ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ? ਕੀ ਬੀਜੀਪੇ ਨੇ 'ਆਪ' ਸਰਕਾਰ ਡੇਗਣ ਲਈ ਬਣਾਇਆ 1375 ਕਰੋੜ ਦੀ ਪਲਾਨ?
ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਦੇ ਇਸ ਦਾਅਵੇ ਮਗਰੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਭੂਚਾਲ ਆ ਗਿਆ ਹੈ।
![ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ? ਕੀ ਬੀਜੀਪੇ ਨੇ 'ਆਪ' ਸਰਕਾਰ ਡੇਗਣ ਲਈ ਬਣਾਇਆ 1375 ਕਰੋੜ ਦੀ ਪਲਾਨ? what is the reality of Operation Lotus to bring down Bhagwant Mann government ਆਖਰ ਕੀ ਹੈ ਭਗਵੰਤ ਮਾਨ ਦੀ ਸਰਕਾਰ ਡੇਗਣ ਲਈ ‘ਅਪਰੇਸ਼ਨ ਲੋਟਸ’ ਦੀ ਅਸਲੀਅਤ? ਕੀ ਬੀਜੀਪੇ ਨੇ 'ਆਪ' ਸਰਕਾਰ ਡੇਗਣ ਲਈ ਬਣਾਇਆ 1375 ਕਰੋੜ ਦੀ ਪਲਾਨ?](https://feeds.abplive.com/onecms/images/uploaded-images/2022/09/07/af31d17cdb75fc2e1593a08422f8fe151662541320471488_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਬੀਜੇਪੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ। 'ਆਪ' ਦੇ ਇਸ ਦਾਅਵੇ ਮਗਰੋਂ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਭੂਚਾਲ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਮਗਰੋਂ ਬੀਜੇਪੀ ਨੇ ਸਬੂਤ ਮੰਗੇ ਹਨ। ਹੁਣ ਆਮ ਆਦਮੀ ਪਾਰਟੀ ਇਸ ਬਾਰੇ ਹੋਰ ਖੁਲਾਸੇ ਕਰ ਸਕਦੀ ਹੈ। ਅਹਿਮ ਗੱਲ ਹੈ ਕਿ ਅਜਿਹੇ ਹੀ ਇਲਜ਼ਾਮ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਵੀ ਲਾਏ ਸੀ।
'ਆਪ' ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੇਣ ਦੀ ਪੇਸ਼ਕਸ਼: ਹਰਪਾਲ ਚੀਮਾ
ਦਰਅਸਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਲਜ਼ਾਮ ਲਾਇਆ ਹੈ ਕਿ ਬੀਜੇਪੀ ਨੇ ‘ਆਪ’ ਦੇ 10 ਵਿਧਾਇਕਾਂ ਨਾਲ ਸੰਪਰਕ ਕਰਕੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ 25-25 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ’ਚ ਭਾਜਪਾ ਦੀ ਸਰਕਾਰ ਬਣਨ ’ਤੇ ਮੰਤਰੀ ਬਨਾਉਣ ਤੇ ਹੋਰ ਵੀ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾਂ ’ਤੇ ਦਬਾਅ ਬਣਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਈਡੀ ਅਤੇ ਸੀਬੀਆਈ ਦਾ ਡਰਾਵਾ ਦਿੱਤਾ ਜਾ ਰਿਹਾ ਹੈ।
ਦੋਸ਼ਾਂ 'ਚ ਕੋਈ ਸਚਾਈ ਤਾਂ ਸਬੂਤ ਦਿਓ: ਅਸ਼ਵਨੀ ਸ਼ਰਮਾ
ਉਧਰ, ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਹਰਪਾਲ ਚੀਮਾ ਵੱਲੋਂ ਲਗਾਏ ਗਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦੋਸ਼ਾਂ ਵਿੱਚ ਕੋਈ ਸਚਾਈ ਹੈ ਤਾਂ ਸਬੂਤ ਜਨਤਾ ਦੇ ਸਾਹਮਣੇ ਪੇਸ਼ ਕਰਨ। ਉਨ੍ਹਾਂ ਕਿਹਾ ਕਿ ਚੀਮਾ ਦਾ ਬਿਆਨ ਆਮ ਆਦਮੀ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ। ਦਿੱਲੀ ਵਿੱਚ ‘ਆਪ’ ਆਗੂਆਂ ਦੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਹੋਣ ਤੇ ‘ਆਪ’ ਆਗੂਆਂ ਦੇ ਜੇਲ੍ਹ ਜਾਣ ਕਾਰਨ ਇਹ ਸਭ ਦਹਿਸ਼ਤ ਵਿੱਚ ਹਨ।
ਸ਼ਰਮਾ ਨੇ ਕਿਹਾ ਕਿ ਦਿੱਲੀ ਵਿੱਚ ਪਹਿਲਾਂ ਆਬਕਾਰੀ ਘੁਟਾਲਾ ਸਾਹਮਣੇ ਆਇਆ, ਫਿਰ ਸਕੂਲ ਘੁਟਾਲਾ, ਫਿਰ ਬੱਸ ਖਰੀਦ ਘੁਟਾਲਾ ਤੇ ਪਤਾ ਨਹੀਂ ਹੁਣ ਹੋਰ ਕਿਹੜੇ-ਕਿਹੜੇ ਘੁਟਾਲਿਆਂ ਦਾ ਪਰਦਾਫਾਸ਼ ਹੋਣਾ ਬਾਕੀ ਹੈ। ਦਿੱਲੀ ਦੇ ਆਬਕਾਰੀ ਘੁਟਾਲੇ ਦਾ ਸੇਕ ਪੰਜਾਬ ਤੱਕ ਵੀ ਪਹੁੰਚ ਗਿਆ ਹੈ, ਜਿਸ ਕਾਰਨ ‘ਆਪ’ ਆਗੂ ਬੁਖਲਾ ਗਏ ਹਨ। ਉਨ੍ਹਾਂ ਕਿਹਾ ਕਿ ਜਨਤਾ ਦੇ ਸਾਹਮਣੇ ਝੂਠ ਬੋਲ ਕੇ ਧਿਆਨ ਭਟਕਾਉਣ ਦੀ ਕੋਸ਼ਿਸ਼ ਨਾ ਕਰੋ।
ਕੀ ਹੈ ਪੂਰਾ ਮਾਮਲਾ?
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਪਹਿਲਾਂ ‘ਅਪਰੇਸ਼ਨ ਲੋਟਸ’ ਤਹਿਤ ਕੇਂਦਰੀ ਜਾਂਚ ਏਜੰਸੀਆਂ ਦੀ ਵਰਤੋਂ ਕਰਕੇ ਤੇ ਪੈਸੇ ਦੇ ਜ਼ੋਰ ’ਤੇ ਗੋਆ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਅਰੁਣਾਚਲ ਪ੍ਰਦੇਸ਼ ਵਿੱਚ ਸਰਕਾਰਾਂ ਡੇਗ ਦਿੱਤੀਆਂ। ਉਸ ਤੋਂ ਬਾਅਦ ਦਿੱਲੀ ਵਿੱਚ ‘ਆਪ’ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਉਸ ਤੋਂ ਬਾਅਦ ਹੁਣ ਪੰਜਾਬ ਵਿੱਚ 92 ਵਿਧਾਇਕਾਂ ਦੇ ਬਹੁਮਤ ਵਾਲੀ ਸਰਕਾਰ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਦਾਅਵਾ ਕੀਤਾ ਕਿ 25-25 ਕਰੋੜ ਰੁਪਏ ਇਕੱਲੇ ਵਿਧਾਇਕ ਨੂੰ ਤੇ 3-4 ਵਿਧਾਇਕ ਨਾਲ ਲਿਆਉਣ ਵਾਲੇ ਵਿਧਾਇਕ ਨੂੰ 50 ਤੋਂ 70 ਕਰੋੜ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਬਾਰੇ ‘ਆਪ’ ਵਿਧਾਇਕਾਂ ਕੋਲ ਸਾਰੀਆਂ ਰਿਕਾਰਡਿੰਗਾਂ ਤੇ ਹੋਰ ਸਬੂਤ ਹਨ। ਵਿੱਤ ਮੰਤਰੀ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੰਜਾਬ ’ਚ ਸਰਕਾਰ ਬਨਾਉਣ ਲਈ ‘ਆਪ’ ਦੇ 35 ਵਿਧਾਇਕਾਂ ਦੀ ਲੋੜ ਹੈ ਜਦਕਿ ਰਹਿੰਦੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਪਹਿਲਾਂ ਹੀ ਹਨ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਬਜ਼ ਮੋਦੀ ਸਰਕਾਰ ਕੋਲ ਪੰਜਾਬ ਦੀ ਆਰਥਿਕ ਮਦਦ ਕਰਨ ਲਈ ਇਕ ਪੈਸਾ ਵੀ ਨਹੀਂ ਹੈ ਪਰ ਪੰਜਾਬ ਦੇ ਵਿਧਾਇਕ ਖਰੀਦਣ ਲਈ 1375 ਕਰੋੜ ਰੁਪਏ ਦਾ ਕਾਲਾ ਧਨ ਹੈ। ਇਹ ਧਨ ਕਿੱਥੋਂ ਆਇਆ ਹੈ ਅਤੇ ਕਿੱਥੇ ਪਿਆ ਹੈ, ਉਸ ਦੀ ਜਾਂਚ ਕਰਵਾਉਣ ਦੀ ਲੋੜ ਹੈ। ‘ਆਪ’ ਆਗੂ ਨੇ ਕਿਹਾ ਕਿ ਪਹਿਲਾਂ ਭਾਜਪਾ ਨੇ ਪਹਿਲਾਂ ਦਿੱਲੀ ਵਿੱਚ 800 ਕਰੋੜ ਰੁਪਏ ਖਰਚ ਕੇ ‘ਆਪ’ ਵਿਧਾਇਕ ਖਰੀਦਣ ਦੀ ਕੋਸ਼ਿਸ਼ ਕੀਤੀ ਹੁਣ ਪੰਜਾਬ ਵਿੱਚ 1375 ਕਰੋੜ ਰੁਪਏ ਖਰਚਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)