Election News: ਮਹਾਰਾਸ਼ਟਰ ਤੇ ਝਾਰਖੰਡ 'ਚ ਕੌਣ ਮਾਰੇਗਾ ਬਾਜੀ? ਅੱਜ ਜਨਤਾ ਸੁਣਾ ਰਹੀ ਆਪਣਾ ਫੈਸਲਾ
Election News: ਅੱਜ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਤੇ ਝਾਰਖੰਡ ਦੀਆਂ 38 ਸੀਟਾਂ ’ਤੇ ਦੂਜੇ ਗੇੜ ਦੀ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
Election News: ਅੱਜ ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਤੇ ਝਾਰਖੰਡ ਦੀਆਂ 38 ਸੀਟਾਂ ’ਤੇ ਦੂਜੇ ਗੇੜ ਦੀ ਵੋਟਿੰਗ ਹੋ ਰਹੀ ਹੈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਤੇ ਸ਼ਾਮ 6 ਵਜੇ ਤੱਕ ਚੱਲੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਝਾਰਖੰਡ ਵਿੱਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ 43 ਸੀਟਾਂ ’ਤੇ ਵੋਟਿੰਗ 13 ਨਵੰਬਰ ਨੂੰ ਹੋਈ ਸੀ।
ਵੋਟਾਂ ਸਬੰਧੀ ਸਾਰੀਆਂ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਿੰਗ ਦਾ ਅਮਲ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਸਕੇ। ਮਹਾਰਾਸ਼ਟਰ ਵਿੱਚ ਮੁੱਖ ਮੁਕਾਬਲਾ ਸੱਤਾਧਾਰੀ ਮਹਾਯੁਤੀ ਗੱਠਜੋੜ ਤੇ ਮਹਾ ਵਿਕਾਸ ਅਘਾੜੀ (ਐਮਵੀਏ) ਵਿਚਾਲੇ ਮੰਨਿਆ ਜਾ ਰਿਹਾ ਹੈ। ਮਹਾਯੁਤੀ ਗੱਠਜੋੜ ਵਿਚਲੀਆਂ ਪਾਰਟੀਆਂ ਵਿੱਚੋਂ ਭਾਜਪਾ ਨੇ 149 ਸੀਟਾਂ, ਸ਼ਿਵ ਸੈਨਾ ਨੇ 81 ਸੀਟਾਂ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਨੇ 59 ਹਲਕਿਆਂ ਤੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਹਨ।
ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਗੱਠਜੋੜ ਐਮਵੀਏ ਵਿਚਲੀਆਂ ਪਾਰਟੀਆਂ ’ਚੋਂ ਕਾਂਗਰਸ ਨੇ 101 ਸੀਟਾਂ, ਸ਼ਿਵ ਸੈਨਾ (ਯੂਬੀਟੀ) ਨੇ 95 ਅਤੇ ਐਨਸੀਪੀ (ਐਸਪੀ) ਨੇ 86 ਸੀਟਾਂ ਤੋਂ ਸਾਂਝੇ ਤੌਰ ’ਤੇ ਆਪਣੇ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਬਹੁਜਨ ਸਮਾਜ ਪਾਰਟੀ ਨੇ 237 ਅਤੇ ਏਆਈਐਮਆਈਐਮ ਨੇ 17 ਸੀਟਾਂ ਤੋਂ ਉਮੀਦਵਾਰ ਉਤਾਰੇ ਹਨ। ਇਸ ਤੋਂ ਇਲਾਵਾ ਹੋਰ ਛੋਟੀਆਂ ਪਾਰਟੀਆਂ ਵੀ ਮੈਦਾਨ ਵਿੱਚ ਹਨ।
ਇਸ ਵਾਰ ਸੂਬੇ ਵਿੱਚ ਕੁੱਲ 4136 ਉਮੀਦਵਾਰ ਮੈਦਾਨ ’ਚ ਹਨ। ਮਹਾਰਾਸ਼ਟਰ ਵਿੱਚ ਕੁੱਲ 100,186 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਬੂਥਾਂ ’ਤੇ ਛੇ ਲੱਖ ਦੇ ਕਰੀਬ ਸਰਕਾਰੀ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।ਝਾਰਖੰਡ ਦੀਆਂ 38 ਸੀਟਾਂ ’ਤੇ ਹੋਣ ਵਾਲੀ ਵੋਟਿੰਗ ਲਈ 60.79 ਲੱਖ ਔਰਤਾਂ ਸਣੇ 1.23 ਕਰੋੜ ਵੋਟਰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨਗੇ। ਝਾਰਖੰਡ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਲਈ ਦਿਹਾਤੀ ਤੇ ਸ਼ਹਿਰੀ ਖੇਤਰਾਂ ’ਚ 14,000 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। 38 ਸੀਟਾਂ ’ਤੇ 55 ਔਰਤਾਂ ਸਣੇ 528 ਉਮੀਦਵਾਰ ਮੈਦਾਨ ’ਚ ਹਨ।
ਪੰਜਾਬ ਵਿੱਚ ਚਾਰ ਸੀਟਾਂ ਉਪਰ ਜ਼ਿਮਨੀ ਚੋਣਾਂ
ਪੰਜਾਬ ਵਿਚਲੀਆਂ ਚਾਰ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਹੋ ਰਹੀ ਹੈ। ਵੋਟਾਂ ਪੈਣ ਦਾ ਅਮਲ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲੇਗਾ। ਇਨ੍ਹਾਂ ਜ਼ਿਮਨੀ ਚੋਣਾਂ ਲਈ ਵਿਧਾਨ ਸਭਾ ਹਲਕਾ ਬਰਨਾਲਾ, ਗਿੱਦੜਬਾਹਾ, ਡੇਰਾ ਬਾਬਾ ਨਾਨਕ ਤੇ ਚੱਬੇਵਾਲ ਵਿੱਚ 831 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ ਜ਼ਿਮਨੀ ਚੋਣਾਂ ਲਈ ਨੀਮ ਫੌਜੀ ਬਲਾਂ ਦੀਆਂ 17 ਕੰਪਨੀਆਂ ਤੋਂ ਇਲਾਵਾ ਪੰਜਾਬ ਪੁਲਿਸ ਦੇ 6481 ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ।
ਦੱਸ ਦਈਏ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਜ਼ਿਮਨੀ ਚੋਣਾਂ ਪ੍ਰਮੁੱਖ ਸਿਆਸੀ ਧਿਰਾਂ ਲਈ ਕਾਫੀ ਅਹਿਮੀਅਤ ਰੱਖਦੀਆਂ ਹਨ ਕਿਉਂਕਿ ਇਹ ਇੱਕ ਸਿਆਸੀ ਪਰਖ ਵੀ ਬਣਨਗੀਆਂ। ਚਾਰ ਹਲਕਿਆਂ ਤੋਂ 45 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਅੱਜ ਕੁੱਲ 6,96,965 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵੋਟਰਾਂ ਵਿੱਚ 3968 ਸਰਵਿਸ ਵੋਟਰ ਤੇ 41 ਐਨਆਰਆਈ ਵੋਟਰ ਵੀ ਸ਼ਾਮਲ ਹਨ। 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 6459 ਹੈ।