'ਆਪ' ਮਾਫੀਆ ਵਿਰੁੱਧ ਪਿਛਲੀ ਹਰ ਸਰਕਾਰ ਨਾਲੋਂ ਜ਼ਿਆਦਾ ਸਖਤ, ਹੁਣ ਤੱਕ ਮਾਈਨਿੰਗ ਮਾਫੀਆ ਖਿਲਾਫ ਦਰਜ ਕੀਤੀਆਂ 84 FIR
'ਆਪ' ਨੇ ਬਿਕਰਮ ਮਜੀਠੀਆ ਵਲੋਂ ਲਾਏ ਗਏ ਇਲਜ਼ਾਮਾਂ ਨੂੰ ਬੇਤੁਕਾ ਕਰਾਰ ਦਿੰਦਿਆਂ ਕਿਹਾ ਕਿ 'ਆਪ' ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਮਾਫੀਆ ਖ਼ਿਲਾਫ਼ ਕਿਤੇ ਜ਼ਿਆਦਾ ਸਖ਼ਤ ਹੈ। ਇਸ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਮਾਈਨਿੰਗ ਮਾਫੀਆ ਖਿਲਾਫ 84 ਐੱਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।
ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ 'ਤੇ ਲਗਾਏ ਦੋਸ਼ਾਂ 'ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ (ਆਪ) ਨੇ ਇਨ੍ਹਾਂ ਨੂੰ ਬੇਤੁੱਕੇ ਅਤੇ ਬੇਬੁਨਿਆਦ ਕਰਾਰ ਦਿੱਤਾ ਅਤੇ ਕਿਹਾ ਕਿ 'ਆਪ' ਸਰਕਾਰ ਪਿਛਲੀਆਂ ਸਰਕਾਰਾਂ ਨਾਲੋਂ ਮਾਫੀਆ ਖ਼ਿਲਾਫ਼ ਕਿਤੇ ਜ਼ਿਆਦਾ ਸਖ਼ਤ ਹੈ। ਇਸ ਦਾ ਹੀ ਨਤੀਜਾ ਹੈ ਕਿ ਹੁਣ ਤੱਕ ਮਾਈਨਿੰਗ ਮਾਫੀਆ ਖਿਲਾਫ 84 ਐੱਫ.ਆਈ.ਆਰ. ਦਰਜ ਕੀਤੀਆਂ ਜਾ ਚੁੱਕੀਆਂ ਹਨ।
ਪਾਰਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿੱਚ ‘ਆਪ’ ਦੇ ਬੁਲਾਰੇ ਨੀਲ ਗਰਗ ਨੇ ‘ਆਪ’ ਸਰਕਾਰ ਦੌਰਾਨ ਪੰਜਾਬ ਵਿੱਚ ਮਾਈਨਿੰਗ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਰਾਕੇਸ਼ ਚੌਧਰੀ ਨੂੰ ਮਾਈਨਿੰਗ ਦਾ ਠੇਕਾ ਪਿਛਲੀਆਂ ਸਰਕਾਰਾਂ ਵੱਲੋਂ ਦਿੱਤਾ ਗਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ‘ਆਪ’ ਨੇ ਸੱਤਾ ਵਿੱਚ ਆਉਣ ਦੇ ਤੁਰੰਤ ਬਾਅਦ ਉਹ ਠੇਕਾ ਰੱਦ ਕਰ ਦਿੱਤਾ ਸੀ ਪਰ ਰਾਕੇਸ਼ ਚੌਧਰੀ ਨੇ ਆਪਣਾ ਠੇਕਾ ਰੱਦ ਕਰਨ ਵਿਰੁੱਧ ਹਾਈਕੋਰਟ ਤੋਂ ਸਟੇਅ ਲੈ ਲਈ।
ਮਜੀਠੀਆ 'ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਗਰਗ ਨੇ ਕਿਹਾ ਕਿ 'ਆਪ' ਜਲਦ ਹੀ ਨਵੀਂ ਮਾਈਨਿੰਗ ਨੀਤੀ ਪੇਸ਼ ਕਰੇਗੀ। ਮਾਈਨਿੰਗ ਮਾਫੀਆ ਨਾਲ ਅਕਾਲੀ-ਕਾਂਗਰਸ ਪਾਰਟੀਆਂ ਦੇ ਗਠਜੋੜ 'ਤੇ ਸਵਾਲ ਕਰਦਿਆਂ ਗਰਗ ਨੇ ਕਿਹਾ ਕਿ ਇਹ ਜਵਾਬ ਦੇਣ ਕੇ ਇਨ੍ਹਾਂ ਨੇ ਕਿਉਂ ਮਾਫੀਆ ਦੇ ਪੈਰ ਪੰਜਾਬ ਵਿੱਚ ਜੰਮਣ ਦਿੱਤੇ।
ਇਹ ਵੀ ਪੜ੍ਹੋ: Amritsar news: BSF ਨੇ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ, ਦੋ ਪੈਕਟਾਂ 'ਚ ਜ਼ਬਤ ਕੀਤੀ ਗਈ ਸੀ ਹੈਰੋਇਨ
ਉਨ੍ਹਾਂ ਅੱਗੇ ਕਿਹਾ ਕਿ ਰਾਕੇਸ਼ ਚੌਧਰੀ ਦੇ ਠੇਕੇ ਨੂੰ ਜਾਰੀ ਰੱਖਣ ਦਾ ਹੁਕਮ ਮਾਣਯੋਗ ਅਦਾਲਤ ਦਾ ਸੀ ਅਤੇ ਨਾਲ ਹੀ ਅਦਾਲਤ ਨੇ ਅਕਤੂਬਰ 2022 ਨੂੰ ਉਨ੍ਹਾਂ ਨੂੰ 6 ਕਰੋੜ ਰੁਪਏ ਵਿਭਾਗ ਕੋਲ ਜਮ੍ਹਾਂ ਕਰਵਾਉਣ ਦਾ ਹੁਕਮ ਵੀ ਦਿੱਤਾ। ਜਿਸਨੂੰ ਪਿਛਲੀ ਸਰਕਾਰ ਨੇ ਮੁਆਫ਼ ਕਰ ਦਿੱਤਾ ਸੀ।
ਮਾਈਨਿੰਗ ਮਾਫੀਆ ਦੇ ਖਾਤਮੇ ਲਈ ਆਪਣੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਗਰਗ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਪੰਜਾਬ ਦੇ ਲੋਕਾਂ ਦੀ ਲੁੱਟ ਬਰਦਾਸ਼ਤ ਨਹੀਂ ਕਰੇਗੀ ਅਤੇ ਸੂਬੇ 'ਚ ਰੇਤਾ-ਬੱਜਰੀ ਸਸਤੇ ਰੇਟਾਂ 'ਤੇ ਮੁਹੱਈਆ ਕਰਵਾਏਗੀ।