19 ਮਹੀਨਿਆਂ ਤੋਂ ਸਾਊਦੀ ਦੀ ਜੇਲ ਵਿੱਚ ਬੰਦ ਪੰਜਾਬ ਦਾ ਨੌਜਵਾਨ, ਪਾਕਿਸਤਾਨੀ ਯਾਰ ਨੇ ਕੀਤੀ ਸੀ ਬੇਈਮਾਨੀ
ਜੇਲ੍ਹ ਵਿੱਚ ਬੰਦ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦੀ ਸਜ਼ਾ ਪੂਰੀ ਹੋਇਆ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਉਸ ਨੂੰ ਛੱਡਿਆ ਨਹੀਂ ਜਾ ਰਿਹਾ।
Punjab News: ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁੰਨੇ ਦਾ ਹਰਪ੍ਰੀਤ ਸਿੰਘ ਜੋ ਕਿ ਰੋਜੀ ਰੋਟੀ ਦੀ ਤਲਾਸ਼ ਵਿੱਚ ਕਰਜ਼ਾ ਚੁੱਕ ਕੇ ਸਾਉਦੀ ਅਰਬ ਵਿਖੇ ਡਰਾਈਵਰੀ ਕਰਨ ਗਿਆ ਸੀ ਤੇ ਹੁਣ 19 ਮਹੀਨਿਆਂ ਤੋ ਸਾਉਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਆਪਣੇ ਪਾਕਿਸਤਾਨੀ ਮਿੱਤਰ ਰਸ਼ੀਦ ਖਾਨ ਬਖਤ ਮਨੀਰ ਦੀ ਬੇਈਮਾਨੀ ਦਾ ਸ਼ਿਕਾਰ ਹੋਇਆ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਪੀੜਤ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਰਿਹਾਈ ਨੂੰ ਲੈ ਕੇ ਸਿਆਸੀ ਆਗੂਆਂ ਤਕ ਅਣਥੱਕ ਕੋਸ਼ਿਸ਼ਾ ਕੀਤੀਆਂ। ਪਰ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ। ਪੀੜਤ ਨੌਜਵਾਨ ਦੀ ਮਾਤਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਉਸ ਦਾ ਪੁੱਤਰ ਹਰਪ੍ਰੀਤ ਸਿੰਘ 2019 ਵਿਚ ਸਾਉਦੀ ਵਿਖੇ ਬਿਨ ਜਾਰਾ ਗਰੁੱਪ ਆਫ ਕੰਪਨੀ ਵਿੱਚ ਬਤੌਰ ਡਰਾਈਵਰ ਕੰਮ ਤੇ ਲੱਗੀਆ ਸੀ।
ਓਥੇ ਉਸ ਦੇ ਨਾਲ ਲੇਬਰ ਦੇ ਵਿੱਚ ਕੰਮ ਕਰਦੇ ਇਕ ਪਾਕਿਸਤਾਨੀ ਬੰਦੇ ਰਸ਼ੀਦ ਖਾਨ ਬਖਤ ਮਨੀਰ ਨੇ ਉਸਦੀ ਗੱਡੀ ਦੇ ਵਿੱਚ ਘਰੇਲੂ ਸਾਮਾਨ ਦੱਸ ਕੇ ਇੱਕ ਝੋਲਾ ਰੱਖਿਆ ਤੇ ਹਰਪ੍ਰੀਤ ਨੂੰ ਉਹ ਝੌਲਾ ਸਾਉਦੀ ਵਿਖੇ ਅਪਣਾ ਰਿਸ਼ਤੇਦਾਰ ਦੱਸ ਕੇ ਕਿਸੇ ਦੁਕਾਨ ਤੇ ਫੜਾਉਣ ਦੇ ਲਈ ਕਿਹਾ। ਕਾਫ਼ੀ ਸਮੇਂ ਤੋਂ ਬਾਅਦ ਉਹ ਦੁਕਾਨਦਾਰ ਚੋਰੀ ਕੀਤੇ ਗਏ ਤਾਂਬੇ ਦੇ ਸਮਾਨ ਨਾਲ ਫੜਿਆ ਗਿਆ। ਤਾਂ ਉਸਨੇ ਹਰਪ੍ਰੀਤ ਸਿੰਘ ਦਾ ਨਾਮ ਲੈ ਕੇ ਕਿਹਾ ਕਿ ਮੈਨੂੰ ਇਹ ਝੋਲ਼ਾ ਹਰਪ੍ਰੀਤ ਸਿੰਘ ਦੇ ਕੇ ਗਿਆ ਹੈ। ਜਿਸ ਤੋਂ ਬਾਅਦ ਸਾਊਦੀ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇਹ ਝੌਲਾ ਉਸ ਦੀ ਕੰਪਨੀ ਵਿੱਚ ਕੰਮ ਕਰਦੇ ਰਸ਼ੀਦ ਖ਼ਾਨ ਵੱਲੋਂ ਆਪਣਾ ਘਰੇਲੂ ਸਮਾਨ ਦੱਸ ਕੇ ਗੱਡੀ ਵਿੱਚ ਰੱਖ ਦਿੱਤਾ ਗਿਆ ਸੀ। ਹਰਪ੍ਰੀਤ ਦੇ ਗ੍ਰਿਫ਼ਤਾਰੀ ਦੌਰਾਨ ਤੋਂ ਬਾਅਦ ਪੁਲਿਸ ਨੇ ਰਸ਼ੀਦ ਖਾਨ ਦੀ ਵੀ ਗ੍ਰਿਫ਼ਤਾਰੀ ਕਰ ਲਈ। ਤੇ ਇਸ ਮਾਮਲੇ ਵਿਚ ਸਾਉਦੀ ਦੀ ਅਦਾਲਤ ਨੇ ਹਰਪ੍ਰੀਤ ਸਿੰਘ ਨੂੰ ਇੱਕ ਸਾਲ ਦੀ ਸਜ਼ਾ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਸਾਉਦੀ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਸ਼ੀਦ ਖਾਨ ਆਪਣੀ ਜਮਾਨਤ ਕਰਵਾ ਕੇ ਉਥੋਂ ਫਰਾਰ ਹੋ ਗਿਆ ਹੈ। ਜੇਲ੍ਹ ਵਿੱਚ ਬੰਦ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਨੇ ਰੋਂਦਿਆਂ ਦੱਸਿਆ,ਕਿ ਉਸ ਦੀ ਸਜ਼ਾ ਪੂਰੀ ਹੋਇਆ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਉਸ ਨੂੰ ਛੱਡਿਆ ਨਹੀਂ ਜਾ ਰਿਹਾ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਪੀੜਤ ਪਰਿਵਾਰ ਦੀ ਮਦਦ ਦੇ ਲਈ ਅੱਜ ਸਮਾਜ ਸੇਵੀ ਗੌਰਵ ਰਾਣਾ ਤੇ ਡਾਂ ਦਵਿੰਦਰ ਬਜਾੜ ਨੇ ਹਰਪ੍ਰੀਤ ਸਿੰਘ ਦੀ ਪੈਰਵਾਈ ਕਰਨ ਦਾ ਬੀੜਾ ਚੁੱਕਿਆ। ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਵਿਦੇਸ਼ ਵਿੱਚ ਸਾਡੇ ਸੂਬੇ ਦਾ ਸਾਡੇ ਦੇਸ਼ ਦਾ ਕੋਈ ਨੌਜਵਾਨ ਫਸ ਜਾਂਦਾ ਹੈ। ਤੇ ਉਸ ਨੂੰ ਡਿਪੋਰਟ ਕਰਨ ਸਮੇਤ ਵਾਪਸ ਲਿਆਉਣ ਦੀ ਜ਼ਿੰਮੇਦਾਰੀ ਦੋਨਾਂ ਮੁਲਕਾਂ ਦੇ ਵਿਦੇਸ਼ ਮੰਤਰਾਲਾ ਦੀ ਬਣਦੀ ਹੈ। ਉਹਨਾਂ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਹਰਪ੍ਰੀਤ ਸਿੰਘ ਦਾ ਕੇਸ ਤਿਆਰ ਕੀਤਾ ਜਾ ਰਿਹਾ ਹੈ।ਤੇ ਪੂਰੇ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲੇ ਸਮੇਤ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਰਾਹੀਂ ਹਰਪ੍ਰੀਤ ਸਿੰਘ ਨੂੰ ਇਨਸਾਫ ਦਿਵਾਉਣ ਤੇ ਉਸਦੀ ਰਿਹਾਈ ਕਰਾਉਣ ਦੇ ਲਈ ਪੱਤਰ ਵਿਵਹਾਰ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।