(Source: ECI/ABP News/ABP Majha)
AAP ਨੇ BJP ਕਰਕੇ ਅਮਨ ਅਰੋੜਾ ਨੂੰ ਬਣਾਇਆ ਸੂਬਾ ਪ੍ਰਧਾਨ, ਪੜ੍ਹੋ ਸਿਆਸੀ ਮਾਹਰ ਕਿਉਂ ਕਰ ਰਹੇ ਨੇ ਦਾਅਵਾ ?
ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਰੋੜਾ ਨੇ ਕਿਹਾ ਕਿ ਉਹ ਸਰਕਾਰ ਅਤੇ ਵਰਕਰਾਂ ਵਿਚਕਾਰ ਪੁਲ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਵੀ ਮਜ਼ਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਪਾਰਟੀ ਵਰਕਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।
Punjab News: ਆਮ ਆਦਮੀ ਪਾਰਟੀ(Aam Aadmi Party) ਨੇ ਪੰਜਾਬ ਵਿੱਚ ਆਪਣਾ ਸੂਬਾ ਪ੍ਰਧਾਨ ਬਦਲ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਹੁਣ ਪੰਜਾਬ ਸਰਕਾਰ ਵਿੱਚ ਨਵਿਆਉਣਯੋਗ ਊਰਜਾ ਮੰਤਰੀ ਅਮਨ ਅਰੋੜਾ ਨੂੰ ਕਮਾਨ ਸੌਂਪੀ ਗਈ ਹੈ। ਅਮਨ ਅਰੋੜਾ ਖੱਤਰੀ ਹਿੰਦੂ ਹਨ ਅਤੇ ਉਨ੍ਹਾਂ ਨੂੰ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਪਾਰਟੀ ਵੱਲੋਂ ਕਮਾਨ ਸੌਂਪੀ ਗਈ ਹੈ।
ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਸ਼ਹਿਰੀ ਵੋਟਰਾਂ ਵਿੱਚ ਖੱਤਰੀ ਹਿੰਦੂ, ਵੈਸ਼ੀਆਂ ਅਤੇ ਬ੍ਰਾਹਮਣਾਂ ਦੀ ਚੰਗੀ ਗਿਣਤੀ ਹੈ। ਇਸ ਤੋਂ ਇਲਾਵਾ ਯੂਪੀ, ਬਿਹਾਰ ਵਰਗੇ ਰਾਜਾਂ ਤੋਂ ਪਰਵਾਸੀਆਂ ਦੀ ਵੱਡੀ ਆਬਾਦੀ ਹੈ। ਅਜਿਹੀ ਸਥਿਤੀ ਵਿੱਚ ਕਿਸੇ ਹਿੰਦੂ ਸੂਬਾ ਪ੍ਰਧਾਨ ਦੇ ਕੇ ਇਸ ਵਰਗ ਨੂੰ ਭਰਮਾਇਆ ਜਾ ਸਕਦਾ ਹੈ। ਹੁਣ ਤੱਕ ਸੀਐਮ ਭਗਵੰਤ ਮਾਨ ਸੂਬਾ ਪ੍ਰਧਾਨ ਸਨ, ਜਿਨ੍ਹਾਂ ਦੀ ਜਗ੍ਹਾ ਅਮਨ ਅਰੋੜਾ ਨੂੰ ਦਿੱਤੀ ਗਈ ਹੈ।
ਅਰੋੜਾ ਤੋਂ ਇਲਾਵਾ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਵੀ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ‘ਆਪ’ ਸੂਤਰਾਂ ਦਾ ਕਹਿਣਾ ਹੈ ਕਿ ਅਮਨ ਅਰੋੜਾ ਨੂੰ ਪ੍ਰਮੋਟ ਕਰਨ ਦੀ ਚਰਚਾ ਕਾਫੀ ਸਮੇਂ ਤੋਂ ਚੱਲ ਰਹੀ ਸੀ। ਇਸ ਬਾਰੇ ਅੰਤਿਮ ਫੈਸਲਾ ਵੀਰਵਾਰ ਨੂੰ ਦਿੱਲੀ ਵਿੱਚ ਲਿਆ ਗਿਆ ਤੇ ਫਿਰ ਸ਼ੁੱਕਰਵਾਰ ਨੂੰ ਭਗਵੰਤ ਮਾਨ ਵੱਲੋਂ ਐਲਾਨ ਕੀਤਾ ਗਿਆ।
ਦੱਸ ਦਈਏ ਕਿ ਪੰਜਾਬ ਵਿੱਚ ਦਸੰਬਰ ਵਿੱਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਹਿੰਦੂ ਆਗੂ ਨੂੰ ਸੂਬਾ ਪ੍ਰਧਾਨ ਬਣਾ ਕੇ ਸਮੀਕਰਨ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ। ਭਗਵੰਤ ਮਾਨ ਖ਼ੁਦ ਜਾਟ ਸਿੱਖ ਹਨ ਤੇ ਉਨ੍ਹਾਂ ਦੀ ਕੈਬਨਿਟ ਵਿੱਚ 6 ਦਲਿਤ ਮੰਤਰੀ ਵੀ ਹਨ।
ਅਜਿਹੇ 'ਚ ਉੱਚ ਜਾਤੀ ਹਿੰਦੂ ਭਾਈਚਾਰੇ ਦੀ ਮਦਦ ਲਈ ਅਮਨ ਅਰੋੜਾ ਨੂੰ ਪ੍ਰਧਾਨ ਦਾ ਅਹੁਦਾ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਬਣਾ ਕੇ ਜੱਟ ਭਾਈਚਾਰੇ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਕਲਸੀ ਨੇ ਲੋਕ ਸਭਾ ਚੋਣ ਵੀ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਹ ਮਾਝੇ ਦੇ ਰਹਿਣ ਵਾਲੇ ਹਨ, ਜਿੱਥੋਂ ਆਮ ਆਦਮੀ ਪਾਰਟੀ ਦੇ 17 ਵਿਧਾਇਕ ਹਨ। ਇਸ ਤਰ੍ਹਾਂ ਖੇਤਰੀ ਸੰਤੁਲਨ ਬਣਾਈ ਰੱਖਣ ਦਾ ਯਤਨ ਕੀਤਾ ਗਿਆ।
ਸੂਬਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਰੋੜਾ ਨੇ ਕਿਹਾ ਕਿ ਉਹ ਸਰਕਾਰ ਅਤੇ ਵਰਕਰਾਂ ਵਿਚਕਾਰ ਪੁਲ ਦਾ ਕੰਮ ਕਰਨਗੇ। ਇਸ ਤੋਂ ਇਲਾਵਾ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਵੀ ਮਜ਼ਬੂਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਹਰ ਪਾਰਟੀ ਵਰਕਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ।