Bathinda News: ਬਠਿੰਡਾ ਦੇ ਸਕੂਲ 'ਚ ਸਿੱਖ ਬੱਚਿਆਂ ਦੇ ਉਤਰਾਏ ਕੜ੍ਹੇ, ਵੀਡੀਓ ਵਾਇਰਲ ਹੋਣ ਮਗਰੋਂ ਮੱਚਿਆ ਹੰਗਾਮਾ, ਮੁੱਖ ਅਧਿਆਪਕ ਨੂੰ ਨੋਟਿਸ
ਇਸ ਵਿੱਚ ਸਕੂਲ ਦਾ ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨ੍ਹੇ ਸੈਂਕੜੇ ਕੜੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਲੁਆਹੇ ਜਾ ਰਹੇ ਹਨ। ਇਹ ਵੀਡੀਓ ਵਾਇਰਲ ਹੋਣ 'ਤੇ ਹੰਗਾਮਾ ਸ਼ੁਰੂ ਹੋ ਗਿਆ।
Bathinda News: ਬਠਿੰਡਾ ਦੇ ਸ਼ਹੀਦ ਕਾਂਸਟੇਬਲ ਸੰਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀ ਇੱਕ ਵੀਡੀਓ ਬੀਤੇ ਦਿਨ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿੱਚ ਸਕੂਲ ਦਾ ਇੱਕ ਸੁਰੱਖਿਆ ਗਾਰਡ ਆਪਣੇ ਹੱਥ ਵਿੱਚ ਰੱਸੀ ਨਾਲ ਬੰਨ੍ਹੇ ਸੈਂਕੜੇ ਕੜੇ ਲੈ ਕੇ ਜਾਂਦਾ ਨਜ਼ਰ ਆ ਰਿਹਾ ਹੈ। ਵੀਡੀਓ ਬਣਾਉਣ ਵਾਲੇ ਨੇ ਇਹ ਦਾਅਵਾ ਕੀਤਾ ਹੈ ਕਿ ਸਿੱਖ ਬੱਚਿਆਂ ਦੇ ਕੜੇ ਲੁਆਹੇ ਜਾ ਰਹੇ ਹਨ। ਇਹ ਵੀਡੀਓ ਵਾਇਰਲ ਹੋਣ 'ਤੇ ਹੰਗਾਮਾ ਸ਼ੁਰੂ ਹੋ ਗਿਆ।
ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਇਹ ਮਾਮਲਾ ਉਠਾਉਂਦਿਆ ਕਿਹਾ ਹੈ ਕਿ ਪੰਜਾਬ ਦੀ ਧਰਤੀ ਜਿੱਥੇ ਦਸਮ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਸਿੱਖਾਂ ਨੂੰ ਪੰਜ ਕੱਕਾਰਾਂ ਦੀ ਅਦੁੱਤੀ ਦਾਤ ਰਾਹੀਂ ਵਿਲੱਖਣ ਪਹਿਚਾਣ ਬਖ਼ਸ਼ੀ ਸੀ, ਅੱਜ ਉਸੇ ਪੰਜਾਬ ਦੀ ਧਰਤੀ ਉੱਤੇ ਕੱਕਾਰਾਂ 'ਤੇ ਹਮਲੇ ਹੋ ਰਹੇ ਹਨ। ਪਿਛਲੇ ਦਿਨੀਂ ਸਿੱਖ ਖਿਡਾਰੀਆਂ ਨੂੰ ਦਸਤਾਰ ਉੱਤੇ ਹੈਲਮੇਟ ਨਾ ਪਹਿਨਣ ਕਰਕੇ ਖੇਡ ਮੁਕਾਬਲੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਉਨ੍ਹਾਂ ਅੱਗ ਕਿਹਾ ਲੋਕਤੰਤਰੀ ਦੇਸ਼ ਵਿੱਚ ਵਿੱਚ ਰਹਿੰਦਿਆਂ ਕਿਸੇ ਵੀ ਕੌਮ ਦੇ ਧਾਰਮਿਕ ਚਿੰਨ੍ਹਾਂ ਉੱਤੇ ਅਜਿਹੇ ਹਮਲੇ ਸਾਜਿਸ਼ੀ, ਖ਼ਤਰਨਾਕ ਤੇ ਤਣਾਉ ਪੈਦਾ ਕਰਨ ਵਾਲੇ ਹਨ। ਇੱਕ ਸਿੱਖ ਮੁੱਖ ਮੰਤਰੀ ਦੇ ਹੁੰਦਿਆਂ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਤੇ ਸੰਸਥਾਵਾਂ ਨੂੰ ਵਾਰ- ਵਾਰ ਨਿਸ਼ਾਨੇ 'ਤੇ ਲਿਆ ਜਾਣਾ ਭਗਵੰਤ ਮਾਨ ਸਰਕਾਰ ਦੇ ਸਿੱਖ ਵਿਰੋਧੀ ਰਵੱਈਏ ਦਾ ਪ੍ਰਗਟਾਅ ਹੈ। ਦੋਸ਼ੀ ਸਕੂਲ ਦੇ ਪ੍ਰਬੰਧਕਾਂ ਖ਼ਿਲਾਫ਼ ਤੁਰੰਤ ਕਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਧਰ ਡੀਈਓ ਨੇ ਸਕੂਲ ਦੇ ਮੁੱਖ ਅਧਿਆਪਕ ਨੂੰ ਕਾਰਨ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੂੰ ਅੱਜ ਦੁਪਹਿਰ 3:00 ਵਜੇ ਤੱਕ ਜਵਾਬ ਦੇਣ ਲਈ ਕਿਹਾ ਨਹੀਂ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਾਇਰਲ ਵੀਡੀਓ ਤੋਂ ਬਾਅਦ ਸਕੂਲ ਦੇ ਮੁੱਖ ਅਧਿਆਪਕ ਗੁਰਮੇਲ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਜੋ ਵੀ ਵੀਡੀਓ ਵਾਇਰਲ ਹੋ ਰਹੀ ਹੈ, ਇਹ ਵੀਡੀਓ ਬਿਨਾਂ ਕਿਸੇ ਕਾਰਨ ਦੇ ਹੈ। ਮੈਂ ਖੁਦ ਸਿੱਖ ਧਰਮ ਨਾਲ ਸਬੰਧਤ ਹਾਂ। ਸਾਡੇ ਸਕੂਲ ਦਾ ਸਟਾਫ਼ ਸਿੱਖ ਧਰਮ ਨਾਲ ਸਬੰਧਤ ਹੈ, ਸਾਡੇ ਸਕੂਲ ਵਿੱਚ 2500 ਤੋਂ ਵੱਧ ਵਿਦਿਆਰਥੀ ਹਨ, ਅਜਿਹਾ ਕਦੇ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਇੱਕ ਵਿਦਿਆਰਥੀ ਜਖਮੀ ਹੋ ਗਿਆ ਸੀ। ਇਸ ਕਾਰਨ ਅਸੀਂ ਬੱਚਿਆਂ ਦੇ ਮਾਪਿਆਂ ਨੂੰ ਵੱਡੇ ਕੜੇ ਨਾ ਪਾਉਣ ਦੀ ਸਲਾਹ ਦਿੱਤੀ ਸੀ ਤੇ ਸਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਜਤਾਈ ਸੀ। ਸਕੂਲ ਵਿੱਚ ਕੜੇ ਪਹਿਨਣ ਦੀ ਕੋਈ ਮਨਾਹੀ ਨਹੀਂ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਇਹ ਸਾਰੀ ਵੀਡੀਓ ਵਾਇਰਲ ਕੀਤੀ ਹੈ, ਉਸ ਦਾ ਸਕੂਲ ਵਿੱਚ ਕੋਈ ਬੱਚਾ ਨਹੀਂ। ਉਹ ਕੁਝ ਮਾਪਿਆਂ ਨਾਲ ਸਕੂਲ ਅੰਦਰ ਆਇਆ ਸੀ। ਉਸ ਨੇ ਹੀ ਇਹ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਸੀ।