ਆਮ ਆਦਮੀ ਪਾਰਟੀ ਅੱਜ ਕਰੇਗੀ ਰਾਜ ਸਭਾ ਲਈ 5 ਮੈਂਬਰਾਂ ਦੇ ਨਾਵਾਂ ਦਾ ਐਲਾਨ, ਚਰਚਾ 'ਚ ਇਹ ਉਮੀਦਵਾਰ, ਨਾਮਜ਼ਦਗੀਆਂ ਦਾ ਭਲਕੇ ਆਖਰੀ ਦਿਨ
ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋਈਆਂ 5 ਸੀਟਾਂ ਲਈ ਨਾਮਜ਼ਦਗੀਆਂ ਦਾ ਕੱਲ੍ਹ ਆਖਰੀ ਦਿਨ ਹੈ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।
ਮਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਤੋਂ ਰਾਜ ਸਭਾ ਦੀਆਂ ਖਾਲੀ ਹੋਈਆਂ 5 ਸੀਟਾਂ ਲਈ ਨਾਮਜ਼ਦਗੀਆਂ ਦਾ ਕੱਲ੍ਹ ਆਖਰੀ ਦਿਨ ਹੈ। ਹਾਲਾਂਕਿ ਆਮ ਆਦਮੀ ਪਾਰਟੀ (ਆਪ) ਨੇ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ। ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 92 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਜਿਸ ਕਾਰਨ ਰਾਜ ਸਭਾ ਦੀਆਂ ਸਾਰੀਆਂ 5 ਸੀਟਾਂ 'ਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ।
ਹਾਲਾਂਕਿ ਅੱਜ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਇਕਾਂ ਨਾਲ ਵੀਡੀਓ ਕਾਨਫ੍ਰੰਸਿੰਗ ਜ਼ਰੀਏ ਗੱਲਬਾਤ ਕੀਤੀ ਜਾ ਰਹੀ ਹੈ ਜਿਸ 'ਤੋਂ ਬਾਅਦ ਰਾਜ ਸਭਾ ਲਈ ਉਮਾਦਵਾਰਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ। ਇਸ ਵੇਲੇ ਪੰਜਾਬ ਤੋਂ ਰਾਜ ਸਭਾ ਲਈ ਤਿੰਨ ਨਾਂ ਚਰਚਾ ਵਿੱਚ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵੱਲੋਂ ਇਸ ਦਾ ਰਸਮੀ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਪਹਿਲਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ। ਹਰਭਜਨ ਨੇ ਕੁਝ ਮਹੀਨੇ ਪਹਿਲਾਂ ਹੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ। ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਉਸ ਨੂੰ ਸੌਂਪਣ ਦੀ ਤਿਆਰੀ ਹੈ। ਦੂਜਾ ਨਾਂ ਰਾਘਵ ਚੱਢਾ ਦਾ ਹੈ। ਇਸ ਸਮੇਂ ਉਹ ਦਿੱਲੀ ਤੋਂ ਵਿਧਾਇਕ ਹਨ। ਹਾਲਾਂਕਿ ਪੰਜਾਬ ਚੋਣਾਂ ਵਿੱਚ ਉਨ੍ਹਾਂ ਪਾਰਟੀ ਦੇ ਸਹਿ-ਇੰਚਾਰਜ ਵਜੋਂ ਕੰਮ ਕੀਤਾ ਜਿਸ ਵਿੱਚ ਉਨ੍ਹਾਂ ਦੀ ਰਣਨੀਤੀ ਸਦਕਾ ਆਪ ਨੂੰ ਵੱਡੀ ਜਿੱਤ ਮਿਲੀ। ਤੀਜਾ ਨਾਂ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਸੰਦੀਪ ਪਾਠਕ ਦਾ ਸਾਹਮਣੇ ਆ ਰਿਹਾ ਹੈ। ਪ੍ਰੋਫੈਸਰ ਪਾਠਕ ਨੇ ਪੰਜਾਬ ਚੋਣਾਂ ਦੌਰਾਨ ਪਰਦੇ ਪਿੱਛੇ ਰਹਿ ਕੇ ‘ਆਪ’ ਦੀ ਜਿੱਤ ਦੀ ਰਣਨੀਤੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਕਾਂਗਰਸ ਦੇ ਸਾਬਕਾ ਮੰਤਰੀ ਜਗਮੋਹਨ ਕੰਗ ਵੀ ਰਾਜ ਸਭਾ ਸੀਟ ਲਈ ਦਾਅਵਾ ਪੇਸ਼ ਕਰ ਰਹੇ ਹਨ। ਦੱਸ ਦਈਏ ਕਿ 'ਆਪ' ਵੱਲੋਂ ਹਾਲੇ ਤੱਕ ਉਮੀਦਵਾਰਾਂ ਦੇ ਨਾਮ ਨਾ ਐਲਾਨੇ ਜਾਣ 'ਤੇ ਤੰਜ ਕਸੇ ਜਾ ਰਹੇ ਹਨ ਅਤੇ ਉਮੀਦਵਾਰ ਪੰਜਾਬ ਦੇ ਹੀ ਐਲਾਨੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ
ਭਲਕੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਹੋਵੇਗਾ। ਪਹਿਲੇ ਦਿਨ 17 ਮਾਰਚ ਨੂੰ ਵਿਧਾਇਕਾਂ ਦੇ ਸਹੁੰ ਚੁੱਕ ਕੇ ਕਾਰਵਾਈ ਸਮਾਪਤ ਹੋ ਗਈ। ਹੁਣ ਕੱਲ੍ਹ ਯਾਨੀ ਸੋਮਵਾਰ ਨੂੰ ਪਹਿਲੇ ਸਪੀਕਰ ਦੀ ਚੋਣ ਹੋਵੇਗੀ। ਇਸ ਦੇ ਲਈ ਕੁਲਤਾਰ ਸਧਵਾਂ ਦਾ ਨਾਂ ਤੈਅ ਕੀਤਾ ਗਿਆ ਹੈ। ਰਾਜਪਾਲ ਦਾ ਸੰਬੋਧਨ ਆਖਰੀ ਦਿਨ ਯਾਨੀ 22 ਮਾਰਚ ਨੂੰ ਹੋਵੇਗਾ।






















