵਾਈ ਕਰਨਗੇ। ਦਫ਼ਤਰਾਂ ਤੇ ਕੰਮਕਾਜ ਵਾਲੀਆਂ ਥਾਵਾਂ ਉੱਤੇ ਜ਼ਰੂਰੀ ਹੈ ਕਿ ਸਾਰੇ ਕਰਮਚਾਰੀਆਂ ਦੇ ਮੋਬਾਈਲ ਫ਼ੋਨ ਵਿੱਚ ‘ਆਰੋਗਯ ਸੇਤੂ’ ਐਪ ਹੋਵੇ।




ਸਮਾਜਕ ਦੂਰੀ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਹੋਰ ਜ਼ਰੂਰੀ ਸੇਵਾਵਾਂ ਦਾ ਪ੍ਰਬੰਧ ਯਕੀਨੀ ਬਣਾਏ ਜਾਣਗੇ। ਜੇ ਕਿਸੇ ਖੇਤਰ ਵਿੱਚ ਨਿਯਮਾਂ ਦੀ ਉਲੰਘਣਾ ਦੀ ਸੂਚਨਾ ਮਿਲੇਗੀ, ਤਾਂ ਪੁਲਿਸ ਕੰਟਰੋਲ ਰੂਮ ਤੁਰੰਤ ਅਗਲੇਰੀ ਕਾਰਵਾਈ ਕਰੇਗਾ। ਕਿਸੇ ਵੀ ਹਾਲਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਸੁਚਨਾ ਨਾ ਦੇਣ ਉੱਤੇ ਆਰਡਬਲਿਊਏ ਦੇ ਮੁਖੀ ਜਾਂ ਸਕੱਤਰ ਨੂੰ ਜ਼ਿੰਮੇਵਾਰ ਮੰਨਿਆ ਜਾਵੇਗਾ।




SOP ਹਦਾਇਤ ਮੁਤਾਬਕ ਜੇ ਹਾਲ 400 ਵਿਅਕਤੀਆਂ ਦੀ ਸਮਰੱਥਾ ਵਾਲਾ ਹੈ, ਤਾਂ ਉੱਥੇ ਸਿਰਫ਼ 200 ਵਿਅਕਤੀਆਂ ਦੇ ਬੈਠਣ ਦੀ ਇਜਾਜ਼ਤ ਹੋਵੇਗੀ ਪਰ ਖੁੱਲ੍ਹੇ ਸਥਾਨਾਂ ਉੱਤੇ 500 ਵਿਅਕਤੀ ਸਮਾਰੋਹ ਵਿੱਚ ਭਾਗ ਲੈ ਸਕਣਗੇ। ਉਨ੍ਹਾਂ ਲਈ ਸੋਸ਼ਲ ਡਿਸਟੈਂਸਿੰਗ, ਫ਼ੇਸ ਮਾਸਕ, ਥਰਮਲ ਸਕੈਨਿੰਗ ਤੇ ਹੈਂਡਵਾਸ਼ ਲਾਜ਼ਮੀ ਹੋਣਗੇ।