Punjab News: ਜਵਾਕਾਂ ਦੇ ਕਲੇਸ਼ 'ਚ ਦੋ ਪਰਿਵਾਰਾਂ ਦੀ ਹੋਈ ਖ਼ੂਨੀ ਝੜਪ, ਇੱਕ ਨੇ ਘਰ 'ਵੜ ਕੇ ਕੁੱਟੇ, ਦੂਜਾ ਪਾਣੀ ਦੀ ਟੈਂਕੀ 'ਤੇ ਚੜ੍ਹਿਆ
Punjab News: ਸਕੂਲ ਵਿੱਚ ਬੱਚਿਆਂ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਝਗੜਾ ਹੋ ਗਿਆ ਸੀ। ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਲੜਾਈ ਝਗੜਾ ਹੋ ਗਿਆ। ਇੱਕ ਪਰਿਵਾਰ ਹਸਪਤਾਲ 'ਚ ਦਾਖਲ ਹੈ, ਦੂਜਾ ਪਰਿਵਾਰ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ ਸੀ।
Punjab News: ਮੋਗਾ ਦੇ ਪਿੰਡ ਰਾਮੂਵਾਲਾ ਕਲਾਂ ਵਿੱਚ ਦੋ ਬੱਚਿਆਂ ਦੀ ਲੜਾਈ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਖੂਨੀ ਝੜਪ ਹੋ ਗਈ। ਇੱਕ ਪਰਿਵਾਰ ਨੇ ਦੂਜੇ ਪਰਿਵਾਰ ਦੇ ਘਰ ਜਾ ਕੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ 'ਚ ਤਿੰਨ ਲੋਕ ਜ਼ਖਮੀ ਹੋ ਗਏ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਹਮਲਾਵਰ ਲੜਾਈ ਦੇ ਸਬੂਤ ਨਸ਼ਟ ਕਰਨ ਲਈ ਘਰ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਵੀ ਲੈ ਗਏ। ਕੁੱਟਮਾਰ ਤੋਂ ਬਾਅਦ ਪੂਰਾ ਪਰਿਵਾਰ 5-6 ਘੰਟੇ ਤੱਕ ਘਰ 'ਚ ਬੰਦ ਰਿਹਾ ਅਤੇ ਹਸਪਤਾਲ ਵੀ ਨਹੀਂ ਜਾਣ ਦਿੱਤਾ ਗਿਆ। ਸੂਚਨਾ ਮਿਲਣ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਪੂਰੇ ਪਰਿਵਾਰ ਨੂੰ ਮੋਗਾ ਦੇ ਸਿਵਲ ਹਸਪਤਾਲ ਪਹੁੰਚਾਇਆ।
ਇਸ ਦੇ ਨਾਲ ਹੀ ਕੁੱਟਮਾਰ ਦੇ ਦੋਸ਼ੀ ਪਤੀ-ਪਤਨੀ ਨੇ ਪਿੰਡ ਦੀ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸਪਰੇਅ ਪੀ ਕੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ। ਇਹ ਹਾਈ ਵੋਲਟੇਜ ਡਰਾਮਾ ਕਰੀਬ ਦੋ ਤੋਂ ਤਿੰਨ ਘੰਟੇ ਚੱਲਦਾ ਰਿਹਾ। ਡੀਐਸਪੀ ਧਰਮਕੋਟ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਦਾ ਭਰੋਸਾ ਦਿੰਦਿਆਂ ਪਤੀ-ਪਤਨੀ ਨੂੰ ਟੈਂਕੀ ਤੋਂ ਹੇਠਾਂ ਉਤਾਰਿਆ।
ਜ਼ਖ਼ਮੀ ਪਰਿਵਾਰ ਦੀ ਅਮਨਦੀਪ ਕੌਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਇਸੇ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੇ ਇੱਕ ਲੜਕੇ ਨੇ ਨੌਵੀਂ ਜਮਾਤ ਵਿੱਚ ਪੜ੍ਹਦੀ ਉਸ ਦੀ ਲੜਕੀ ਨੂੰ ਗਲਤ ਸ਼ਬਦ ਕਹੇ। ਜਦੋਂ ਧੀ ਨੇ ਭਰਾ ਨੂੰ ਦੱਸਿਆ ਤਾਂ ਉਸਦਾ ਲੜਕਾ, ਉਸ ਲੜਕੇ ਨੂੰ ਪੁੱਛਣ ਚਲਾ ਗਿਆ। ਇਸ ਕਾਰਨ ਉਸ ਦੇ ਪੁੱਤਰ ਦੀ ਕੁੱਟਮਾਰ ਕੀਤੀ ਗਈ। ਇਸ ਗੱਲ ਨੂੰ ਲੈ ਕੇ ਦੋਵਾਂ ਪਰਿਵਾਰਾਂ ਵਿੱਚ ਝਗੜਾ ਚੱਲ ਰਿਹਾ ਸੀ। ਇਸ ਝਗੜੇ ਦੇ ਚੱਲਦਿਆਂ 25 ਤੋਂ 30 ਵਿਅਕਤੀਆਂ ਨੇ ਘਰ 'ਚ ਦਾਖਲ ਹੋ ਕੇ ਉਸ 'ਤੇ ਹਮਲਾ ਕਰ ਦਿੱਤਾ। ਉਸ ਦੇ ਪਤੀ ਅਤੇ ਅਪਾਹਜ ਦਿਓਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਗੇਟ ਤੋੜ ਕੇ ਅੰਦਰ ਆਏ ਤਾਂ ਸਾਡੀ ਵੀ ਕੁੱਟਮਾਰ ਕੀਤੀ ਗਈ। ਮੁਲਜ਼ਮ ਘਰ ਨੂੰ ਅੱਗ ਲਾਉਣ ਦੀ ਗੱਲ ਕਹਿ ਕੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਵੀ ਲੈ ਗਏ। ਉਹ ਜ਼ਖਮੀ ਹਾਲਤ ਵਿੱਚ ਘਰ ਵਿੱਚ ਹੀ ਪਏ ਰਹੇ। ਮੁਲਜ਼ਮਾਂ ਨੇ ਐਂਬੂਲੈਂਸ ਨੂੰ ਵੀ ਨਹੀਂ ਆਉਣ ਦਿੱਤਾ। 5/6 ਘੰਟੇ ਬਾਅਦ ਪੁਲਿਸ ਨੇ ਉਸ ਨੂੰ ਘਰੋਂ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ।
ਉੱਥੇ ਹੀ ਟੈਂਕੀ ’ਤੇ ਚੜ੍ਹੇ ਚਰਨਜੀਤ ਕੌਰ ਦੇ ਪੁੱਤਰ ਬਸੰਤ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਅਕਸਰ ਗਾਲ੍ਹਾਂ ਕੱਢਦੀ ਸੀ। ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਅਮਨਦੀਪ ਕੌਰ ਨੇ ਆਪਣੇ ਚਾਚੇ ਦੇ ਲੜਕੇ ਨੂੰ ਸਕੂਲ ਜਾਂਦੇ ਰਸਤੇ ਵਿੱਚ ਘੇਰ ਲਿਆ ਅਤੇ ਗਾਲ੍ਹਾਂ ਕੱਢੀਆਂ। ਜਦੋਂ ਅਸੀਂ ਉਨ੍ਹਾਂ ਦੇ ਘਰ ਦੇ ਬਾਹਰ ਧਰਨਾ ਦਿੱਤਾ ਤਾਂ ਪੁਲਿਸ ਨੇ ਆ ਕੇ ਸਾਡੇ 'ਤੇ ਜ਼ਬਰਦਸਤੀ ਕੀਤੀ ਅਤੇ ਮੇਰੀ ਮਾਂ ਨੂੰ ਧੱਕੇ ਮਾਰੇ। ਜਿਸ ਕਾਰਨ ਉਸ ਦੇ ਮਾਪੇ ਇਨਸਾਫ਼ ਲੈਣ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ।
ਡੀਐਸਪੀ ਧਰਮਕੋਟ ਰਵਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਵਿਚਕਾਰ ਹੋਈ ਲੜਾਈ ਨੂੰ ਲੈ ਕੇ ਦੋ ਪਰਿਵਾਰਾਂ ਵਿੱਚ ਝਗੜਾ ਹੋ ਗਿਆ ਸੀ। ਇਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਲੜਾਈ ਝਗੜਾ ਹੋ ਗਿਆ। ਇੱਕ ਪਰਿਵਾਰ ਹਸਪਤਾਲ 'ਚ ਦਾਖਲ ਹੈ, ਦੂਜਾ ਪਰਿਵਾਰ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਿਆ ਸੀ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।