ਕਿਸਾਨਾਂ ਦੇ ਸਿਰੜ ਦੀ ਜਿੱਤ, ਪਿੰਡ ਚੀਮਾ ਚੋਂ ਪਟਵਾਇਆ ਟੋਲ ਪਲਾਜ਼ਾ, ਜਾਣੋ ਕੀ ਸੀ ਵਿਵਾਦ
ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ ਵੱਡੀ ਜਿੱਤ ਮਿਲੀ ਹੈ। ਕਿਸਾਨ ਜਥੇਬੰਦੀ ਦੇ ਸੰਘਰਸ਼ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ
Punjab News : ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਨੇੜੇ ਟੋਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੂੰ ਵੱਡੀ ਜਿੱਤ ਮਿਲੀ ਹੈ। ਕਿਸਾਨ ਜਥੇਬੰਦੀ ਦੇ ਸੰਘਰਸ਼ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਸ ਅਨੁਸਾਰ ਅੱਜ ਟੋਲ ਪਲਾਜ਼ਾ ’ਤੇ ਟੋਲ ਕੰਪਨੀ ਵੱਲੋਂ ਬਣਾਏ ਗਏ ਪਰਚੀ ਕਾਊਂਟਰ ਨੂੰ ਜੇਸੀਬੀ ਦੀ ਮਦਦ ਨਾਲ ਤੋੜ ਦਿੱਤਾ ਗਿਆ। ਜਿਸ ਤੋਂ ਬਾਅਦ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ।
ਕਿਸਾਨ ਜੱਥੇਬੰਦੀ ਨੂੰ ਹਾਸਿਲ ਹੋਈ ਵੱਡੀ ਜਿੱਤ ਕਿਸਾਨ ਜੱਥੇਬੰਦੀ ਵੱਲੋਂ ਟੋਲ ਪਲਾਜ਼ਾ ਹਟਾਏ ਜਾਣ ਨੂੰ ਜਥੇਬੰਦੀ ਦੀ ਵੱਡੀ ਜਿੱਤ ਦੱਸਿਆ ਜਾ ਰਿਹਾ ਹੈ, ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ, ਆਮ ਲੋਕਾਂ ਦੀ ਵੱਡੀ ਲੁੱਟ ਬੰਦ ਹੋ ਗਈ ਹੈ।
ਇਸ ਕਾਰਨ ਲਾਇਆ ਸੀ ਮੋਰਚਾ
ਇਸ ਮੌਕੇ ਵਿਸਥਾਰ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਦਰਸ਼ਨ ਸਿੰਘ ਉਗੋਕੇ ਅਤੇ ਬਲਵੰਤ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਬੀਕੇਯੂ ਡਕੌਂਦਾ ਵੱਲੋਂ ਬਰਨਾਲਾ ਤੋਂ ਮੋਗਾ ਅਤੇ ਫਰੀਦਕੋਟ ਰੋਡ ’ਤੇ ਟੋਲ ਪਲਾਜ਼ਿਆਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਮੋਰਚਾ ਲਾਇਆ ਗਿਆ ਹੈ। ਕਿਸਾਨ ਜਥੇਬੰਦੀ ਦੇ ਸੰਘਰਸ਼ ਨੂੰ ਅੱਜ ਵੱਡੀ ਜਿੱਤ ਮਿਲੀ ਹੈ।
ਕਰੀਬ ਸਾਢੇ 9 ਮਹੀਨਿਆਂ ਬਾਅਦ ਪ੍ਰਸ਼ਾਸਨ ਨੇ ਇਸ ਸੰਘਰਸ਼ ਕਰਕੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਹੁਤੇ ਲੋਕਾਂ ਦਾ ਮੰਨਣਾ ਸੀ ਕਿ ਇਹ ਟੋਲ ਬੰਦ ਨਹੀਂ ਹੋਵੇਗਾ ਪਰ ਜਥੇਬੰਦੀ ਆਪਣੇ ਸੰਘਰਸ਼ ’ਤੇ ਡਟੀ ਰਹੀ, ਜਿਸ ਕਾਰਨ ਅੱਜ ਇਹ ਟੋਲ ਪਲਾਜ਼ਾ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਟੋਲ ਨੂੰ ਬੰਦ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਕੌਮੀ ਮਾਰਗਾਂ 'ਤੇ ਹੀ ਟੋਲ ਪਲਾਜ਼ੇ ਲਾਏ ਜਾ ਸਕਦੇ ਹਨ। ਇਸ ਨਾਲ ਹੀ ਲੋਕਾਂ ਨੂੰ ਚਲਾਕੀ ਨਾਲ ਲੁੱਟਣ ਲਈ ਬਰਨਾਲਾ ਫਰੀਦਕੋਟ ਸਟੇਟ ਹਾਈਵੇ ਨੂੰ ਇਸ ਟੋਲ ਪਲਾਜ਼ਾ ਅਧੀਨ ਲਿਆਂਦਾ ਗਿਆ ਤੇ ਲੋਕਾਂ ਤੋਂ ਟੋਲ ਪਰਚੀਆਂ ਕੱਟੀਆਂ ਜਾ ਰਹੀਆਂ ਹਨ। ਜਿਸ ਕਾਰਨ ਸਾਢੇ ਨੌਂ ਮਹੀਨੇ ਪਹਿਲਾਂ ਜਥੇਬੰਦੀ ਨੇ ਇਸ ਟੋਲ ਦਾ ਵਿਰੋਧ ਕਰਦਿਆਂ ਇਸ ਨੂੰ ਪਰਚੀ ਮੁਕਤ ਕਰ ਦਿੱਤਾ ਸੀ।
ਜੇਸੀਬੀ ਮਸ਼ੀਨ ਰਹੀ ਤੋੜਿਆ ਪਰਚੀ ਕਾਊਂਟਰ
ਅੱਜ ਜਿਸ ਤਰ੍ਹਾਂ ਟੋਲ ਕੰਪਨੀ ਵੱਲੋਂ ਪਰਚੀ ਕਾਊਂਟਰ ਬਣਾਏ ਗਏ ਸਨ, ਉਸੇ ਤਰ੍ਹਾਂ ਜੇਸੀਬੀ ਨੇ ਪਰਚੀ ਕਾਊਂਟਰ ਤੋੜ ਦਿੱਤੇ ਹਨ। ਉਨ੍ਹਾਂ ਇਸ ਨੂੰ ਆਮ ਲੋਕਾਂ ਦੀ ਵੱਡੀ ਜਿੱਤ ਕਰਾਰ ਦਿੱਤਾ। ਆਗੂਆਂ ਨੇ ਦੱਸਿਆ ਕਿ ਅੱਜ ਜਥੇਬੰਦੀ ਵੱਲੋਂ ਟੋਲ ਪਲਾਜ਼ਾ ’ਤੇ ਵੱਡੀ ਜਿੱਤ ਮੀਟਿੰਗ ਸੱਦੀ ਗਈ ਹੈ। ਸਵੇਰੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ। ਉਨ੍ਹਾਂ ਕਿਹਾ ਕਿ ਅੱਜ ਟੋਲ ਪਲਾਜ਼ਾ ਤੋਂ ਚੱਕਾ ਜਾਮ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਵੀ ਅਜਿਹੇ ਗੈਰ-ਕਾਨੂੰਨੀ ਟੋਲ ਪਲਾਜ਼ੇ ਬਣਾਏ ਗਏ ਹਨ, ਜਥੇਬੰਦੀ ਰਾਹੀਂ ਉਨ੍ਹਾਂ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ।