ਸਰਕਾਰ ਬਦਲੀ ਸਿਸਟਮ ਨਹੀਂ? ਬਾਦਲ ਸਰਕਾਰ ਵੇਲੇ ਬਠਿੰਡਾ, ਕੈਪਟਨ ਵੇਲੇ ਪਟਿਆਲ ਤੇ ਹੁਣ ਹੱਕ ਮੰਗਣ ਵਾਲਿਆਂ 'ਤੇ ਸੰਗਰੂਰ 'ਚ ਵਰ੍ਹ ਰਿਹਾ ਪੁਲਿਸ ਦਾ ਡੰਡਾ
ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕ ਸੜਕਾਂ ਉੱਪਰ ਆਉਣੇ ਵੀ ਸ਼ੁਰੂ ਹੋ ਗਏ ਹਨ। ਅਹਿਮ ਗੱਲ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਸੰਘਰਸ਼ ਦਾ ਕੇਂਦਰ ਬਣਦਾ ਜਾ ਰਿਹਾ ਹੈ।
Sangrur News: ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਨਾਲ ਹੀ ਲੋਕ ਸੜਕਾਂ ਉੱਪਰ ਆਉਣੇ ਵੀ ਸ਼ੁਰੂ ਹੋ ਗਏ ਹਨ। ਅਹਿਮ ਗੱਲ ਹੈ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ਹਿਰ ਸੰਗਰੂਰ ਸੰਘਰਸ਼ ਦਾ ਕੇਂਦਰ ਬਣਦਾ ਜਾ ਰਿਹਾ ਹੈ। ਆਏ ਦਿਨ ਪ੍ਰਦਰਸ਼ਨਕਾਰੀਆਂ ਉੱਪਰ ਪੁਲਿਸ ਦਾ ਡੰਡਾ ਵਰ੍ਹ ਰਿਹਾ ਹੈ। ਇਸ ਤੋਂ ਪਹਿਲਾਂ ਬਾਦਲ ਸਰਕਾਰ ਵੇਲੇ ਬਠਿੰਡਾ ਤੇ ਕੈਪਟਨ ਅਮਰਿੰਦਰ ਦੀ ਸਰਕਾਰ ਵੇਲੇ ਪਟਿਆਲਾ ਵਿੱਚ ਵੀ ਇਹੀ ਹਾਲ ਹੁੰਦਾ ਰਿਹਾ ਹੈ।
ਦੱਸ ਦਈਏ ਕਿ ਸੰਗਰੂਰ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਸ਼ੁੱਕਰਵਾਰ ਨੂੰ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਕਾਰ ਖਿੱਚਧੂਹ ਤੇ ਧੱਕਾਮੁੱਕੀ ਹੋਈ। ਤਿੰਨ ਵੱਖ-ਵੱਖ ਯੂਨੀਅਨਾਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਵਲੋਂ ਵੱਖੋ-ਵੱਖ ਪ੍ਰਦਰਸ਼ਨ ਕੀਤੇ ਗਏ ਤੇ ਤਿੰਨੋਂ ਪ੍ਰਦਰਸ਼ਨਕਾਰੀ ਧਿਰਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਇਨ੍ਹਾਂ ਪ੍ਰਦਰਸ਼ਨਕਾਰੀ ਧਿਰਾਂ ’ਚ ਓਵਰਏਜ ਬੇਰੁਜ਼ਗਾਰ ਯੂਨੀਅਨ, ਈਟੀਟੀ (ਈਜੀਐਸ/ ਏਆਈਈ/ਐਸਟੀਆਰ) ਅਧਿਆਪਕ ਯੂਨੀਅਨ ਪੰਜਾਬ ਤੇ ਪੀ.ਐਸ.ਟੈਟ ਯੂਨੀਅਨ ਪੰਜਾਬ ਸ਼ਾਮਲ ਸਨ।
ਓਵਰਏਜ ਬੇਰੁਜ਼ਗਾਰ ਯੂਨੀਅਨ ਦਾ ਐਕਸ਼ਨ
ਓਵਰਏਜ ਬੇਰੁਜ਼ਗਾਰ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਸਥਾਨਕ ਵੇਰਕਾ ਮਿਲਕ ਪਲਾਂਟ ਨੇੜੇ ਇਕੱਠੇ ਹੋਏ ਜਿੱਥੋਂ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨੇੜੇ ਪੁੱਜੇ। ਪ੍ਰਦਰਸ਼ਨਕਾਰੀ ਸਿੱਖਿਆ ਤੇ ਸਿਹਤ ਵਿਭਾਗ ਵਿਚ ਖਾਲੀ ਅਸਾਮੀਆਂ ’ਤੇ ਉਮਰ ਹੱਦ ਵਿਚ ਛੋਟ ਦੇ ਕੇ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਪੁੱਜੇ ਸਨ। ਜਿਉਂ ਹੀ ਪ੍ਰਦਰਸ਼ਨਕਾਰੀਆਂ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨਾਲ ਧੱਕਾ-ਮੁੱਕੀ ਹੋਈ। ਇਸ ਦੌਰਾਨ ਦੋ ਪ੍ਰਦਰਸ਼ਨਕਾਰੀ ਲੜਕੀਆਂ ਸੜਕ ਉੱਪਰ ਡਿੱਗ ਪਈਆਂ।
ਬੇਰੁਜ਼ਗਾਰ ਯੂਨੀਅਨ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਰਮਨ ਕੁਮਾਰ ਨੇ ਕਿਹਾ ਕਿ ਚੋਣਾਂ ਮੌਕੇ ਭਗਵੰਤ ਮਾਨ ਵੱਲੋਂ ਬੇਰੁਜ਼ਗਾਰਾਂ ਨੂੰ ਉਮਰ ਹੱਦ ਵਿਚ ਛੋਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਇੱਕ ਸਾਲ ਬੀਤਣ ਦੇ ਬਾਵਜੂਦ ਇਹ ਵਾਅਦਾ ਪੂਰਾ ਨਹੀਂ ਕੀਤਾ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਲੋਂ 20 ਅਪਰੈਲ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਚ ਮੀਟਿੰਗ ਦਾ ਲਿਖਤੀ ਪੱਤਰ ਸੌਂਪਿਆ ਗਿਆ ਜਿਸ ਮਗਰੋਂ ਧਰਨਾ ਸਮਾਪਤ ਕੀਤਾ ਗਿਆ।
ਈਟੀਟੀ (ਈਜੀਐਸ/ ਏਆਈਈ/ਐਸਟੀਆਰ) ਅਧਿਆਪਕ ਯੂਨੀਅਨ ਦਾ ਪ੍ਰਦਰਸ਼ਨ
ਉਧਰ, ਈਟੀਟੀ (ਈਜੀਐਸ/ ਏਆਈਈ/ਐਸਟੀਆਰ) ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਆਗੂ ਮੱਖਣ ਸਿੰਘ ਤੋਲਾਵਾਲ, ਹਰਵਿੰਦਰ ਸਿੰਘ ਦਿੜਬਾ, ਗੁਰਜੀਵਨ ਸਿੰਘ ਛਾਜਲੀ ਤੇ ਗੁਰਜੀਤ ਸਿੰਘ ਉਗੋਕੇ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਛੇ ਹਜ਼ਾਰ ਰੁਪਏ ਤਨਖ਼ਾਹ ਲੈਣ ਵਾਲੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਅਸਲ ਸਚਾਈ ਇਹ ਹੈ ਕਿ ਜਿਨ੍ਹਾਂ ਨੂੰ ਪੱਕੇ ਕਰਨ ਦੇ ਸੁਫ਼ਨੇ ਵਿਖਾਏ ਜਾ ਰਹੇ ਹਨ, ਉਹ ਹੋਰ ਕੇਡਰ ਵਾਲੇ ਹਨ।
ਉਨ੍ਹਾਂ ਮੰਗ ਕੀਤੀ ਕਿ ਸੇਵਾਵਾਂ ਵਿਚ ਪੁਰਾਣਾ ਤਜਰਬਾ ਜੋੜ ਕੇ ਰੈਗੂਲਰ ਕੀਤਾ ਜਾਵੇ। ਯੂਨੀਅਨ ਦੀ 10 ਅਪਰੈਲ ਦੀ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਵਿਚ ਮੀਟਿੰਗ ਤੈਅ ਹੋਈ। ਇਸ ਤੋਂ ਇਲਾਵਾ ਪੀਐਸਟੈਟ ਯੂਨੀਅਨ ਪੰਜਾਬ ਦੇ ਆਗੂ ਸੋਨੂੰ ਕੰਬੋਜ, ਅਮਨਦੀਪ ਕੰਬੋਜ, ਪਰਮਿੰਦਰ ਸਿੰਘ ਅਤੇ ਸੁਖਜੀਤ ਸਿੰਘ ਨੇ ਮੰਗ ਕੀਤੀ ਕਿ ਟੈਟ ਦਾ ਪੇਪਰ ਰੱਦ ਕਰ ਕੇ ਦੁਬਾਰਾ ਸਹੀ ਪੈਟਰਨ ਨਾਲ ਹਰ ਸਾਲ ਲਿਆ ਜਾਵੇ।