ਸ਼ਰਧਾਲੂਆਂ 'ਚ ਕੋਰੋਨਾ ਪੌਜ਼ੇਟਿਵ ਹੋਣ 'ਤੇ ਜਥੇਦਾਰ ਹੈਰਾਨ, ਪੰਜਾਬ ਸਰਕਾਰ ਨੂੰ ਦੱਸਿਆ ਲਾਪ੍ਰਵਾਹ
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟੈਸਟਿੰਗ ਮਸ਼ੀਨ 'ਤੇ ਸਵਾਲ ਕਰਦੇ ਕਿਹਾ ਕਿ ਬਹੁਤ ਸਾਰੇ ਲੋਕ ਜੋ ਸਟੇਟ ਤੋਂ ਬਾਹਰ ਮਜ਼ਦੂਰੀ ਕਰਦੇ ਹਨ, ਉਹ ਲੋਕ ਵੀ ਇੱਥੇ ਆਏ ਹਨ ਫਿਰ ਵੀ ਪੋਜ਼ੇਟਿਵ ਦਾ ਸਵਾਲ ਸ਼ਰਧਾਲੂਆਂ ਤੇ ਹੀ ਕਿਉਂ ਖੜ੍ਹਾ ਹੋ ਰਿਹਾ ਹੈ?
ਚੰਡੀਗੜ੍ਹ: ਨਾਂਦੇੜ ਤੋਂ ਪੰਜਾਬ ਪਰਤੇ ਸ਼ਰਧਾਲੂਆਂ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਪੌਜ਼ੇਟਿਵ ਮਾਮਲੇ ਆਉਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਮੇਰੀ ਨਾਂਦੇੜ ਸਾਹਿਬ ਵਿਖੇ ਗੱਲ ਹੋਈ ਸੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਸੀ ਕਿ ਸਾਰੇ ਸ਼ਰਧਾਲੂਆਂ ਦੀ ਰਿਪੋਰਟ ਨੈਗੇਟਿਵ ਹੈ ਪਰ ਇੱਥੇ ਆ ਕੇ ਸ਼ਰਧਾਲੂਆਂ ਦਾ ਪੌਜ਼ੇਟਿਵ ਆਉਣਾ ਚਿੰਤਾ ਦਾ ਵਿਸ਼ਾ ਹੈ।
ਇਸ ਦੇ ਨਾਲ ਹੀ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਟੈਸਟਿੰਗ ਮਸ਼ੀਨ 'ਤੇ ਸਵਾਲ ਕਰਦੇ ਕਿਹਾ ਕਿ ਬਹੁਤ ਸਾਰੇ ਲੋਕ ਜੋ ਸਟੇਟ ਤੋਂ ਬਾਹਰ ਮਜ਼ਦੂਰੀ ਕਰਦੇ ਹਨ, ਉਹ ਲੋਕ ਵੀ ਇੱਥੇ ਆਏ ਹਨ ਫਿਰ ਵੀ ਪੋਜ਼ੇਟਿਵ ਦਾ ਸਵਾਲ ਸ਼ਰਧਾਲੂਆਂ ਤੇ ਹੀ ਕਿਉਂ ਖੜ੍ਹਾ ਹੋ ਰਿਹਾ ਹੈ?
ਉਨ੍ਹਾਂ ਸੋਸ਼ਲ ਮੀਡੀਆ 'ਤੇ ਹਜ਼ੂਰ ਸਾਹਿਬ ਤੋਂ ਕੋਰੋਨਾ ਲੈ ਕੇ ਆਉਣ ਦੀ ਗੱਲ 'ਤੇ ਕਿਹਾ ਕਿ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉੱਥੇ ਸਿਰਫ਼ ਦੋ ਹੀ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚੋਂ ਇੱਕ ਠੀਕ ਹੋ ਕੇ ਘਰ ਚਲਾ ਗਿਆ ਤੇ ਇੱਕ ਟਰੱਕ ਡਰਾਈਵਰ ਹੈ ਪਰ ਇਹ ਪੌਜ਼ੇਟਿਵ ਕਿਵੇਂ ਹੋ ਗਏ ਇਹ ਸਮਝ ਤੋਂ ਪਰ੍ਹਾਂ ਹੈ।
ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਅੰਦਰ ਸਨ ਪਰ ਉਸ ਸ਼ਹਿਰ ਵਿੱਚ ਦੋ ਮਾਮਲੇ ਆਏ ਹਨ, ਉਹ ਵੀ ਸ਼ਹਿਰ ਦੇ ਹਨ। ਇਹ ਸ਼ਰਧਾਲੂ ਸਵਾ ਮਹੀਨੇ ਤੋਂ ਸਰਾਵਾਂ ਦੇ ਅੰਦਰ ਸਨ, ਫਿਰ ਵੀ ਇਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਉਣਾ ਸ਼ੱਕ ਦੀ ਗੁੰਜਾਇਸ਼ ਪੈਦਾ ਕਰਦਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਸ਼ਰਧਾਲੂਆਂ ਦੀ ਵਾਪਸੀ 'ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਰੋਸ ਵੀ ਜਤਾਇਆ ਕਿ ਟੈਸਟਿੰਗ ਪ੍ਰਣਾਲੀ ਦਾ ਸਹੀ ਤਰੀਕਾ ਨਹੀਂ ਅਪਣਾਇਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਸ਼ਿਸ਼ ਕਰੇ ਕਿ ਵਾਪਸ ਪਰਤੇ ਸ਼ਰਧਾਲੂਆਂ ਨੂੰ ਗੁਰਦੁਆਰਿਆਂ ਦੀਆਂ ਸਰਾਵਾਂ 'ਚ ਹੀ ਠਹਿਰਾਇਆ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੂੰ ਸ਼ਰਧਾਲੂਆਂ ਦੀ ਵਾਪਸੀ ਦਾ ਕ੍ਰੈਡਿਟ ਦਿੱਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਸਹੀ ਹੈ ਜਾਂ ਗਲਤ ਪਰ ਜਿਸ ਤਰ੍ਹਾਂ ਸ਼ਰਧਾਲੂਆਂ ਨੂੰ ਪਹਿਲਾਂ ਸਿੱਧਾ ਘਰ ਭੇਜ ਦਿੱਤਾ ਗਿਆ। ਫਿਰ ਵਾਪਸ ਬੁਲਾ ਕੇ ਟੈਸਟ ਕੀਤੇ ਗਏ ਤੇ ਕੋਰੋਨਾ ਪੌਜ਼ੇਟਿਵ ਆਉਣਾ ਇਹ ਸਾਰੀ ਕਾਰਵਾਈ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ 'ਚ ਹੈ। ਕਿਤੇ ਨਾ ਕਿਤੇ ਪੰਜਾਬ ਸਰਕਾਰ ਤੋਂ ਲਾਪਰਵਾਹੀ ਜ਼ਰੂਰ ਹੋਈ ਹੈ।