Akali Dal Protest: ਐਸਵਾਈਐਲ 'ਤੇ ਅਕਾਲੀ ਦਲ ਦਾ ਐਕਸ਼ਨ ਮੋਡ, ਕੋਰ ਕਮੇਟੀ ਦੀ ਮੀਟਿੰਗ ਮਗਰੋਂ ਸੀਐਮ ਮਾਨ ਦੇ ਘਰ ਵੱਲ ਹੱਲਾ ਬੋਲ
ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਸਮੂਹ ਸੀਨੀਅਰ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਕਿਹਾ ਹੈ ਕਿ ਉਹ ਸੀਐਮ ਮਾਨ ਨਾਲ ਐਸਵਾਈਐਲ ਨਹਿਰ ਦੇ ਮੁੱਦੇ 'ਤੇ ਬਹਿਸ ਕਰਨ ਲਈ ਤਿਆਰ ਹਨ।
Akali Dal Protest: ਸ਼੍ਰੋਮਣੀ ਅਕਾਲੀ ਦਲ ਅੱਜ ਐਸਵਾਈਐਲ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਵਿੱਚ ਐਕਸ਼ਨ ਮੋਡ ਵਿੱਚ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿੱਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ।
ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਮੌਜੂਦ ਰਹੇ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਸਮੂਹ ਸੀਨੀਅਰ ਆਗੂਆਂ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਿੱਸਾ ਲਿਆ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਨੇ ਕਿਹਾ ਹੈ ਕਿ ਉਹ ਸੀਐਮ ਮਾਨ ਨਾਲ ਐਸਵਾਈਐਲ ਨਹਿਰ ਦੇ ਮੁੱਦੇ 'ਤੇ ਬਹਿਸ ਕਰਨ ਲਈ ਤਿਆਰ ਹਨ।
ਅਕਾਲੀ ਦਲ ਦੇ ਲੀਡਰਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਾਲ ਬਹਿਸ ਕਰਨ ਲਈ ਉਨ੍ਹਾਂ ਦੇ ਘਰ ਜਾਣਗੇ। ਅਕਾਲੀ ਲੀਡਰਾਂ ਨੇ ਕਿਹਾ ਕਿ ਸੀਐਮ ਮਾਨ ਨੇ ਬਹਿਸ ਦੀ ਚੁਣੌਤੀ ਦਿੱਤੀ ਸੀ। ਇਸ ਲਈ ਉਹ ਉਨ੍ਹਾਂ ਦੇ ਘਰ ਬਹਿਸ ਲਈ ਜਾ ਰਹੇ ਹਨ ਪਰ ਚੰਡੀਗੜ੍ਹ ਪੁਲਿਸ ਵੱਲੋਂ ਰੋਕਾਂ ਲਾ ਦਿੱਤੀਆਂ ਗਈਆਂ ਹਨ।
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸਤਲੁਜ ਯਮੁਨਾ ਲਿੰਕ (ਐਸਵਾਈਐਲ) ਨਹਿਰ ਦੀ ਜ਼ਮੀਨ ਦਾ ਸਰਵੇਖਣ ਕਰ ਰਹੀ ਕੇਂਦਰ ਦੀ ਕਿਸੇ ਵੀ ਟੀਮ ਨੂੰ ਸੂਬੇ ਵਿੱਚ ਦਾਖਲ ਨਾ ਹੋਣ ਦੇਣ। ਸ਼੍ਰੋਮਣੀ ਅਕਾਲੀ ਦਲ ਦੇ ਇਸ ਐਲਾਨ ਨਾਲ ਜਿੱਥੇ ਕੇਂਦਰ ਸਰਕਾਰ ਨਾਲ ਟਕਰਾਅ ਵਧਣ ਦਾ ਆਸਾਰ ਬਣੇ ਗਏ ਹਨ, ਉੱਥੇ ਹੀ ਪੰਜਾਬ ਅੰਦਰ ਨਵਾਂ ਸਿਆਸੀ ਉਬਾਲ ਆਉਂਦਾ ਨਜ਼ਰ ਆ ਰਿਹਾ ਹੈ। ਐਸਵਾਈਐਲ ਦਾ ਮੁੱਦਾ ਪੰਜਾਬੀਆਂ ਨਾਲ ਸਿਆਸੀ ਹੋਣ ਦੇ ਨਾਲ ਹੀ ਜਜ਼ਬਾਤੀ ਤੌਰ ਉੱਪਰ ਵੀ ਜੁੜਿਆ ਹੋਇਆ ਹੈ। ਇਸ ਮੁੱਦੇ ਉੱਪਰ ਜਿੱਥੇ ਦੂਜੀਆਂ ਪਾਰਟੀਆਂ ਨਾਪ-ਤੋਲ ਕੇ ਸਟੈਂਡ ਲੈ ਰਹੇ ਹਨ, ਉੱਥੇ ਅਕਾਲੀ ਦਲ ਨੰਗੇ ਧੜ ਮੈਦਾਨ ਵਿੱਚ ਡਟ ਗਿਆ ਹੈ।
ਸੁਖਬੀਰ ਬਾਦਲ ਨੇ ਇਸ ਬਾਬਤ ਕਿਹਾ ਕਿ ਭਾਵੇਂ ਇਹ ਸੁਪਰੀਮ ਕੋਰਟ ਦਾ ਕੋਈ ਨਿਰਦੇਸ਼ ਹੋਵੇ ਜਾਂ ਪ੍ਰਧਾਨ ਮੰਤਰੀ ਵੱਲੋਂ ਹਰਿਆਣੇ ਨੂੰ ਪਾਣੀ ਦੀ ਸਹੂਲਤ ਦੇਣ ਲਈ ਫੌਜ ਭੇਜਣਾ ਹੋਏ, ਅਸੀਂ ਇਸ ਨੂੰ ਹਕੀਕਤ ਨਹੀਂ ਬਣਨ ਦੇਵਾਂਗੇ।