Punjab By Poll: ਆਪ 'ਤੇ ਵੀ ਪਿਆ ਪਰਿਵਾਰਵਾਦ ਤੇ ਯਾਰੀਆਂ ਦਾ ਪਰਛਾਵਾਂ ! ਜ਼ਿਮਨੀ ਚੋਣਾਂ 'ਚ 'ਵਰਕਰਾਂ' ਨੂੰ ਮਿਲੀਆਂ ਟਿਕਟਾਂ ?
ਪਹਿਲਾਂ ਲੋਕ ਸਭਾ ਚੋਣਾਂ ਵਿੱਚ ਮੰਤਰੀਆਂ ਤੇ ਦਲਬਦਲੂਆਂ ਨੂੰ ਟਿਕਟਾਂ ਨਾਲ ਨਵਾਜਿਆ ਤੇ ਹੁਣ ਵੀ ਉਹੀ ਕੀਤਾ ਜਾ ਰਿਹਾ ਹੈ ਤਾਂ ਹੁਣ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਹੈ ਕਿ ਆਪ ਸਹੀ ਮਾਇਨੇ ਵਿੱਚ ਹੁਣ ਇੱਕ ਸਿਆਸੀ ਪਾਰਟੀ ਬਣ ਗਈ ਹੈ।
Punjab News: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਸਿਰਫ਼ ਇੱਕ ਉਮੀਦਵਾਰ ਹੀ ਦੁਹਰਾਇਆ ਗਿਆ ਹੈ। ਬਾਕੀ ਤਿੰਨ ਸੀਟਾਂ 'ਤੇ ਨਵੇਂ ਚਿਹਰੇ ਮੈਦਾਨ 'ਚ ਉਤਾਰੇ ਗਏ ਹਨ।
The Aam Aadmi Party hereby announces candidates for Bye Elections in the state of Punjab! pic.twitter.com/EO0tFf49Mk
— AAP Punjab (@AAPPunjab) October 20, 2024
ਜੇ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਪਾਰਟੀ ਨੇ 2022 ਦੀਆਂ ਚੋਣਾਂ ਵਿੱਚ ਉਮੀਦਵਾਰ ਰਹੇ ਗੁਰਦੀਪ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਹੈ ਜੋ ਕਿ ਸੁਖਜਿੰਦਰ ਰੰਧਾਵਾ ਤੋਂ ਸਿਰਫ਼ 466 ਵੋਟਾਂ ਨਾਲ ਹਾਰ ਗਏ ਸਨ।
ਪਰਿਵਾਰ ਵਿੱਚ ਹੀ ਦਿੱਤੀ ਟਿਕਟ
ਇਸ ਤੋਂ ਬਾਅਦ ਜੇ ਗੱਲ ਚੱਬੇਵਾਲ ਸੀਟ ਦੀ ਕਰੀਏ ਤਾਂ ਪਾਰਟੀ ਨੇ ਇੱਥੋਂ ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਰਾਜਕੁਮਾਰ ਚੱਬੇਵਾਲ (raj kumar chabbewal) ਦੇ ਪੁੱਤਰ ਈਸ਼ਾਨ ਚੱਬੇਵਾਲ ਨੂੰ ਟਿਕਟ ਦਿੱਤੀ ਹੈ। ਰਾਜਕੁਮਾਰ ਪਹਿਲਾਂ ਕਾਂਗਰਸ ਤੋਂ ਵਿਧਾਇਕ ਸਨ ਤੇ ਬਾਅਦ ਵਿੱਚ ਉਹ ਆਪ ਵਿੱਚ ਆਏ ਤੇ ਫਿਰ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਮੈਂਬਰ ਬਣੇ ਪਰ ਹੁਣ ਪਾਰਟੀ ਵੱਲੋਂ ਉਨ੍ਹਾਂ ਦੇ ਪੁੱਤ ਨੂੰ ਹੀ ਚੱਬੇਵਾਲ ਤੋਂ ਉਮੀਦਵਾਰ ਬਣਾਇਆ ਗਿਆ ਹੈ, ਇੱਥੇ ਇਹ ਸਵਾਲ ਉੱਠਦਾ ਹੈ ਕਿ ਰਾਜਕੁਮਾਰ ਚੱਬੇਵਾਲ ਨੇ ਪਾਰਟੀ ਵਿੱਚ ਆਉਣ ਬਦਲੇ 2 ਸੀਟਾਂ ਦੀ ਮੰਗ ਕੀਤੀ ਸੀ ਜਾਂ ਫਿਰ ਈਸ਼ਾਨ ਨੇ ਪਾਰਟੀ ਲਈ ਜੀਅ ਤੋੜ ਮਿਹਤਨ ਕੀਤੀ ਹੈ ਜੋ ਟਿਕਟ ਨਾਲ ਨਵਾਜਿਆ ਗਿਆ ਹੈ।
ਦਲਬਦਲੂ ਨੂੰ ਟਿਕਟ ਦੇ ਕੇ ਨਵਾਜਿਆ !
ਜੇ ਪੁੱਛਿਆ ਜਾਵੇ ਕਿ ਇਸ ਵੇਲੇ ਦੀ ਸਭ ਤੋਂ ਹੌਟ ਸੀਟ ਕਿਹੜੀ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗਾ ਕਿ ਉਹ ਗਿੱਦੜਬਾਹਾ ਹੈ, ਪਾਰਟੀ ਨੇ ਇੱਥੋਂ ਸੁਖਬੀਰ ਬਾਦਲ (Sukhbir badal) ਨੇ ਬੇਹੱਦ ਕਰੀਬੀ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਹੈ ਜੋ ਕਿ ਪਿਛਲੇ ਦਿਨੀਂ ਹੀ ਪਾਰਟੀ ਵਿੱਚ ਸ਼ਾਮਲ ਹੋਏ ਸੀ, ਪਾਰਟੀ ਵਿੱਚ ਡਿੰਪੀ ਢਿੱਲੋਂ ਦੇ 'ਯੋਗਦਾਨ ਤੇ ਪਾਰਟੀ ਦੀ ਮਜਬੂਤੀ ਲਈ ਕੀਤੀ ਮਿਹਤਨ' ਨੂੰ ਦੇਖਦਿਆਂ ਹੋਇਆਂ ਪੁਰਾਣੇ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਯਾਰੀਆਂ ਦੇ ਖਾਤੇ ਵਿੱਚ ਗਈ ਸੀਟ
ਇਸ ਤੋਂ ਬਾਅਦ ਬਰਨਾਲਾ ਸੀਟ ਦੀ ਗੱਲ ਵੀ ਕਰ ਲੈਂਦੇ ਹਾਂ ਜਿੱਥੋਂ ਦੇ ਸਾਬਕਾ ਵਿਧਾਇਕ ਤੇ ਮੌਜੂਦ ਸਾਂਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ(Meet hayer) ਦੇ ਕਰੀਬੀ ਤੇ ਸਕੂਲ ਵੇਲਿਆਂ ਤੋਂ ਯਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਟਿਕਟ ਦਿੱਤੀ ਗਈ ਹੈ। ਇੱਥੋਂ ਕਈ ਵਰਕਰਾਂ ਨੇ ਟਿਕਟਾਂ ਮਿਲਣ ਦੇ ਕਿਆਸ ਲਾਏ ਸੀ ਪਰ ਕਿਹਾ ਜਾ ਰਿਹਾ ਸੀ ਕਿ ਮੀਤ ਹੇਅਰ ਆਪਣੇ ਕਰੀਬੀ ਨੂੰ ਟਿਕਟ ਦਵਾ ਕੇ ਇਸ ਸੀਟ ਉੱਤੇ ਆਪਣਾ ਦਬਦਬਾ ਬਰਕਰਾਰ ਰੱਖਣਾ ਚਾਹੁੰਦੇ ਸਨ, ਇਸ ਲਈ ਕਿਹਾ ਜਾ ਰਿਹਾ ਹੈ ਕਿ ਮੀਤ ਹੇਅਰ ਦੀ ਸ਼ਿਫਾਰਿਸ਼ ਉੱਤੇ ਹੀ ਹਰਿੰਦਰ ਨੂੰ ਟਿਕਟ ਦਿੱਤੀ ਗਈ ਹੈ, ਹਾਲਾਂਕਿ ਇਹ ਸਭ ਕਿਆਫੇ ਹਨ ?
ਸਹੀ ਮਾਇਨੇ 'ਚ ਸਿਆਸੀ ਪਾਰਟੀ ਬਣੀ ਆਪ !
ਜ਼ਿਕਰ ਕਰ ਦਈਏ ਕਿ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਹੋਂਦ ਵਿੱਚ ਆਈ ਪਾਰਟੀ ਨੇ ਹਮੇਸ਼ਾ ਰਾਜਨੀਤੀ ਬਦਲਣ ਦੀ ਗੱਲ ਕੀਤੀ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਪਰਿਵਾਰਵਾਦ ਦੀ ਰਾਜਨੀਤੀ ਨੂੰ ਖ਼ਤਮ ਕੀਤਾ ਜਾਵੇਗਾ ਜੋ ਪਾਰਟੀ ਲਈ ਕੰਮ ਕਰੇਗਾ ਉਸ ਨੂੰ ਟਿਕਟ ਦਿੱਤੀ ਜਾਵੇਗੀ, ਪਰ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਮੰਤਰੀਆਂ ਤੇ ਦਲਬਦਲੂਆਂ ਨੂੰ ਟਿਕਟਾਂ ਨਾਲ ਨਵਾਜਿਆ ਤੇ ਹੁਣ ਵੀ ਉਹੀ ਕੀਤਾ ਜਾ ਰਿਹਾ ਹੈ ਤਾਂ ਹੁਣ ਇਹ ਕਹਿਣ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ ਹੈ ਕਿ ਆਪ ਸਹੀ ਮਾਇਨੇ ਵਿੱਚ ਹੁਣ ਇੱਕ ਸਿਆਸੀ ਪਾਰਟੀ ਬਣ ਗਈ ਹੈ।