(Source: ECI/ABP News/ABP Majha)
ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਬਣਾ ਰਹੇ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ, ਦਰਜਨ ਦੇ ਕਰੀਬ ਲੀਡਰ ਰਾਡਾਰ 'ਤੇ
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਹੀ ਮੁਸਤੈਦੀ ਕਾਰਨ ਵੱਡੀ ਘਟਨਾ ਟਲ ਗਈ ਹੈ। ਪੁਲਿਸ ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹਨ।
Punjab News: ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦਹਿਸ਼ਤ ਦੀ ਹਨ੍ਹੇਰੀ ਝੁਲਾਉਣ ਦੀ ਯੋਜਨਾ ਬਣਾ ਰਹੇ ਹਨ। ਖੰਨਾ ਵਿੱਚ ਦੋ ਦਿਨ ਪਹਿਲਾਂ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗ੍ਰਿਫਤਾਰ 13 ਸਾਥੀਆਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਟਾਰਗੇਟ ਕਿਲਿੰਗ ਦੀ ਪਲਾਨਿੰਗ ਸੀ। ਸੂਤਰਾਂ ਮੁਤਾਬਕ ਇਕੱਲੇ ਲੁਧਿਆਣਾ ਵਿੱਚ ਅੱਧੀ ਦਰਜਨ ਲੀਡਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਸੀ। ਇਨ੍ਹਾਂ ਦੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿੱਚ ਦਰਜਨ ਤੋਂ ਵੱਧ ਟਾਰਗੇਟ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪਹਿਲਾਂ ਹੀ ਮੁਸਤੈਦੀ ਕਾਰਨ ਵੱਡੀ ਘਟਨਾ ਟਲ ਗਈ ਹੈ। ਪੁਲਿਸ ਸੂਤਰਾਂ ਦਾ ਇਹ ਵੀ ਦਾਅਵਾ ਹੈ ਕਿ ਇਨ੍ਹਾਂ ਗੈਂਗਸਟਰਾਂ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਹਨ। ਕੁਝ ਧਾਰਮਿਕ ਆਗੂ ਵੀ ਬਦਮਾਸ਼ਾਂ ਦੇ ਰਾਡਾਰ 'ਤੇ ਸਨ। ਮੁਲਜ਼ਮ ‘ਟਾਰਗੇਟ ਕਿਲਿੰਗ’ ਨੂੰ ਅੰਜਾਮ ਦੇਣ ਲਈ ਕਾਰ ਜੈਕਿੰਗ ਤੇ ਵਾਹਨ ਲਿਫਟਿੰਗ ਦੀ ਤਿਆਰੀ ਕਰ ਰਹੇ ਸਨ।
ਦੱਸ ਦਈਏ ਕਿ ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਦੇ ਹੌਸਲੇ ਪਸਤ ਨਹੀਂ ਹੋਏ। ਉਹ ਨਿੱਤ ਨਵੀਂ ਪਲਾਨਿੰਗ ਕਰ ਰਹੇ ਹਨ। ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਪੰਜਾਬ, ਰਾਜਸਥਾਨ ਤੇ ਹਰਿਆਣਾ ’ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੀ ਪਲਾਨਿੰਗ ਕਰ ਕਰ ਰਹੇ ਹਨ। ਉਹ ਖੁਲਾਸਾ ਖੰਨਾ ਪੁਲਿਸ ਵੱਲੋਂ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਹੋਇਆ ਹੈ। ਇਹ ਸਾਰੇ ਗੈਂਗਸਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਗੈਂਗ ਨਾਲ ਸਬੰਧਤ ਹਨ।
ਇਸ ਬਾਰੇ ਆਈਜੀ ਕੌਸਤਬ ਸ਼ਰਮਾ ਨੇ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਮਹਿੰਦਰ ਵਰਮਾ ਉਰਫ਼ ਡੀਕੇ ਤੇ ਰਮੇਸ਼ ਚੌਹਾਨ ਵਜੋਂ ਹੋਈ ਹੈ, ਜਿਨ੍ਹਾਂ ਕੋਲੋਂ ਪੁਲਿਸ ਨੇ ਦੋ ਪਿਸਤੌਲ ਸਮੇਤ 10 ਕਾਰਤੂਸ ਬਰਾਮਦ ਕੀਤੇ ਹਨ। ਦੋਵਾਂ ਨੇ ਪੁੱਛ-ਪੜਤਾਲ ਵਿੱਚ ਖੁਲਾਸਾ ਕੀਤਾ ਕਿ ਉਹ ਅਮਰੀਕਾ ’ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਉਰਫ਼ ਲਾਡੀ ਦੇ ਸੰਪਰਕ ’ਚ ਹਨ। ਲਾਡੀ ਜੋ ਜੱਗੂ ਭਗਵਾਨਪੁਰੀਆ ਦੇ ਗਰੋਹ ਦਾ ਮੈਂਬਰ ਹੈ।
ਪਿਛਲੇ ਸਾਲ ਨਵੰਬਰ ਵਿੱਚ ਦੋਵੇਂ ਸ਼ੂਟਰ ਅੰਮ੍ਰਿਤ ਬੱਲ ਤੇ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਪਹਿਲੀ ਵਾਰ ਯਮੁਨਾਨਗਰ ’ਚ ਮਿਲੇ ਸਨ। ਉਥੇ ਦੋਵਾਂ ਨੇ ‘ਟਾਰਗੇਟ ਕਿਲਿੰਗ’ ਕਰਨੀ ਸੀ, ਪਰ ਉਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 10 ਦਸੰਬਰ 2022 ਨੂੰ ਇਨ੍ਹਾਂ ਦੇ ਸਾਥੀ ਗੁਰਜੰਟ ਸਿੰਘ ਉਰਫ਼ ਜੰਟੀ, ਸੰਦੀਪ ਸਿੰਘ ਉਰਫ਼ ਸ਼ੈਲੀ ਤੇ ਸੁਖਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਤੇ ਉਨ੍ਹਾਂ ਕੋਲੋਂ ਇੱਕ ਪਿਸੌਤਲ ਤੇ 20 ਕਾਰਤੂਸ ਬਰਾਮਦ ਕੀਤੇ ਸਨ।
ਜਾਂਚ ’ਚ ਸਾਹਮਣੇ ਆਇਆ ਕਿ ਮੁਲਜ਼ਮ ਮਹਿੰਦਰ ਵਰਮਾ ਉਰਫ਼ ਡੀਕੇ ਤੇ ਰਮੇਸ਼ ਚੌਹਾਨ ਨੇ ਅੰਮ੍ਰਿਤ ਬੱਲ ਦੇ ਕਹਿਣ ’ਤੇ ਬਟਾਲਾ ਸ਼ਹਿਰ ’ਚ ਕਿਸੇ ਨੂੰ ਕਤਲ ਕਰਨਾ ਸੀ, ਜਿਥੇ ਇਨ੍ਹਾਂ ਨੇ ਹਰਸਿਮਰਨਜੀਤ ਸਿੰਘ ਉਰਫ਼ ਸਿੰਮਾ, ਸਮਸ਼ੇਰ ਸਿੰਘ ਉਰਫ਼ ਸ਼ੇਰਾ, ਚਾਰਲਸ ਉਰਫ਼ ਪ੍ਰਿੰਸ ਉਰਫ਼ ਮਿੱਠੂ ਕੋਲ ਰੁਕਣਾ ਸੀ। ਪੁਲਿਸ ਨੇ 18 ਦਸੰਬਰ ਨੂੰ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 1 ਦੇਸੀ ਪਿਸਤੌਲ 32 ਬੋਰ ਸਮੇਤ 4 ਰੌਂਦ ਬਰਾਮਦ ਕੀਤੇ। ਇਸ ਮਗਰੋਂ ਤਿੰਨਾਂ ਦੇ ਖੁਲਾਸੇ ’ਤੇ ਪ੍ਰਵੀਨ ਸਿੰਘ ਤੇ ਸਰਬਜੋਤ ਸਿੰਘ ਦੀ ਗ੍ਰਿਫ਼ਤਾਰੀ ਹੋਈ।