ਮੁਲਾਜ਼ਮਾਂ ਦੇ ਸੰਘਰਸ਼ ਨੂੰ 'ਆਪ' ਦੀ ਡਟਵੀਂ ਹਮਾਇਤ, ਸਰਕਾਰ ਨੂੰ ਸਖ਼ਤ ਤਾੜਨਾ
ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਰ-ਵਾਰ ਧੋਖਾ ਅਤੇ ਵਾਅਦਾ-ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਦੀ ਪਿੱਠ 'ਚ ਵਾਰ-ਵਾਰ ਛੁਰਾ ਮਾਰਨਾ ਬੰਦ ਕਰੇ, ਕਿਉਂਕਿ ਜੇਕਰ ਮਾੜੀ-ਮੋਟੀ ਸਰਕਾਰ ਦਿਖਾਈ ਦੇ ਰਹੀ ਹੈ, ਉਹ ਇਨ੍ਹਾਂ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਬਦੌਲਤ ਹੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ 'ਤੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਰ-ਵਾਰ ਧੋਖਾ ਅਤੇ ਵਾਅਦਾ-ਖ਼ਿਲਾਫ਼ੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਦੀ ਪਿੱਠ 'ਚ ਵਾਰ-ਵਾਰ ਛੁਰਾ ਮਾਰਨਾ ਬੰਦ ਕਰੇ, ਕਿਉਂਕਿ ਜੇਕਰ ਮਾੜੀ-ਮੋਟੀ ਸਰਕਾਰ ਦਿਖਾਈ ਦੇ ਰਹੀ ਹੈ, ਉਹ ਇਨ੍ਹਾਂ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਬਦੌਲਤ ਹੀ ਹੈ।
ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਨਵਰੀ 2018 ਤੋਂ ਲੈ ਕੇ ਅੱਜ ਤਕ ਮਹਿੰਗਾਈ ਭੱਤਾ (ਡੀਏ) ਦੀ ਰਾਸ਼ੀ ਸਰਕਾਰ ਦੱਬੀ ਬੈਠੀ ਹੈ। ਬੈਠਕਾਂ ਤੇ ਵਾਅਦੇ ਵਾਰ-ਵਾਰ ਬੇਸਿੱਟਾ ਨਿਕਲ ਰਹੇ ਹਨ। ਕੈਪਟਨ ਸਰਕਾਰ ਨੇ ਬਾਕੀ ਵਰਗਾਂ ਵਾਂਗ ਮੁਲਾਜ਼ਮਾਂ ਨਾਲ ਵੀ ਵਾਅਦਾ ਖ਼ਿਲਾਫ਼ੀ ਕੀਤੀ। ਕੇਂਦਰ ਸਰਕਾਰ ਦਾ 7ਵਾਂ ਤਨਖ਼ਾਹ ਕਮਿਸ਼ਨ ਆ ਗਿਆ ਪਰ ਪੰਜਾਬ ਦਾ ਪੰਜਵਾਂ ਵੀ ਲਾਗੂ ਨਹੀਂ ਹੋਇਆ।
ਚੀਮਾ ਨੇ ਕਿਹਾ ਕਿ 2004 ਵਾਲੀ ਪੁਰਾਣੀ ਪੈਨਸ਼ਨ ਸਕੀਮ ਤੋਂ ਸਰਕਾਰ ਮੁੱਕਰ ਚੁੱਕੀ ਹੈ। ਤਿੰਨ ਸਾਲਾ ਪ੍ਰੋਬੋਸ਼ਨਲ ਪੀਰੀਅਡ ਦੀ ਸ਼ਰਤ ਤੇ ਸਿਰਫ਼ ਬੇਸਿਕ ਪੇਅ (10,300) ਰਾਹੀਂ ਸਰਕਾਰ ਖ਼ੁਦ ਹੀ ਉੱਚ ਵਿੱਦਿਆ ਹਾਸਲ ਨੌਜਵਾਨ ਮੁਲਾਜ਼ਮਾਂ ਦਾ ਅੰਨ੍ਹਾ ਸ਼ੋਸ਼ਣ ਕਰ ਰਹੀ ਹੈ। ਸਰਕਾਰ ਆਊਟ-ਸੋਰਸਿੰਗ ਭਰਤੀ ਬੰਦ ਕਰਨ ਅਤੇ ਕੱਚੇ ਅਤੇ ਠੇਕਾ ਭਰਤੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਾਅਦੇ ਤੋਂ ਵੀ ਭੱਜ ਗਈ ਹੈ।
ਚੀਮਾ ਨੇ ਕਿਹਾ ਕਿ 'ਆਪ' 58 ਸਾਲ ਤੋਂ ਬਾਅਦ ਸੇਵਾ ਮੁਕਤ ਕਰਮਚਾਰੀਆਂ-ਅਧਿਕਾਰੀਆਂ ਨੂੰ 'ਸੇਵਾ ਕਾਲ ਵਾਧੇ' ਦਾ ਸਖ਼ਤ ਵਿਰੋਧ ਕਰਦੀ ਹੈ, ਕਿਉਂਕਿ ਇਸ ਨਾਲ ਹਜ਼ਾਰਾਂ ਕਰਮਚਾਰੀਆਂ-ਅਧਿਕਾਰੀਆਂ ਦੀਆਂ ਤਰੱਕੀਆਂ ਪ੍ਰਭਾਵਿਤ ਹੋਣ ਦੇ ਨਾਲ-ਨਾਲ ਯੋਗ ਬੇਰੁਜ਼ਗਾਰਾਂ ਲਈ ਸਰਕਾਰੀ ਰੁਜ਼ਗਾਰ ਦੇ ਮੌਕੇ ਘਟਦੇ ਹਨ।