'ਆਪ' ਦਾ ਐਲਾਨ, ਬੇਅਦਬੀ ਤੇ ਗੋਲੀ ਕਾਂਡ ਨੂੰ ਅੰਦਰ ਡੱਕਾਂਗੇ, ਸੁਖਬੀਰ ਬਾਦਲ ਨੂੰ ਸੰਮਨ ਭੇਜਣ ਨਾਲ ਹੋਈ ਸ਼ੁਰੂਆਤ
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਉਹ ਕਾਰਵਾਈ ਕਰਦੇ ਤਾਂ ਬੇਅਦਬੀ ਕਰਨ ਵਾਲੇ ਫੜੇ ਜਾ ਸਕਦੇ ਸਨ। ਗੋਲੀ ਚਲਾਉਣ ਵਾਲੇ ਵੀ ਫੜੇ ਜਾ ਸਕਦੇ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਦੋਸ਼ੀਆਂ ਨੂੰ ਫੜ ਕੇ ਅੰਦਰ ਅੰਦਰ ਦੇਵੇਗੀ।
ਚੰਡੀਗੜ੍ਹ: ਬੇਅਦਬੀ ਤੇ ਗੋਲੀ ਕਾਂਡ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਉੱਪਰ ਹਮਲਾ ਬੋਲਿਆ ਹੈ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਚੰਨੀ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਵਾਅਦਾ ਕਰਕੇ ਆਈ ਸੀ ਕਿ ਦੋਸ਼ੀਆਂ ਨੂੰ ਫੜਾਂਗੇ। ਵਿਸ਼ੇਸ਼ ਜਾਂਚ ਟੀਮ ਵੱਲੋਂ ਸੁਖਬੀਰ ਬਾਦਲ ਨੂੰ ਕੱਲ੍ਹ ਭੇਜਿਆ ਸੰਮਨ ਉਸੇ ਦੀ ਸ਼ੁਰੂਆਤ ਹੈ।
ਉਨ੍ਹਾਂ ਕਿਹਾ ਕਿ ਲੋਕ ਸਵਾਲ ਪੁੱਛਦੇ ਨੇ ਕਿਸ ਦੇ ਹੁਕਮਾਂ 'ਤੇ ਗੋਲੀ ਚੱਲੀ। ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਤੇ ਡਿਪਟੀ ਸੀਐਮ ਸੁਖਬੀਰ ਬਾਦਲ ਨੇ ਕੁੱਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਦੋਂ ਪ੍ਰਕਾਸ਼ ਬਾਦਲ ਮੁੱਖ ਮੰਤਰੀ ਸਨ। ਸੁਖਬੀਰ ਬਾਦਲ ਡਿਪਟੀ ਸੀਐਮ ਸਨ। ਉਨ੍ਹਾਂ ਕਿਹਾ ਕਿ ਜਿਸ ਪਾਰਟੀ ਨੇ ਸਿੱਖਾਂ ਦੇ ਨਾਂ 'ਤੇ ਵੋਟਾਂ ਲਈਆਂ ਹੋਣ। ਜਿਸ ਗੁਰੂ ਦੀ ਕਿਰਪਾ ਨਾਲ ਪ੍ਰਕਾਸ਼ ਸਿੰਘ ਬਾਦਲ 5 ਵਾਰ ਮੁੱਖ ਮੰਤਰੀ ਬਣੇ। ਸੁਖਬੀਰ ਬਾਦਲ ਡਿਪਟੀ ਸੀਐਮ ਬਣੇ। ਲੋਕ ਯਾਦ ਰੱਖਣਗੇ ਕਿ ਉਨ੍ਹਾਂ ਨੂੰ ਬੇਅਦਬੀ ਤੇ ਗੋਲੀ ਕਾਂਡ ਦਾ ਕੋਈ ਦਰਦ ਨਹੀਂ ਹੋਇਆ।
ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਜੇਕਰ ਉਹ ਕਾਰਵਾਈ ਕਰਦੇ ਤਾਂ ਬੇਅਦਬੀ ਕਰਨ ਵਾਲੇ ਫੜੇ ਜਾ ਸਕਦੇ ਸਨ। ਗੋਲੀ ਚਲਾਉਣ ਵਾਲੇ ਵੀ ਫੜੇ ਜਾ ਸਕਦੇ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਦੋਸ਼ੀਆਂ ਨੂੰ ਫੜ ਕੇ ਅੰਦਰ ਅੰਦਰ ਦੇਵੇਗੀ। ਭਾਵੇਂ ਥੋੜ੍ਹਾ ਸਮਾਂ ਲੱਗੇਗਾ, ਆਉਣ ਵਾਲੇ ਸਮੇਂ ਅੰਦਰ ਸਭ ਨਜ਼ਰ ਆਵੇਗਾ।
ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿੱਚ ਘਿਰ ਸਕਦੇ ਹਨ। ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਦਿਆਂ ਜਲਦ ਤੋਂ ਜਲਦ ਕਾਰਵਾਈ ਦੇ ਸੰਕੇਤ ਦਿੱਤੇ ਹਨ। ਇਸ ਤਹਿਤ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੇਸ ’ਚ ਪੁੱਛ ਪੜਤਾਲ ਲਈ 30 ਅਗਸਤ ਨੂੰ ਸਵੇਰੇ 10.30 ਵਜੇ ਪੰਜਾਬ ਪੁਲਿਸ ਭਵਨ ਸੈਕਟਰ-32 ਵਿੱਚ ਹਾਜ਼ਰ ਹੋਣ।