Punjab News: ਬਿੱਲ ਲਿਆਓ ਇਨਾਮ ਪਾਓ'; ਸਤੰਬਰ ਵਿੱਚ 227 ਨੇ ਜਿੱਤੇ 13 ਲੱਖ ਰੁਪਏ ਤੋਂ ਵੱਧ ਦੇ ਇਨਾਮ - ਹਰਪਾਲ ਚੀਮਾ
Punjab News: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੇਤੂਆਂ ਵਿੱਚੋਂ ਸਭ ਤੋਂ ਵੱਧ 38 ਜੇਤੂ ਟੈਕਸੇਸ਼ਨ ਜਿਲ੍ਹਾ ਲੁਧਿਆਣਾ ਦੇ, ਜਦਕਿ ਦੂਜੇ ਸਥਾਨ 'ਤੇ 21 ਜੇਤੂ ਟੈਕਸੇਸ਼ਨ ਜਿਲ੍ਹਾ ਜਲੰਧਰ ਦੇ ਹਨ।
Punjab News: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ‘ਬਿੱਲ ਲਿਆਓ ਇਨਾਮ ਪਾਓ’ ਸਕੀਮ ਤਹਿਤ ਸਤੰਬਰ ਮਹੀਨੇ ‘ਮੇਰਾ ਬਿੱਲ ਐਪ’ ‘ਤੇ ਬਿੱਲ ਅੱਪਲੋਡ ਕਰਨ ਵਾਲੇ 227 ਜੇਤੂਆਂ ਨੇ 13,39,425 ਰੁਪਏ ਦੇ ਇਨਾਮ ਜਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਵੱਲੋਂ ਸੋਮਵਾਰ ਨੂੰ ਆਨਲਾਈਨ ਲੱਕੀ ਡਰਾਅ ਕੱਢਿਆ ਗਿਆ।
ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਜੇਤੂਆਂ ਵਿੱਚੋਂ ਸਭ ਤੋਂ ਵੱਧ 38 ਜੇਤੂ ਟੈਕਸੇਸ਼ਨ ਜਿਲ੍ਹਾ ਲੁਧਿਆਣਾ ਦੇ, ਜਦਕਿ ਦੂਜੇ ਸਥਾਨ 'ਤੇ 21 ਜੇਤੂ ਟੈਕਸੇਸ਼ਨ ਜਿਲ੍ਹਾ ਜਲੰਧਰ ਦੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਇਸ ਸਕੀਮ ਪ੍ਰਤੀ ਮਿਲੇ ਉਤਸ਼ਾਹ ਬਾਰੇ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਜੇਤੂਆਂ ਵਿੱਚੋਂ 14 ਟੈਕਸੇਸ਼ਨ ਜਿਲ੍ਹਾ ਅੰਮ੍ਰਿਤਸਰ ਤੋਂ, 10 ਹਰੇਕ ਟੈਕਸੇਸ਼ਨ ਜਿਲ੍ਹਿਆਂ ਬਰਨਾਲਾ, ਗੁਰਦਾਸਪੁਰ ਅਤੇ ਫਰੀਦਕੋਟ ਤੋਂ, 9 ਹਰੇਕ ਟੈਕਸੇਸ਼ਨ ਜਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮੋਗਾ ਤੋਂ, 8 ਹਰੇਕ ਟੈਕਸੇਸ਼ਨ ਜਿਲ੍ਹਿਆਂ ਫਤਹਿਗੜ੍ਹ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਪਟਿਆਲਾ, ਕਪੂਰਥਲਾ, ਪਠਾਨਕੋਟ, ਫਿਰੋਜ਼ਪੁਰ, ਫਾਜ਼ਿਲਕਾ, ਹੁਸ਼ਿਆਰਪੁਰ ਅਤੇ ਤਰਨਤਾਰਨ, 7 ਹਰੇਕ ਟੈਕਸੇਸ਼ਨ ਜਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪਨਗਰ ਤੋਂ, ਟੈਕਸੇਸ਼ਨ ਜਿਲ੍ਹਾ ਮਾਨਸਾ ਤੋਂ 6 ਅਤੇ ਟੈਕਸੇਸ਼ਨ ਜਿਲ੍ਹਾ ਸੰਗਰੂਰ ਤੋਂ 5 ਜੇਤੂ ਸ਼ਾਮਿਲ ਹਨ।
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ 81 ਵਿਅਕਤੀਆਂ ਵੱਲੋਂ 10,000 ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਗਈ। ਉਨ੍ਹਾਂ ਦੱਸਿਆ ਇਸ ਯੋਜਨਾ ਤਹਿਤ ਐਲਾਨੇ ਗਏ ਇਨਾਮ ਵਸਤ/ਸੇਵਾ ਲਈ ਅਦਾ ਕੀਤੇ ਕਰ ਦੇ ਪੰਜ ਗੁਣਾ ਦੇ ਬਰਾਬਰ ਅਤੇ ਵੱਧ ਤੋਂ ਵੱਧ 10 ਹਜ਼ਾਰ ਰੁਪਏ ਤੱਕ ਦੇ ਮੁੱਲ ਤੱਕ ਦਾ ਹੈ। ਉਨ੍ਹਾਂ ਕਿਹਾ ਕਿ ਜੇਤੂਆਂ ਦੀ ਸੂਚੀ ਟੈਕਸੇਸ਼ਨ ਵਿਭਾਗ ਦੀ ਵੈੱਬਸਾਈਟ ਉਤੇ ਨਸ਼ਰ ਕਰ ਦਿੱਤੀ ਗਈ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਨਲਾਈਨ ਲੱਕੀ ਡਰਾਅ ਦੌਰਾਨ ਕੁੱਲ 227 ਵਿਅਕਤੀ ਇਨਾਮ ਦੇ ਹੱਕਦਾਰ ਰਹੇ ਜਦਕਿ 63 ਹੋਰ ਵਿਅਕਤੀਆਂ ਦੇ ਨਾਮ ਉਨ੍ਹਾਂ ਵੱਲੋਂ ਅਪਲੋਡ ਕੀਤੇ ਬਿੱਲਾਂ ਦੀ ਪੜਤਾਲ ਉਪਰੰਤ ਨਾਮਨਜ਼ੂਰ ਕਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਵੱਲੋਂ ਅਪਲੋਡ ਕੀਤੇ ਗਏ ਬਿੱਲ ਸਤੰਬਰ ਦੀ ਜਗ੍ਹਾ ਅਗਸਤ ਮਹੀਨੇ ਦੇ ਸਨ, ਕੁਝ ਮਾਮਲਿਆਂ ਵਿੱਚ ਪੈਟਰੋਲ ਦੇ ਬਿੱਲ ਅਪਲੋਡ ਕੀਤੇ ਗਏ ਸਨ, ਕੁਝ ਬਿੱਲ ਪੰਜਾਬ ਤੋਂ ਬਾਹਰ ਕੀਤੀ ਖਰੀਦ ਨਾਲ ਸਬੰਧਤ ਸਨ ਅਤੇ ਇੱਕ ਕੇਸ ਵਿੱਚ ਅੱਪਲੋਡ ਕੀਤਾ ਗਿਆ ਬਿਜਨਸ ਤੋਂ ਬਿਜਨਸ ਲੈਣ-ਦੇਣ ਨਾਲ ਸਬੰਧਤ ਸੀ।
ਵਿੱਤ ਮੰਤਰੀ ਨੇ ਇਸ ਯੋਜਨਾ ਤਹਿਤ ਪੈਟਰੋਲੀਅਮ ਉਤਪਾਦ (ਕੱਚਾ ਤੇਲ, ਪੈਟਰੋਲ, ਡੀਜ਼ਲ, ਹਵਾਬਾਜ਼ੀ ਟਰਬਾਈਨ ਈਂਧਨ ਅਤੇ ਕੁਦਰਤੀ ਗੈਸ) ਅਤੇ ਸ਼ਰਾਬ ਦੇ ਨਾਲ-ਨਾਲ ਬਿਜ਼ਨਸ-ਟੂ-ਬਿਜ਼ਨਸ ਦੇ ਲੈਣ-ਦੇਣ ਦੇ ਵਿਕਰੀ ਬਿੱਲ ਇਨਾਮ ਪ੍ਰਕ੍ਰਿਆ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹਨ।
ਲੋਕਾਂ ਨੂੰ ਵਸਤਾਂ ਤੇ ਸੇਵਾਵਾਂ ਦੀ ਖਰੀਦ ਲਈ ਬਿੱਲ ਲੈਣ ਦੀ ਮੁੜ ਅਪੀਲ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਸਕੀਮ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਟੈਕਸ ਦੀ ਪਾਲਣ ਦਾ ਸੰਦੇਸ਼ ਘਰ-ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਸਮਾਜ ਭਲਾਈ ਦੀਆਂ ਵੱਖ-ਵੱਖ ਸਕੀਮਾਂ ਨੂੰ ਹੋਰ ਬਿਹਤਰ ਢੰਗ ਨਾਲ ਚਲਾਉਣ ਲਈ ਸੂਬੇ ਨੂੰ ਮਾਲੀਏ ਪੱਖੋਂ ਹੋਰ ਮਜ਼ਬੂਤ ਕੀਤਾ ਜਾ ਸਕੇ।