ਪੰਜਾਬ 'ਚ ਕੋਰੋਨਾ ਦਾ ਖਤਰਨਾਕ ਕਹਿਰ, 81 ਪ੍ਰਤੀਸ਼ਤ ਯੂਕੇ-ਕੋਵਿਡ ਦੇ ਨਵੇਂ ਸਟ੍ਰੇਨ ਲਈ ਪੌਜ਼ੇਟਿਵ, ਕੈਪਟਨ ਨੇ ਕੀਤਾ ਖਬਰਦਾਰ
ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਪੰਜਾਬ ਵੱਲੋਂ ਭੇਜੇ ਗਏ 401 ਸੈਂਪਲਸ 'ਚੋਂ 81 ਪ੍ਰਤੀਸ਼ਤ ਯੂਕੇ-ਕੋਵਿਡ ਦੇ ਨਵੇਂ ਸਟ੍ਰੇਨ ਲਈ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਸੂਬਾ ਸਰਕਾਰ ਦੀਆਂ ਫਿਕਰਾਂ ਵਧ ਗਈਆਂ ਹਨ।
ਚੰਡੀਗੜ੍ਹ: ਕੋਰੋਨਾਵਾਇਰਸ ਦੇ ਵਧਦੇ ਕੇਸਾਂ ਦਰਮਿਆਨ ਪੰਜਾਬ ਵੱਲੋਂ ਭੇਜੇ ਗਏ 401 ਸੈਂਪਲਸ 'ਚੋਂ 81 ਪ੍ਰਤੀਸ਼ਤ ਯੂਕੇ-ਕੋਵਿਡ ਦੇ ਨਵੇਂ ਸਟ੍ਰੇਨ ਲਈ ਪੌਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਸੂਬਾ ਸਰਕਾਰ ਦੀਆਂ ਫਿਕਰਾਂ ਵਧ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਲੋਕਾਂ ਨੂੰ ਆਪਣੇ ਆਪ ਨੂੰ ਵੈਕਸੀਨ ਲਵਾਉਣ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਕੈਪਟਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ 60 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਕਵਰ ਕਰਨ ਲਈ ਟੀਕਾਕਰਨ ਦੇ ਦਾਇਰੇ ਨੂੰ ਵਧਾਇਆ ਜਾਵੇ ਕਿਉਂਕਿ ਇਹ ਨੌਜਵਾਨਾਂ ਨੂੰ ਵਧੇਰੇ ਸੰਕਰਮਿਤ ਕਰਦੇ ਪਾਇਆ ਗਿਆ ਹੈ। ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਬਾਦੀ ਦੇ ਵੱਡੇ ਹਿੱਸੇ ਲਈ ਟੀਕਾਕਰਨ ਤੁਰੰਤ ਮੁਹਈਆ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਇਸ ਤੱਥ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਮਾਹਰਾਂ ਨੇ ਮੌਜੂਦਾ ਕੋਵੀਸ਼ਿਲਡ ਵੈਕਸੀਨ ਨੂੰ ਯੂਕੇ ਵੈਰੀਅੰਟ-ਬੀ .1.1.7 ਦੇ ਵਿਰੁੱਧ ਬਰਾਬਰ ਪ੍ਰਭਾਵਸ਼ਾਲੀ ਪਾਇਆ ਹੈ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਟੀਕਾ ਲਾਉਣਾ ਜ਼ਰੂਰੀ ਸੀ।
ਕੈਪਟਨ ਅਮਰਿੰਦਰ ਨੇ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਕਾਇਮ ਰੱਖਣ ਸਮੇਤ ਸਾਰੇ ਕੋਵਿਡ ਸੇਫਟੀ ਪ੍ਰੋਟੋਕੋਲ ਦਾ ਸਖਤੀ ਨਾਲ ਪਾਲਣ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ, ਜੇਕਰ ਲੋਕ ਕੋਵਿਡ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਉਹ ਉਨ੍ਹਾਂ 'ਤੇ ਹੋਰ ਸਖਤੀ ਲਗਾਉਣ ਲਈ ਮਜਬੂਰ ਹੋਣਗੇ।
ਦਸ ਦਈਏ ਕਿ ਬੀ.1.1.7 ਵੈਰੀਅੰਟ ਹੁਣ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ, ਜਿਸ ਦੇ ਯੂਕੇ ਵਿੱਚ 98% ਅਤੇ ਸਪੇਨ ਵਿੱਚ 90% ਕੇਸ ਹਨ। ਯੂਕੇ ਦੇ ਅਧਿਕਾਰੀਆਂ ਨੇ ਸੁਝਾਅ ਦਿੱਤਾ ਹੈ ਕਿ ਇਹ ਅਸਲ ਵਾਇਰਸ ਨਾਲੋਂ 70 ਪ੍ਰਤੀਸ਼ਤ ਵਧੇਰੇ ਫੈਲਦਾ ਹੈ।