Panchayat Election: ਪੰਜਾਬ 'ਚ ਸਰਬਸੰਮਤੀ ਨਾਲ ਚੁਣੇ ਗਏ 3800 ਸਰਪੰਚ ਤੇ 48,861 ਪੰਚ, ਬਾਕੀਆਂ ਦੀਆਂ 15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ 3800 ਉਮੀਦਵਾਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਸਨ ਅਤੇ 48861 ਉਮੀਦਵਾਰ ਬਿਨਾਂ ਮੁਕਾਬਲਾ ਪੰਚ ਚੁਣੇ ਗਏ ਸਨ।
Punjab News: ਪੰਜਾਬ 'ਚ ਲਗਭਗ 3,800 ਉਮੀਦਵਾਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ। ਰਾਜ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੀਆਂ 13,229 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਵਿਭਾਗ ਨੇ ਦੱਸਿਆ ਕਿ 3,798 ਉਮੀਦਵਾਰ ਬਿਨਾਂ ਮੁਕਾਬਲਾ ਸਰਪੰਚ ਚੁਣੇ ਗਏ ਹਨ, ਜਦਕਿ ਕੁੱਲ 48,861 ਪੰਚ ਵੀ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸਰਪੰਚ ਦੇ ਅਹੁਦੇ ਲਈ 20,147 ਨਾਮਜ਼ਦਗੀ ਪੱਤਰ ਅਤੇ ਪੰਚ ਦੇ ਅਹੁਦੇ ਲਈ 31,381 ਨਾਮਜ਼ਦਗੀ ਪੱਤਰ ਵਾਪਸ ਲਏ ਗਏ ਹਨ। ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਸਰਪੰਚ ਦੇ ਅਹੁਦੇ ਲਈ 25,588 ਅਤੇ ਪੰਚ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
15 ਅਕਤੂਬਰ ਨੂੰ ਪੈਣਗੀਆਂ ਵੋਟਾਂ
ਦੱਸ ਦੇਈਏ ਕਿ ਪੰਚ ਅਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤੱਕ ਜਾਰੀ ਰਹੀ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਕਤੂਬਰ ਨੂੰ ਹੋਈ ਸੀ। ਨਾਮਜ਼ਦਗੀ ਵਾਪਸ ਲੈਣ ਦੀ ਆਖ਼ਰੀ ਮਿਤੀ 7 ਅਕਤੂਬਰ ਸੀ।
ਪੰਜਾਬ ਰਾਜ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਅਨੁਸਾਰ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ। ਇਸ ਤੋਂ ਬਾਅਦ 15 ਅਕਤੂਬਰ ਨੂੰ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਕਿੰਨਾ ਖ਼ਰਚਾ ਕਰ ਸਕਣਗੇ ਉਮੀਦਵਾਰ ?
ਪੰਚ-ਸਰਪੰਚ ਦੇ ਅਹੁਦੇ 'ਤੇ ਚੋਣ ਪ੍ਰਚਾਰ ਲਈ ਖਰਚੇ ਦੀ ਸੀਮਾ ਵੀ ਤੈਅ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨਰ ਚੌਧਰੀ ਅਨੁਸਾਰ ਸਰਪੰਚ ਦੇ ਅਹੁਦੇ ਲਈ ਉਮੀਦਵਾਰ 40 ਹਜ਼ਾਰ ਰੁਪਏ ਤੱਕ ਖਰਚ ਕਰ ਸਕਦਾ ਹੈ। ਇਸ ਤੋਂ ਇਲਾਵਾ ਪੰਚ ਅਹੁਦੇ ਲਈ ਉਮੀਦਵਾਰ ਪ੍ਰਚਾਰ ਲਈ 30 ਹਜ਼ਾਰ ਰੁਪਏ ਤੱਕ ਖਰਚ ਕਰ ਸਕਦਾ ਹੈ। ਪਹਿਲਾਂ ਸਰਪੰਚ ਉਮੀਦਵਾਰ ਲਈ ਖਰਚੇ ਦੀ ਹੱਦ 30 ਹਜ਼ਾਰ ਰੁਪਏ ਅਤੇ ਪੰਚ ਉਮੀਦਵਾਰ ਲਈ ਖਰਚ ਦੀ ਹੱਦ 20 ਹਜ਼ਾਰ ਰੁਪਏ ਸੀ। ਦੋਵਾਂ ਉਮੀਦਵਾਰਾਂ ਦੀ ਖਰਚ ਸੀਮਾ ਵਿੱਚ 10,000 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਪੰਚਾਇਤੀ ਚੋਣਾਂ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਹੋਣਗੀਆਂ, ਸਗੋਂ ਇਸ ਲਈ ਵਿਸ਼ੇਸ਼ ਚੋਣ ਨਿਸ਼ਾਨ ਜਾਰੀ ਕੀਤੇ ਗਏ ਹਨ। ਸਰਪੰਚ ਅਤੇ ਪੰਚਾਂ ਨੂੰ ਚੋਣ ਲੜਨ ਲਈ ਵੱਖ-ਵੱਖ ਚੋਣ ਨਿਸ਼ਾਨ ਦਿੱਤੇ ਗਏ ਹਨ।
vਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।