(Source: Poll of Polls)
ਮਨੀਪੁਰ 'ਚ ਔਰਤਾਂ ਨਾਲ ਕੀਤੀ ਹੈਵਾਨੀਅਤ ਦੀ AAP ਨੇ ਕੀਤੀ ਸਖ਼ਤ ਸ਼ਬਦਾਂ 'ਚ ਨਿਖੇਧੀ , ਕਿਹਾ- ਭਾਜਪਾ ਸਰਕਾਰ 'ਚ ਔਰਤਾਂ ਅਸੁਰੱਖਿਅਤ
Punjab News : ਆਮ ਆਦਮੀ ਪਾਰਟੀ (ਆਪ) ਨੇ ਮਨੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਹੈਵਾਨੀਅਤ ਭਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ 'ਆਪ' ਦੀ ਵਿਧਾਇਕ ਸਰਵਜੀਤ
Punjab News : ਆਮ ਆਦਮੀ ਪਾਰਟੀ (ਆਪ) ਨੇ ਮਨੀਪੁਰ ਵਿੱਚ ਦੋ ਔਰਤਾਂ ਨਾਲ ਵਾਪਰੀ ਹੈਵਾਨੀਅਤ ਭਰੀ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ 'ਆਪ' ਦੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਮਨੀਪੁਰ ਦੀ ਵੀਡੀਓ ਦੇਖ ਕੇ ਦੇਸ਼ ਭਰ ਦੀਆਂ ਔਰਤਾਂ ਡਰੀਆਂ ਹੋਈਆਂ ਹਨ ਅਤੇ ਭਾਜਪਾ ਸਰਕਾਰ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।
ਵੀਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਤੋਂ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਾਣੂੰਕੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਔਰਤਾਂ ਦੀ ਸੁਰੱਖਿਆ ਦੀ ਬਜਾਏ ਪਿਛਲੇ 9 ਸਾਲਾਂ 'ਚ ਸਿਰਫ ਉਨ੍ਹਾਂ ਨੂੰ ਇਹ ਹੀ ਦੱਸਿਆ ਕਿ ਔਰਤਾਂ ਨੂੰ ਕਿਸ ਤਰ੍ਹਾਂ ਅਤੇ ਕਿਸ ਰੰਗ ਦੇ ਕੱਪੜੇ ਪਾਉਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪ੍ਰਭਜੋਤ ਕੌਰ ਅਤੇ ਆਪ ਆਗੂ ਅਨੂ ਬੱਬਰ ਮੌਜੂਦ ਸਨ।
ਭਾਜਪਾ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੁਣ ਬ੍ਰਿਜ ਭੂਸ਼ਣ ਜਨਤਾ ਪਾਰਟੀ ਬਣ ਚੁੱਕੀ ਹੈ। ਅੱਜ ਭਾਜਪਾ ਸਰਕਾਰ ਵਿੱਚ ਯੋਨ ਸ਼ੋਸ਼ਣ ਦੇ ਦੋਸ਼ੀ ਬ੍ਰਿਜਭੂਸ਼ਣ ਸ਼ਰਨ ਸਿੰਘ ਵਰਗੇ ਲੋਕ ਬੈਠੇ ਹਨ। ਇਸ ਪਾਰਟੀ ਨੇ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਨੂੰ ਛੱਡਿਆ। ਉਨ੍ਹਾਂ ਨੇ ਹਾਥਰਸ ਬਲਾਤਕਾਰ ਦੇ ਦੋਸ਼ੀਆਂ ਨੂੰ ਬਚਾਇਆ। ਭਾਜਪਾ ਦੇ ਆਈਟੀ ਸੈੱਲ ਦੇ ਲੋਕ ਸੋਸ਼ਲ ਮੀਡੀਆ 'ਤੇ ਔਰਤਾਂ ਨਾਲ ਬਦਸਲੂਕੀ ਕਰਦੇ ਹਨ।
ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪੀ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਮਨੀਪੁਰ 'ਚ ਪਿਛਲੇ ਦੋ ਮਹੀਨਿਆਂ ਤੋਂ ਕਾਨੂੰਨ ਵਿਵਸਥਾ ਢਹਿ-ਢੇਰੀ ਹੋ ਗਈ ਹੈ, ਪਰ ਪ੍ਰਧਾਨ ਮੰਤਰੀ ਨੇ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਇੰਨੇ ਦਿਨਾਂ ਤੱਕ ਪਤਾ ਨਹੀਂ ਲੱਗਾ ਕਿ ਮਨੀਪੁਰ ਵਿੱਚ ਕੀ ਚੱਲ ਰਿਹਾ ਹੈ?
ਉਨ੍ਹਾਂ ਨੇ ਪੀਐੱਮ ਮੋਦੀ ਦੇ ਇਨਸਾਫ਼ ਦਿਵਾਉਣ ਦੇ ਵਾਅਦੇ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਪੁਲਿਸ ਨੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ, ਜਦੋਂਕਿ ਵੀਡੀਓ 'ਚ ਸਾਰਿਆਂ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ ਤਾਂ ਫਿਰ ਕਿਸ 'ਤੇ ਅਤੇ ਕਿਵੇਂ ਕਾਰਵਾਈ ਹੋਵੇਗੀ?
ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਂ 'ਤੇ ਸਰਕਾਰ ਨੇ ਪਿਛਲੇ ਦੋ ਮਹੀਨਿਆਂ ਤੋਂ ਉਥੇ ਇੰਟਰਨੈੱਟ ਬੰਦ ਕਰ ਦਿੱਤਾ ਹੈ। ਅਸਲ ਵਿੱਚ ਸੱਚ ਨੂੰ ਦਬਾਉਣ ਲਈ ਇੰਟਰਨੈੱਟ ਬੰਦ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਸ ਵਿਅਕਤੀ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਦਾ ਪਰਦਾਫਾਸ਼ ਕੀਤਾ, ਸਰਕਾਰ ਨੇ ਉਸ ਦਾ ਟਵਿੱਟਰ ਅਕਾਊਂਟ ਬੰਦ ਕਰਵਾ ਦਿੱਤਾ ਹੈ।