ਅਕਾਲੀ-ਭਾਜਪਾ ਦਾ ਨਹੀਂ ਹੋਵੇਗਾ ਗਠਜੋੜ ! ਸੁਖਬੀਰ ਨੇ ਕਿਹਾ, ਬਸਪਾ ਨਾਲ ਯਾਰੀ, ਬੀਜੇਪੀ ਨੇ ਇਕੱਲੇ ਚੋਣਾਂ ਦਾ ਲੜਨ ਦਾ ਠੋਕਿਆ ਦਾਅਵਾ
Sukhbir badal: ਚੰਡੀਗੜ੍ਹ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਗਠਜੋੜ ਬਸਪਾ ਨਾਲ ਹੈ। ਭਾਜਪਾ ਨਾਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
SAD BJP Alliance: ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਗਠਜੋੜ ਦੀਆਂ ਕਿਆਸਅਰਾਈਆਂ ਖਤਮ ਹੋ ਗਈਆਂ ਹਨ। ਭਾਜਪਾ ਪੰਜਾਬ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਨੇ ਸਪੱਸ਼ਟ ਕੀਤਾ ਕਿ ਪਾਰਟੀ ਸਾਰੀਆਂ ਸੀਟਾਂ 'ਤੇ ਇਕੱਲਿਆਂ ਹੀ ਚੋਣ ਲੜੇਗੀ। ਦੂਜੇ ਪਾਸੇ ਚੰਡੀਗੜ੍ਹ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਾਡਾ ਗਠਜੋੜ ਬਸਪਾ ਨਾਲ ਹੈ। ਭਾਜਪਾ ਨਾਲ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਸ਼ੁਰੂ ਹੋਈ ਚਰਚਾ
ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਦੇ ਇਕੱਠੇ ਹੋਣ ਦੀ ਚਰਚਾ ਤੇਜ਼ ਹੋ ਗਈ ਹੈ। ਅਕਾਲੀ ਦਲ ਵੱਲੋਂ ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਸਮੂਹ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜਾਂ ਅਤੇ ਸੀਨੀਅਰ ਆਗੂਆਂ ਦੀ ਮੀਟਿੰਗ ਬੁਲਾਏ ਜਾਣ ਤੋਂ ਬਾਅਦ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਦੋਵੇਂ ਪਾਰਟੀਆਂ ਮੁੜ ਗੱਠਜੋੜ ਕਰ ਲੈਣਗੀਆਂ। ਪਰ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਇਸ ਸੰਭਾਵਨਾ ਤੋਂ ਇਨਕਾਰ ਕੀਤਾ ਹੈ।
ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਟੁੱਟਿਆ ਸੀ ਗਠਜੋੜ
ਅਕਾਲੀ ਦਲ ਨੇ ਸਤੰਬਰ 2020 ਵਿੱਚ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਜਪਾ ਨਾਲ ਗਠਜੋੜ ਤੋੜ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਭਾਜਪਾ-ਅਕਾਲੀ ਗਠਜੋੜ ਲਈ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਜਲੰਧਰ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਇਹ ਗੱਲ ਹੋਰ ਵੀ ਸਪੱਸ਼ਟ ਹੋ ਗਈ ਹੈ ਕਿ ਦੋਵੇਂ ਪਾਰਟੀਆਂ ਇਕ-ਦੂਜੇ ਤੋਂ ਬਿਨਾਂ ਨਹੀਂ ਰਹਿ ਸਕਦੀਆਂ।
ਰੋਸੇ ਵਜੋਂ ਦਿੱਤਾ ਸੀ ਅਸਤੀਫ਼ਾ
ਹਰਸਿਮਰਤ ਕੌਰ ਬਾਦਲ ਅਤੇ ਪਤੀ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਹਨ। ਲੰਮੇ ਸਮੇਂ ਬਾਅਦ ਰਾਜ ਸਭਾ ਵਿੱਚ ਅਕਾਲੀ ਦਲ ਦਾ ਕੋਈ ਸੰਸਦ ਮੈਂਬਰ ਨਹੀਂ ਹੈ। ਹਰਸਿਮਰਤ 2014 ਤੋਂ ਮੋਦੀ ਸਰਕਾਰ ਵਿੱਚ ਫੂਡ ਪ੍ਰੋਸੈਸਿੰਗ ਮੰਤਰਾਲਾ ਸੰਭਾਲ ਰਹੀ ਸੀ, ਉਸਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਤੋਂ ਕਿਸਾਨਾਂ ਦੀ ਨਾਰਾਜ਼ਗੀ ਨੂੰ ਵੇਖਦਿਆਂ 2020 ਵਿੱਚ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਅਕਾਲੀ ਦਲ ਇਸ ਅਸਤੀਫ਼ੇ ਦਾ ਕੋਈ ਸਿਆਸੀ ਲਾਹਾ ਲੈਣ ਵਿੱਚ ਨਾਕਾਮ ਰਿਹਾ।