ਅੰਮ੍ਰਿਤਪਾਲ ਸਿੰਘ ਦੇ 9 ਸਾਥੀਆਂ ਸਣੇ 38 ਮੁਲਜ਼ਮਾਂ ਦੀ ਅਦਾਲਤ 'ਚ ਪੇਸ਼ੀ, ਪੁਲਿਸ ਅਤੇ ਪਰਿਵਾਰਕ ਮੈਂਬਰਾਂ 'ਚ ਹੋਈ ਬਹਿਸਬਾਜੀ
Punjab News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਲਗਭਗ 40 ਦੇ ਕਰੀਬ ਸਾਥੀਆਂ ਨੂੰ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਹ ਕਈ ਦੋਸ਼ੀ NSA ਤਹਿਤ ਅਸਾਮ ਦੀ ਜੇਲ ਵਿੱਚ ਬੰਦ ਸਨ।

Punjab News: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਲਗਭਗ 40 ਦੇ ਕਰੀਬ ਸਾਥੀਆਂ ਨੂੰ ਅੱਜ ਅੰਮ੍ਰਿਤਸਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ ਗਿਆ। ਇਹ ਕਈ ਦੋਸ਼ੀ NSA ਤਹਿਤ ਅਸਾਮ ਦੀ ਜੇਲ ਵਿੱਚ ਬੰਦ ਸਨ। ਅੱਜ ਦੀ ਪੇਸ਼ੀ ਦੌਰਾਨ ਕੋਰਟ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ। ਇਨ੍ਹਾਂ ਦੀ ਪੇਸ਼ੀ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਪੁਲਿਸ ਅਧਿਕਾਰੀਆਂ ਵਿੱਚ ਝੜਪ ਵਰਗਾ ਮਾਹੌਲ ਬਣ ਗਿਆ।
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਉਨ੍ਹਾਂ ਦੇ ਮੁਕਦਮਿਆਂ ਵਿੱਚ ਚਾਰਜ ਫਾਈਲ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਧਾਰਾਵਾਂ ਜਿਵੇਂ ਕਿ ਧਾਰਾ 307 ਅਤੇ ਹੋਰ ਗੰਭੀਰ ਕਾਨੂੰਨੀ ਧਾਰਾਵਾਂ ਹੇਠ ਇਹ ਐਫਆਈਆਰ ਦਰਜ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਕੇਸ ਝੂਠੇ ਹਨ ਅਤੇ ਕੇਵਲ ਫੈਬਰਿਕੇਟ ਕੀਤੇ ਗਏ ਹਨ, ਤਾਂ ਜੋ ਦਬਾਅ ਬਣਾਇਆ ਜਾ ਸਕੇ।
ਇਸ ਮਾਮਲੇ ਵਿੱਚ ਵਧੀਕ ਜਾਣਕਾਰੀ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਇਲਾਵਾ ਸਾਰੇ ਸਾਥੀਆਂ ਨੂੰ ਅੱਜ ਅਦਾਲਤ 'ਚ ਲਿਆ ਗਿਆ, ਜਿਵੇਂ ਕਿ ਚਾਚਾ ਹਰਜੀਤ ਸਿੰਘ, ਪਪਲਪ੍ਰੀਤ ਸਿੰਘ ਭਗਵੰਤ ਸਿੰਘ ਬਾਜੇਕੇ ਅਤੇ ਹੋਰ। ਇਨ੍ਹਾਂ ਨੂੰ ਮੁੜ ਜੇਲ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਅਗਲੀ ਤਾਰੀਖ ਵੀ ਜਲਦ ਆਉਣ ਦੀ ਸੰਭਾਵਨਾ ਹੈ, ਪਰ ਸੁਰੱਖਿਆ ਕਾਰਨਾਂ ਕਰਕੇ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ।
ਵਕੀਲ ਨੇ ਇਹ ਵੀ ਦੱਸਿਆ ਕਿ ਸਰਬਜੀਤ ਸਿੰਘ ਕਲਸੀ ਦੀ ਜਮਾਨਤ ਮਾਮਲਾ ਸੁਪਰੀਮ ਕੋਰਟ ਵਿੱਚ ਪੈਂਡਿੰਗ ਹੈ ਅਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਉਮੀਦ ਹੈ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਦਿਲ ਦੀ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਭਰੋਸਾ ਵਾਹਿਗੁਰੂ 'ਤੇ ਹੈ ਅਤੇ ਉਨ੍ਹਾਂ ਦੇ ਪੁੱਤਰ ਦਾ ਕੁਝ ਨਹੀਂ ਹੋਣੇ। ਉਨ੍ਹਾਂ ਹਰਪਾਲ ਸਿੰਘ ਤੇ ਸਿੱਧਾ ਇਲਜ਼ਾਮ ਲਾਇਆ ਕਿ ਮੋਰਚੇ ਦੌਰਾਨ ਵੀ ਬਦਸਲੂਕੀ ਹੋਈ ਸੀ ਅਤੇ ਅੱਜ ਵੀ ਪੁਲਿਸ ਨੇ ਠੀਕ ਵਿਹਾਰ ਨਹੀਂ ਕੀਤਾ।
ਉਨ੍ਹਾਂ ਪੁਲਿਸ ਵੱਲੋਂ ਕੀਤੇ ਗਏ ਰਵੱਈਏ 'ਤੇ ਬੋਲਦਿਆਂ ਹੋਇਆਂ ਕਿਹਾ ਕਿ ਤੁਹਾਡਾ ਰਾਜ ਸਦਾ ਨਹੀਂ ਰਹਿਣਾ, ਕਦੇ ਗਰੀਬਾਂ ਦਾ ਵੀ ਆਵੇਗਾ। ਉਨ੍ਹਾਂ ਆਖ਼ਰ ਵਿੱਚ ਇਹ ਵੀ ਕਿਹਾ ਕਿ ਜਦੋਂ ਸਾਡੀ ਸਰਕਾਰ ਆਵੇਗੀ, ਤਦ ਸੱਚਾਈ ਦੇ ਫੈਸਲੇ ਹੋਣਗੇ। ਇਸ ਪੂਰੇ ਮਾਮਲੇ ਨੂੰ ਲੈ ਕੇ ਜਿੱਥੇ ਅਦਾਲਤ ਵਿੱਚ ਕਾਨੂੰਨੀ ਕਾਰਵਾਈ ਚੱਲ ਰਹੀ ਹੈ, ਉੱਥੇ ਹੀ ਪਰਿਵਾਰਾਂ ਅਤੇ ਸਮਰਥਕਾਂ ਵੱਲੋਂ ਇਨਸਾਫ਼ ਦੀ ਮੰਗ ਜਾਰੀ ਹੈ। ਅਗਲੀ ਪੇਸ਼ੀ 'ਚ ਕੀ ਹੁੰਦਾ ਹੈ, ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ।






















