Punjab News: ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਦਿੱਤੇ ਜਾਣਗੇ 60 ਕਰੋੜ ਰੁਪਏ ਦੇ ਵਿੱਤੀ ਲਾਭ
Punjab News: ਡਾ. ਬਲਜੀਤ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਲੈ ਕੇ ਚਾਲੂ ਵਿੱਤੀ ਸਾਲ ਦੌਰਾਨ 60 ਕਰੋੜ ਰੁਪਏ ਦੇ ਦਿੱਤੇ ਜਾਣਗੇ ਵਿੱਤੀ ਲਾਭ।
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਚਾਲੂ ਵਿੱਤੀ ਸਾਲ ਦੌਰਾਨ 60 ਕਰੋੜ ਰੁਪਏ ਦੇ ਵਿੱਤੀ ਲਾਭ ਦਿੱਤੇ ਜਾਣਗੇ। ਇਸ ਦੀ ਸ਼ੁਰੁਆਤ ਜੂਨ ਮਹੀਨੇ ਵਿੱਚ ਲਗਭਗ 25 ਕਰੋੜ ਰੁਪਏ ਦੇ ਵਿੱਤੀ ਲਾਭ ਔਰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਟਰਾਂਸਫਰ ਕਰਕੇ ਕੀਤੀ ਜਾਵੇਗੀ। ਇਸ ਦਾ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਵੱਲੋਂ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਸਰਕਾਰ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਲਗਾਤਾਰ ਕਾਰਜਸ਼ੀਲ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਵਿੱਚ ਪਿਛਲੇ ਵਿੱਤੀ ਸਾਲ ਦੌਰਾਨ 96044 ਔਰਤ ਲਾਭਪਾਤਰੀਆਂ ਨੂੰ 42 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਰਕਮ ਵਿੱਚੋ ਦੂਜਾ ਬੱਚਾ ਬੇਟੀ ਦੇ ਜਨਮ 'ਤੇ 42,592 ਔਰਤਾਂ ਨੂੰ ਲਗਭਗ 25.55 ਕਰੋੜ ਰੁਪਏ ਦੇ ਵਿੱਤੀ ਲਾਭ ਦਿੱਤੇ ਗਏ।
ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ 19 ਸਾਲ ਅਤੇ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਪਹਿਲੇ ਜੀਵਤ ਬੱਚੇ ਦੇ ਜਨਮ 'ਤੇ 5000 ਰੁਪਏ ਦੋ ਕਿਸ਼ਤਾਂ ਵਿੱਚ (ਰੁਪਏ 3000+2000) ਅਤੇ ਦੂਜਾ ਬੱਚਾ ਲੜਕੀ ਪੈਦਾ ਹੋਣ ਤੇ 6000 ਰੁਪਏ ਦਿੱਤੇ ਜਾਦੇ ਹਨ। ਇਹ ਰਾਸ਼ੀ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਪੋਸ਼ਣ ਅਤੇ ਸਿਹਤ ਸਥਿਤੀ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਸ਼ਰਤਾਂ ਦੀ ਪੂਰਤੀ ਦੇ ਅਧੀਨ ਦਿੱਤੀ ਜਾਵੇਗੀ। ਇਸ ਯੋਜਨਾ ਦਾ ਮੁੱਖ ਉਦੇਸ਼ ਔਰਤਾਂ ਨੂੰ ਅੰਸ਼ਕ ਮੁਆਵਜਾ ਪ੍ਰਦਾਨ ਕਰਕੇ ਉਨ੍ਹਾਂ ਦੀ ਸਿਹਤ ਵਿੱਚ ਬੱਚੇ ਦੇ ਜਣੇਪੇ ਤੋਂ ਪਹਿਲਾਂ ਅਤੇ ਬਾਅਦ ਵਿੱਚ ਸੁਧਾਰ ਕਰਨਾ ਹੈ।
ਇਸ ਨਾਲ ਬੱਚੀਆਂ ਦੇ ਘੱਟ ਰਹੇ ਜਨਮ ਸਮੇ ਲਿੰਗ ਅਨੁਪਾਤ ਵਿਚ ਸੁਧਾਰ ਕਰਨ ਦੇ ਉਦੇਸ਼ ਨੂੰ ਬਲ ਮਿਲੇਗਾ ਅਤੇ ਜਨਮ ਤੋਂ ਪਹਿਲਾਂ ਲਿੰਗ ਚੋਣ ਕੀਤੇ ਜਾਣ ਵਾਲੀ ਪ੍ਰਥਾ ਨੂੰ ਠੱਲ ਪਾਉਣ ਵਿਚ ਸਹਾਇਤਾ ਮਿਲੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੇ ਸਾਰੇ ਆਂਗਣਵਾੜੀ ਸੈਂਟਰਾਂ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ ਇਸ ਵਿੱਤੀ ਸਹਾਇਤਾ ਲਈ ਫਾਰਮ ਭਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਵਿੱਤੀ ਸਹਾਇਤਾ ਦੀ ਅਦਾਇਗੀ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ/ ਡਾਕਖਾਨੇ ਖਾਤਿਆਂ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਆਧਾਰ ਨਾਲ ਜੋੜਿਆ ਜਾ ਚੁੱਕਾ ਹੈ।
ਡਾ. ਬਲਜੀਤ ਕੌਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੇ ਯੋਗ ਲਾਭਪਾਤਰੀਆਂ ਦੇ ਫਾਰਮ ਭਰੇ ਜਾਣ ਅਤੇ ਇਨ੍ਹਾਂ ਲਾਭਪਾਤਰੀਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾਵੇ। ਇਸ ਤੋਂ ਇਲਾਵਾ ਲਾਭਪਾਤਰੀ ਘਰ ਬੈਠ ਕਿ ਵੀ ਆਨਲਾਈਨ ਪੋਰਟਲ (https://pmmvy.nic.in/) ਤੇ ਆਪਣੇ ਆਪ ਰਜਿਸਟਰਡ ਕਰਕੇ ਆਪਣੀ ਅਰਜੀ ਜਮਾ ਕਰਵਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵਧੇਰੇ ਜਾਣਕਾਰੀ ਲਈ ਲਾਭਪਾਤਰੀ ਆਪਣੇ ਜ਼ਿਲ੍ਹੇ ਦੇ ਆਂਗਣਵਾੜੀ ਸੈਂਟਰ/ਦਫ਼ਤਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਤੇ ਦਫ਼ਤਰ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।