ਅਕਾਲੀ ਲੀਡਰਾਂ ਨੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਤੇ ਕਾਰ ਹੇਠ ਦਰੜਨ ਦੀ ਕੋਸ਼ਿਸ਼ ਕੀਤੀ: ਸੰਯੁਕਤ ਕਿਸਾਨ ਮੋਰਚਾ
ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 407ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ।
ਬਰਨਾਲਾ: 32 ਜਥੇਬੰਦੀਆਂ 'ਤੇ ਆਧਾਰਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 407ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕੱਲ੍ਹ ਫਿਰੋਜ਼ਪੁਰ ਵਿਖੇ ਅਕਾਲੀ ਆਗੂਆਂ ਵੱਲੋਂ ਕਿਸਾਨਾਂ 'ਤੇ ਗੋਲੀਆਂ ਚਲਾਉਣ ਤੇ ਕਾਰ ਹੇਠ ਦਰੜਨ ਦੀ ਕੋਸ਼ਿਸ਼ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਤੇ ਦੋਸ਼ੀਆਂ ਵਿਰੁੱਧ ਢੁੱਕਵੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਕਿਸਾਨ ਲੀਡਰਾਂ ਨੇ ਕਿਹਾ ਕਿ ਕੱਲ੍ਹ ਫਿਰੋਜਪੁਰ ਵਿੱਚ ਕਿਸਾਨ ਅਕਾਲੀ ਆਗੂ ਹਰਸਿਮਰਤ ਬਾਦਲ ਤੋਂ ਖੇਤੀ ਕਾਨੂੰਨਨਾਂ ਬਾਰੇ ਸਵਾਲ ਪੁੱਛਣ ਲਈ ਇਕੱਠੇ ਹੋਏ ਸਨ। ਸਮਾਗਮ ਖਤਮ ਹੋਣ ਬਾਅਦ ਜਵਾਬ ਦੇਣ ਦਾ ਵਾਅਦਾ ਕਰਕੇ ਕਿਸਾਨਾਂ ਨੂੰ ਦੋ ਘੰਟੇ ਤੱਕ ਰੋਕੀ ਰੱਖਿਆ ਪਰ ਬਾਅਦ ਵਿੱਚ ਜਵਾਬ ਦੇਣ ਦੀ ਥਾਂ ਇੱਕ ਹੋਰ ਲਖੀਮਪੁਰ ਖੀਰੀ ਕਾਂਡ ਰਚਣ ਦੀ ਕੋਝੀ ਕੋਸ਼ਿਸ਼ ਕੀਤੀ ਗਈ। ਅਸਲ ਵਿੱਚ ਅੰਦਰੂਨੀ ਤੌਰ 'ਤੇ ਅਕਾਲੀ ਦਲ ਖੇਤੀ ਕਾਨੂੰਨਾਂ ਦਾ ਸਮਰਥਕ ਹੈ ਤੇ ਇਨ੍ਹਾਂ ਦਾ ਵਿਰੋਧ ਕਰਨ ਤੇ ਕਿਸਾਨ ਅੰਦੋਲਨ ਦਾ ਹਮਾਇਤੀ ਹੋਣ ਦਾ ਪਾਖੰਡ ਕਰ ਰਿਹਾ ਹੈ। ਅਸੀਂ ਸਿਆਸੀ ਟੋਲੇ ਦੇ ਇਸ ਦੰਭ ਨੂੰ ਨੰਗਾ ਕਰਨ ਲਈ ਉਨ੍ਹਾਂ ਤੋਂ ਸਵਾਲ ਪੁੱਛਦੇ ਤੇ ਘੇਰਦੇ ਰਹਾਂਗੇ।
ਖੇਤੀ ਕਾਨੂੰਨਾਂ ਦੀ ਗੱਜ-ਬੱਜ ਕੇ ਹਮਾਇਤ ਕਰਦੇ ਰਹੇ ਅਕਾਲੀ ਦਲ ਨੂੰ ਅਤੀਤ ਦਾ ਭੂਤ ਸਤਾਉਣ ਲੱਗਿਆ ਹੈ। ਬੌਖਲਾਹਟ ਵਿੱਚ ਆ ਕੇ ਇਹ ਪਾਰਟੀ ਵੀ ਬੀਜੇਪੀ ਵਾਲੇ ਹੱਥਕੰਡਿਆਂ ਉਪਰ ਉਤਰ ਆਈ ਹੈ। ਬੀਜੇਪੀ ਦੇ ਆਈ ਸੈਲ ਵਾਂਗ ਅਕਾਲੀ ਦਲ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਿਸਾਨ ਆਗੂਆਂ ਨੂੰ ਗਾਲ੍ਹਾਂ ਦੇਣ, ਕਿਰਦਾਰ-ਕੁਸ਼ੀ ਕਰਨ ਅਤੇ ਕੂੜ-ਪ੍ਰਚਾਰ ਲਈ ਕਰਨ ਲੱਗ ਪਿਆ ਹੈ। ਪਿਛਲੇ ਦਿਨਾਂ ਦੌਰਾਨ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਦੀ ਭਰਮਾਰ ਰਹੀ ਹੈ। ਅਸੀਂ ਅਕਾਲੀ ਦਲ ਨੂੰ ਚਿਤਾਵਨੀ ਦਿੰਦੇ ਹਾਂ ਕਿ ਉਹ ਇਨ੍ਹਾਂ ਕੋਝੀਆਂ ਕੋਸ਼ਿਸ਼ਾਂ ਤੋਂ ਗੁਰੇਜ਼ ਕਰੇ।
ਅੱਜ ਬੁਲਾਰਿਆਂ ਨੇ ਗੁਲਾਬੀ ਸੁੰਡੀ ਪੀੜ੍ਹਤ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਅਜੇ ਤੱਕ ਵੀ ਮੁਆਵਜ਼ਾ ਨਾ ਮਿਲਣ ਬਾਰੇ ਚਰਚਾ ਕੀਤੀ। ਆਗੂਆਂ ਨੇ ਕਿਹਾ ਕਿ ਵਾਰ ਵਾਰ ਐਲਾਨ ਕੀਤੇ ਜਾਣ ਅਤੇ ਫੋਕੀ ਵਾਹ-ਵਾਹ ਖੱਟਣ ਲਈ ਵੱਡੇ ਵੱਡੇ ਪੋਸਟਰ ਲਾਉਣ ਦੇ ਬਾਵਜੂਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਖਾਤਿਆਂ 'ਚ ਪੈਸੇ ਨਹੀਂ ਪਹੁੰਚੇ। ਸਰਕਾਰ ਜਲਦੀ ਤੋਂ ਜਲਦੀ ਕਿਸਾਨਾਂ ਦੇ ਨਾਲ ਨਾਲ ਖੇਤ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦੇਵੇ।