ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸੁਰੱਖਿਆ ਮਾਮਲੇ 'ਤੇ ਘਿਰੀ ਮਾਨ ਸਰਕਾਰ ਨੇ 40 VIPs ਦੀ ਸੁਰੱਖਿਆ ਕੀਤੀ ਵਾਪਸ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸੁਰੱਖਿਆ ਘਟਾਏ ਜਾਣ 'ਤੇ ਘਿਰੀ ਆਪ ਸਰਕਾਰ ਨੂੰ ਬੱਧਵਾਰ 40 VIPs ਦੀ ਸੁਰੱਖਿਆ ਵਾਪਸ ਕਰਨੀ ਪਈ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਸੁਰੱਖਿਆ ਘਟਾਏ ਜਾਣ 'ਤੇ ਘਿਰੀ ਆਪ ਸਰਕਾਰ ਨੂੰ ਬੱਧਵਾਰ 40 VIPs ਦੀ ਸੁਰੱਖਿਆ ਵਾਪਸ ਕਰਨੀ ਪਈ। ਹਾਲਾਂਕਿ, ਇਸ ਵਾਰ ਸੁਰੱਖਿਆ ਘੇਰਾ ਵਾਪਸ ਕਰਦੇ ਹੋਏ, ਸਰਕਾਰ ਨੇ ਇਹ ਸਾਵਧਾਨੀ ਵਰਤੀ ਹੈ ਕਿ ਕਿਸੇ ਵੀ ਵੀਆਈਪੀ ਦਾ ਨਾਮ ਜਨਤਕ ਨਾ ਕੀਤਾ ਜਾਵੇ।
ਪਿਛਲੇ ਹਫਤੇ ਸ਼ਨੀਵਾਰ ਨੂੰ ਪੰਜਾਬ ਸਰਕਾਰ ਨੇ ਅਪਰੇਸ਼ਨ ਬਲੂ ਸਟਾਰ ਦੀ ਬਰਸੀ ਦਾ ਹਵਾਲਾ ਦਿੰਦੇ ਹੋਏ 424 ਲੋਕਾਂ ਦੀ ਸੁਰੱਖਿਆ ਘਟਾ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਨਾਂ ਵੀ ਜਨਤਕ ਕੀਤੇ ਗਏ ਸਨ ਜਿਨ੍ਹਾਂ ਦੀ ਸੁਰੱਖਿਆ ਘਟਾਈ ਗਈ ਸੀ। ਐਤਵਾਰ ਨੂੰ ਮਸ਼ਹੂਰ ਗਾਇਕ ਤੇ ਕਾਂਗਰਸੀ ਨੇਤਾ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ। ਹੁਣ ਸੂਬਾ ਸਰਕਾਰ ਨੇ 40 ਲੋਕਾਂ ਦੀ ਸੁਰੱਖਿਆ ਵਾਪਸ ਕਰ ਦਿੱਤੀ ਹੈ।
ਸੂਤਰਾਂ ਮੁਤਾਬਕ, ਸਰਕਾਰ ਨੇ ਹੁਣ ਹਰ ਮਹੀਨੇ ਸੁਰੱਖਿਆ ਕਵਰ ਹਾਸਲ ਕਰਨ ਵਾਲੇ VIPs ਵੱਲੋਂ ਖਤਰੇ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ।ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਸੂਬੇ ਦੇ ਸਾਰੇ VIPs ਜੋ ਖ਼ਤਰੇ ਦਾ ਹਵਾਲਾ ਦਿੰਦੇ ਹੋਏ ਸੁਰੱਖਿਆ ਦੀ ਮੰਗ ਕਰ ਰਹੇ ਹਨ, ਨੂੰ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਤੇ ਇਸ ਸਬੰਧ ਵਿੱਚ ਬਾਅਦ ਵਿੱਚ ਜਾਂਚ ਕੀਤੀ ਜਾਵੇ। ਜਿਨ੍ਹਾਂ 40 ਵੀਆਈਪੀਜ਼ ਦੀ ਘਟਾਈ ਗਈ ਸੁਰੱਖਿਆ ਵਿੱਚ ਬੁੱਧਵਾਰ ਨੂੰ ਮੁੜ ਸੁਧਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਲੋਕ ਹਨ ਜਿਨ੍ਹਾਂ ਨੂੰ ਗੈਂਗਸਟਰਾਂ ਤੋਂ ਜਾਨ ਦਾ ਖ਼ਤਰਾ ਹੈ।
ਸੂਤਰਾਂ ਅਨੁਸਾਰ ਪੰਜਾਬ ਸਰਕਾਰ ਨੇ ਜਿਸ ਸਮੀਖਿਆ ਰਿਪੋਰਟ ਦੇ ਆਧਾਰ ’ਤੇ 424 ਵਿਅਕਤੀਆਂ ਦੀ ਸੁਰੱਖਿਆ ਘਟਾਈ ਸੀ, ਉਸ ਦੇ ਆਧਾਰ ’ਤੇ ਸਬੰਧਤ ਅਧਿਕਾਰੀਆਂ ਤੋਂ ਜਵਾਬ ਵੀ ਤਲਬ ਕੀਤਾ ਹੈ ਕਿ ਉਨ੍ਹਾਂ ਨੇ ਸੁਰੱਖਿਆ ਘਟਾਉਣ ਦੀ ਸਿਫ਼ਾਰਸ਼ ਕਿਸ ਆਧਾਰ ’ਤੇ ਕੀਤੀ ਸੀ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਤੋਂ ਖ਼ਤਰੇ ਬਾਰੇ ਪਹਿਲਾਂ ਹੀ ਪਤਾ ਸੀ ਅਤੇ ਇਸ ਸਬੰਧੀ ਦਿੱਲੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਫੀਡਬੈਕ ਵੀ ਦਿੱਤੀ ਸੀ। ਇਸ ਤੋਂ ਬਾਅਦ ਵੀ ਮੂਸੇਵਾਲਾ ਦੀ ਸੁਰੱਖਿਆ ਵਿੱਚ ਤਾਇਨਾਤ 10 ਗੰਨਮੈਨ ਪਹਿਲਾਂ 4 ਤੇ ਹੁਣ 2 ਗੰਨਮੈਨ ਰਹਿ ਗਏ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਉਹ ਵਿਧੀ ਦੱਸਣ ਲਈ ਕਿਹਾ ਹੈ ਜਿਸ ਦੇ ਆਧਾਰ 'ਤੇ ਸੁਰੱਖਿਆ ਵਧਾਉਣ, ਘਟਾਉਣ ਜਾਂ ਵਾਪਸ ਲੈਣ ਦੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਸੀ।
ਇਸ ਦੇ ਨਾਲ ਹੀ ਸਰਕਾਰ ਨੇ ਧਾਰਮਿਕ ਆਗੂਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਸਾਰਿਆਂ ਦੀ ਸੁਰੱਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਧਾਰਮਿਕ ਆਗੂਆਂ ਨੂੰ ਪਹਿਲਾਂ ਹੀ ਦਿੱਤੇ ਗਏ ਸੁਰੱਖਿਆ ਘੇਰੇ ਵਿੱਚ ਵਾਧੂ ਵਾਹਨ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਕੀਤੇ ਜਾਣਗੇ। ਇਸ ਦੌਰਾਨ ਸੂਬਾ ਸਰਕਾਰ ਨੇ ਵੀਆਈਪੀਜ਼ ਦੀ ਸੁਰੱਖਿਆ ਸਬੰਧੀ ਪੁਲੀਸ ਵਿਭਾਗ ਤੋਂ ਤਾਜ਼ਾ ਰਿਪੋਰਟ ਤਲਬ ਕੀਤੀ ਹੈ।