Jalandhar bypoll result: ਜਲੰਧਰ ਫਤਹਿ ਕਰਨ ਮਗਰੋਂ 'ਆਪ' ਦੇ ਹੌਸਲੇ ਬੁਲੰਦ, ਕੇਜਰੀਵਾਲ ਤੇ ਸੀਐਮ ਮਾਨ ਦਾ ਵੱਡਾ ਦਾਅਵਾ
ਕੇਜਰੀਵਾਲ ਨੇ ਕਿਹਾ ਕਿ ਇਸ ਜਿੱਤ ਨਾਲ ‘ਆਪ’ ਦਾ ਲੋਕ ਸਭਾ ਵਿੱਚ ਮੁੜ ਤੋਂ ਖਾਤਾ ਖੁੱਲ੍ਹ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਮਗਰੋਂ ਪਾਰਟੀ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।
Jalandhar bypoll result: ਜਲੰਧਰ ਜਿਮਨੀ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਦੇ ਨਾਲ ਹੀ ਪਾਰਟੀ ਨੂੰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਬੱਝ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਦ ਪਾਰਟੀ ਅੰਦਰ ਹੋਰ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਨਤਾ ਨੇ 'ਆਪ' ਸਰਕਾਰ ਦੇ ਫੈਸਲਿਆਂ ਉੱਪਰ ਮੋਹਰ ਲਾਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਕੰਮ ਦੀ ਰਾਜਨੀਤੀ ਕਰਦੇ ਹਨ ਤੇ ਕੀਤੇ ਗਏ ਕੰਮਾਂ ਦੇ ਸਿਰ ’ਤੇ ਹੀ ਲੋਕਾਂ ਤੋਂ ਵੋਟਾਂ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਸਰਕਾਰ ਦੇ ਕੰਮਾਂ ’ਤੇ ਮੋਹਰ ਲਗਾ ਕੇ ਵੱਡਾ ਸੰਦੇਸ਼ ਦਿੱਤਾ ਹੈ। ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਹੈ ਕਿ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ‘ਬੇਮਿਸਾਲ ਜਿੱਤ’ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿੱਚ ਲੋਕ ਭਲਾਈ ਕੰਮਾਂ ਸਦਕਾ ਹੋਈ ਹੈ।
ਜਲੰਧਰ ਜ਼ਿਮਨੀ ਚੋਣ 'ਚ ਸ਼ਾਨਦਾਰ ਜਿੱਤ ਤੋਂ ਬਾਅਦ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨਾਲ LIVE https://t.co/1lb7r0u0dF
— Bhagwant Mann (@BhagwantMann) May 13, 2023
ਕੇਜਰੀਵਾਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੀ ਲਹਿਰ ਸਮੇਂ ਵੀ ਜਲੰਧਰ ਦੇ ਨੌਂ ਹਲਕਿਆਂ ’ਚੋਂ ਕਾਂਗਰਸ ਨੇ ਪੰਜ ’ਤੇ ਜਿੱਤ ਹਾਸਲ ਕੀਤੀ ਸੀ ਪਰ ‘ਆਪ’ ਵੱਲੋਂ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਨੂੰ ਦੇਖਦਿਆਂ ਹਲਕੇ ਦੇ ਲੋਕਾਂ ਨੇ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ‘ਆਪ’ ਦਾ ਲੋਕ ਸਭਾ ਵਿੱਚ ਮੁੜ ਤੋਂ ਖਾਤਾ ਖੁੱਲ੍ਹ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਜਿੱਤ ਮਗਰੋਂ ਪਾਰਟੀ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ (ਆਪ) ਨੇ ਜਲੰਧਰ ਜ਼ਿਮਨੀ ਚੋਣ ’ਚ ਵੱਡੀ ਜਿੱਤ ਦਰਜ ਕਰਦਿਆਂ ਕਾਂਗਰਸ ਦਾ ਮਜ਼ਬੂਤ ਮੰਨਿਆ ਜਾਂਦਾ ਕਿਲ੍ਹਾ ਢਹਿ-ਢੇਰੀ ਕਰ ਦਿੱਤਾ ਹੈ। ‘ਆਪ’ ਦੇ ਸੁਸ਼ੀਲ ਰਿੰਕੂ ਨੇ 3,02,097 ਵੋਟਾਂ ਹਾਸਲ ਕਰਕੇ 58,691 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਨੂੰ ਹਰਾਇਆ। ਕਰਮਜੀਤ ਕੌਰ ਨੇ 2,43,450 ਵੋਟਾਂ ਹਾਸਲ ਕੀਤੀਆਂ। ਇਸ ਚੋਣ ਲਈ ਕੁੱਲ 8,87,086 ਲੋਕਾਂ ਨੇ ਵੋਟ ਪਾਈ ਸੀ। ਕਾਂਗਰਸ ਪਾਰਟੀ ਜਲੰਧਰ ਦੇ ਲੋਕ ਸਭਾ ਹਲਕੇ ’ਤੇ 1999 ਤੋਂ ਕਾਬਜ਼ ਚੱਲੀ ਆ ਰਹੀ ਸੀ।