ਕੈਪਟਨ ਸਰਕਾਰ ਤੇ ਆਪ ਵਿਧਾਇਕਾਂ ਦਾ ਹਮਲਾ, ਪੰਜਾਬ ਦੇ ਆਰਥਿਕ ਹਲਾਤਾਂ ਤੇ ਘੇਰੀ ਸਰਕਾਰ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ।ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਇੱਕ ਮਾਫ਼ੀਆ ਗਿਰੋਹ ਸਰਕਾਰ ਚਲਾ ਰਿਹਾ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਤੇ ਗੰਭੀਰ ਦੋਸ਼ ਲਾਏ ਹਨ।ਆਪ ਵਿਧਾਇਕਾਂ ਦਾ ਕਹਿਣਾ ਹੈ ਕਿ ਪੰਜਾਬ 'ਚ ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਨਹੀਂ, ਬਲਕਿ ਇੱਕ ਮਾਫ਼ੀਆ ਗਿਰੋਹ ਸਰਕਾਰ ਚਲਾ ਰਿਹਾ ਹੈ। ਜਿਸ ਕਰਕੇ ਸੂਬੇ ਦੀ ਆਰਥਿਕ ਹਾਲਤ ਹਰ ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕੇ ਇਹੀ ਮਾਫ਼ੀਆ ਗਿਰੋਹ ਸੂਬੇ ਨੂੰ ਵੇਚ ਕੇ ਆਪਣੀਆਂ ਕਮਾਈਆਂ ਕਰ ਰਿਹਾ ਹੈ, ਜਿਸ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ।ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਆਮ ਲੋਕ ਇਸ ਮਾਫ਼ੀਆ ਸਰਕਾਰ ਦੇ ਖ਼ਿਲਾਫ਼ ਇਕੱਠੇ ਨਹੀਂ ਹੁੰਦੇ, ਉਦੋਂ ਤੱਕ ਇਸ ਨਿਕੰਮੀ ਤੇ ਲੋਕ ਵਿਰੋਧੀ ਨੀਤੀਆਂ ਲੈ ਕੇ ਚੱਲਣ ਵਾਲੀ ਅਮਰਿੰਦਰ ਸਿੰਘ ਸਰਕਾਰ ਨੂੰ ਚੱਲਦਾ ਨਹੀਂ ਕੀਤਾ ਜਾ ਸਕਦਾ।
ਪਾਰਟੀ ਵਲੋਂ ਜਾਰੀ ਇੱਕ ਬਿਆਨ 'ਚ ਇਹ ਕਿਹਾ ਗਿਆ ਹੈ ਕਿ ਜੂਨ ਮਹੀਨੇ 'ਚ ਸਰਕਾਰ ਦਾ 21 ਪ੍ਰਤੀਸ਼ਤ ਮਾਲੀਆ ਘੱਟ ਗਿਆ ਹੈ।ਜਿਸ ਦਾ ਅਸਰ ਪੂਰੇ ਪੰਜਾਬ 'ਤੇ ਪੈਂਦਾ ਦਿੱਖ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਭਰ ਵਿਚ ਲੋਕਾਂ ਦੇ ਕਾਰੋਬਾਰ ਵਪਾਰ 'ਤੇ ਧੰਦੇ ਬੰਦ ਪਏ ਹਨ, ਲੋਕਾਂ ਦੀ ਹਾਲਤ ਭੁੱਖਮਰੀ ਵਰਗੀ ਹੋਈ ਪਈ ਹੈ। ਹਰ ਦਿਨ ਸੂਬੇ ਦੇ ਹਾਲਾਤ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਕਹਿਣਾ ਸੀ ਕਿ ਉਸ ਨੇ ਸੂਬੇ ਵਿਚ 50 ਹਜ਼ਾਰ ਕਰੋੜ ਰੁਪਏ ਨਿਵੇਸ਼ ਕਰਨ ਦੀ ਯੋਜਨਾਵਾਂ ਬਣਾਈਆਂ ਸੀ।ਪਰੰਤੂ ਉਹ ਸਾਰੀਆਂ ਹੀ ਧਰੀਆਂ ਧਰਾਈਆਂ ਤੇ ਕਾਗ਼ਜ਼ਾਂ ਵਿਚ ਹੀ ਰਹਿ ਗਈਆਂ।
ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਇਕਾਂਤਵਾਸ ਤੋਂ ਬਾਹਰ ਆ ਕੇ ਸੂਬੇ ਦੇ ਹਿਤਾਂ ਲਈ ਸੋਚਣਾ ਅਤੇ ਫ਼ਿਕਰ ਕਰਨਾ ਬਣਦਾ ਹੈ। ਜਿਸ ਨਾਲ ਪੰਜਾਬ ਦੀ ਲੀਹੋਂ ਲੱਥੀ ਆਰਥਿਕਤਾ ਨੂੰ ਥੋੜ੍ਹਾ ਸੁਧਾਰਿਆ ਜਾ ਸਕੇ।