ਆਪ ਦਾ ਦਾਅਵਾ ਪੰਜਾਬ ਜਲਦ ਹੋਏਗਾ ਨਾਜਾਇਜ਼ ਮਾਈਨਿੰਗ ਮੁਕਤ, ਵਿਰੋਧੀਆਂ ਨੇ ਮਾਈਨਿੰਗ ਮੰਤਰੀ ਦੇ ਇਲਾਕੇ 'ਤੇ ਚੁੱਕੇ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਹਿਲੇ ਦਿਨ ਤੋਂ ਹੀ ਸਰਕਾਰ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ।ਆਪ ਦਾ ਇਹ ਵੀ ਦਾਅਵਾ ਹੈ ਕਿ ਬਹੁਤ ਜਲਦ ਪੰਜਾਬ ਨਾਜਾਇਜ਼ ਮਾਈਨਿੰਗ ਮੁਕਤ ਹੋਵੇਗਾ।
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ ਪਹਿਲੇ ਦਿਨ ਤੋਂ ਹੀ ਸਰਕਾਰ ਬਹੁਤ ਸਪੱਸ਼ਟ ਨੀਤੀ ਤਹਿਤ ਕੰਮ ਕਰ ਰਹੀ ਹੈ।ਆਪ ਦਾ ਇਹ ਵੀ ਦਾਅਵਾ ਹੈ ਕਿ ਬਹੁਤ ਜਲਦ ਪੰਜਾਬ ਨਾਜਾਇਜ਼ ਮਾਈਨਿੰਗ ਮੁਕਤ ਹੋਵੇਗਾ।
ਪੰਜਾਬ ਦੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ 19 ਮਾਰਚ 2022 ਨੂੰ ਅਹੁਦਾ ਸੰਭਾਲਣ ਤੋਂ ਲੈਕੇ 07 ਅਗਸਤ 2022 ਤੱਕ ਗ਼ੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਖ਼ਿਲਾਫ਼ 306 ਵੱਖ ਵੱਖ ਮੁਕੱਦਮੇ ਦਰਜ ਕੀਤੇ ਗਏ ਹਨ।
ਉਧਰ ਵਿਰੋਧੀ ਧਿਰਾਂ ਨੇ ਮਾਈਨਿੰਗ ਨੂੰ ਲੈ ਕੇ ਸਵਾਲ ਚੁੱਕੇ ਹਨ।ਸਾਬਕਾ ਕਾਂਗਰਸੀ ਕੈਬਨਿਟ ਮੰਤਰੀ ਪਰਗਟ ਸਿੰਘ ਨੇ ਕਿਹਾ, "ਪੰਜਾਬ 'ਚ 30 ਸਤੰਬਰ ਤੱਕ ਮਾਈਨਿੰਗ 'ਤੇ ਮੁਕੰਮਲ ਪਾਬੰਦੀ ਹੈ। ਇਸ ਦੇ ਬਾਵਜੂਦ ਮਾਈਨਿੰਗ ਮੰਤਰੀ ਦੇ ਇਲਾਕੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਇਹ ਨਾਜਾਇਜ਼ ਮਾਈਨਿੰਗ ਦਿਨ-ਬ-ਦਿਨ ਚੱਲ ਰਹੀ ਹੈ।ਕਰੋੜਾਂ ਦੀ ਇਸ ਨਾਜਾਇਜ਼ ਮਾਈਨਿੰਗ 'ਤੇ ਮਾਈਨਿੰਗ ਮੰਤਰੀ ਅਤੇ ਭਗਵੰਤ ਮਾਨ ਦੋਵੇਂ ਚੁੱਪ ਹਨ।''ਕੱਟੜ ਇਮਾਨਦਾਰ'' ਸਰਕਾਰ ਦੀ ਇਹ ਚੁੱਪ ਬਹੁਤ ਕੁਝ ਕਹਿੰਦੀ ਹੈ।"
ਇਸ ਦੇ ਨਾਲ ਹੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ, "ਪਿਆਰੇ ਹਰਜੋਤ ਬੈਂਸ ਕੀ ਤੁਸੀਂ ਆਪਣੇ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਚੰਗਰ ਖੇਤਰ ਵਿੱਚ ਮੌਨਸੂਨ ਦੌਰਾਨ ਮਾਈਨਿੰਗ 'ਤੇ ਰੋਕ ਦੇ ਬਾਵਜੂਦ ਹੋ ਰਹੀ ਨਾਜਾਇਜ਼ ਮਾਈਨਿੰਗ ਦੇ ਹੋਰ ਸਬੂਤ ਚਾਹੁੰਦੇ ਹੋ?
ਹਰਜੋਤ ਬੈਂਸ ਨੇ ਦੱਸਿਆ ਸੀ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਾਈਨਿੰਗ ਸਬੰਧੀ ਸਬ ਤੋਂ ਵੱਧ 52 ਪਰਚੇ ਦਰਜ ਕੀਤੇ ਗਏ ਹਨ। ਬੈਂਸ ਨੇ ਕਿਹਾ ਕਿ ਗ਼ੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਦਾ ਸਟੈਂਡ ਸਪੱਸ਼ਟ ਹੈ ਅਤੇ ਇਸ ਗਤੀਵਿਧੀ ਵਿਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਹੋਵੇ।
ਉਨ੍ਹਾਂ ਕਿਹਾ ਕਿ ਜੇ ਕੋਈ ਮੇਰਾ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਵੀ ਇਸ ਕੰਮ ਵਿੱਚ ਸ਼ਾਮਲ ਹੋਇਆ ਤਾਂ ਉਸ ਖ਼ਿਲਾਫ਼ ਉਹ ਖੁਦ ਕਾਰਵਾਈ ਹੋਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਹਲਕੇ ਅਧੀਨ ਆਉਂਦੇ ਪਿੰਡ ਕਾਹੀਵਾਲ ਵਿੱਚ ਨਾਜਾਇਜ਼ ਮਾਈਨਿੰਗ ਸੰਬੰਧੀ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ।ਇਸ ਤੇ ਤੁਰੰਤ ਕਾਰਵਾਈ ਕਰਦਿਆਂ ਪੁਲਸ ਅਤੇ ਸਬੰਧਤ ਮਹਿਕਮੇ ਨੂੰ ਮੌਕੇ ਤੇ ਪੜਤਾਲ ਕਰਨ ਲਈ ਭੇਜਿਆ ਅਤੇ ਪੜਤਾਲ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਕਰਦਿਆਂ ਥਾਣਾ ਆਨੰਦਪੁਰ ਸਾਹਿਬ ਵਿਖੇ ਮੁਕੱਦਮੇ ਦਰਜ ਕੀਤੇ ਗਏ ।ਕਿਹਾ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੋਈ ਹੈ ਕਿ ਅਗਰ ਕਿਤੇ ਵੀ ਕੋਈ ਨਾਜਾਇਜ਼ ਮਾਈਨਿੰਗ ਸਬੰਧੀ ਸ਼ਿਕਾਇਤ ਪ੍ਰਾਪਤ ਹੋਵੇ ਤਾਂ ਇਸ ਉੱਤੇ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ।