ਮਜੀਠੀਆ ਨੂੰ ਜ਼ਮਾਨਤ ਮਿਲਣ ਮਗਰੋਂ ਅਕਾਲੀਆਂ 'ਚ ਖੁਸ਼ੀ, ਭੈਣ ਹਰਸਿਮਰਤ ਬਾਦਲ ਨੇ ਕੀਤਾ ਪਰਮਾਤਮਾ ਦਾ ਸ਼ੁਕਰ
ਮਜੀਠੀਆ ਦੀ ਅੰਮ੍ਰਿਤਸਰ ਸਥਿਤ ਗ੍ਰੀਨ ਐਵੀਨਿਊ ਰਿਹਾਇਸ਼ 'ਤੇ ਅਕਾਲੀ ਵਰਕਰ ਨੱਚ ਕੇ ਤੇ ਇੱਕ-ਦੂਜੇ ਨੂੰ ਮਠਿਆਈਆਂ ਖਵਾ ਕੇ ਜਸ਼ਨ ਮਨਾ ਰਹੇ ਹਨ।
ਚੰਡੀਗੜ੍ਹ : ਕਈ ਮਹੀਨਿਆਂ ਤੋਂ ਜੇਲ੍ਹ ਅੰਦਰ ਡੱਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ (Former Akali Minister Bikram Majithia) ਨੂੰ ਜ਼ਮਾਨਤ ਮਿਲ ਗਈ ਹੈ। ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਅਕਾਲੀ ਦਲ ਦੇ ਆਗੂ ਤੇ ਵਰਕਰ ਖੁਸ਼ ਹਨ। ਮਜੀਠੀਆ ਦੀ ਅੰਮ੍ਰਿਤਸਰ ਸਥਿਤ ਗ੍ਰੀਨ ਐਵੀਨਿਊ ਰਿਹਾਇਸ਼ 'ਤੇ ਅਕਾਲੀ ਵਰਕਰ ਨੱਚ ਕੇ ਤੇ ਇੱਕ-ਦੂਜੇ ਨੂੰ ਮਠਿਆਈਆਂ ਖਵਾ ਕੇ ਜਸ਼ਨ ਮਨਾ ਰਹੇ ਹਨ।
ਉਨ੍ਹਾਂ ਦੀ ਭੈਣ ਹਰਸਿਮਰਤ ਬਾਦਲ (Harsimrat Badal) ਨੇ ਵੀ ਜਮਾਨਤ ਮਿਲਣ ਮਗਰੋਂ ਪਰਮਾਤਮਾ ਦਾ ਸ਼ੁਕਰ ਕੀਤਾ ਹੈ। ਹਰਸਿਮਰਤ ਬਾਦਲ ਨੇ ਟਵੀਟ ਕਰਦਿਆਂ ਕਿਹਾ ਹੈ ਕਿ...ਅਕਾਲ ਪੁਰਖ ਦਾ ਕੋਟਾਨ-ਕੋਟਿ ਸ਼ੁਕਰਾਨਾ।
ਅਕਾਲ ਪੁਰਖ ਦਾ ਕੋਟਾਨ-ਕੋਟਿ ਸ਼ੁਕਰਾਨਾ। pic.twitter.com/8iqJFLSQgz
— Harsimrat Kaur Badal (@HarsimratBadal_) August 10, 2022
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਅੱਜ ਨਸ਼ਿਆਂ ਨਾਲ ਸਬੰਧਤ ਕੇਸ ਵਿੱਚ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਐਮਐਸ ਰਾਮਚੰਦਰ ਰਾਓ ਤੇ ਜਸਟਿਸ ਸੁਰੇਸ਼ਵਰ ਠਾਕੁਰ ਦੀ ਬੈਂਚ ਨੇ ਪੰਦਰਵਾੜੇ ਤੋਂ ਵੀ ਘੱਟ ਸਮਾਂ ਪਹਿਲਾਂ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਮਜੀਠੀਆ ਨੇ ਪਿਛਲੇ ਸਾਲ 20 ਦਸੰਬਰ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਕੇਸ ਵਿੱਚ ਰੈਗੂਲਰ ਜ਼ਮਾਨਤ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ। ਮਜੀਠੀਆ ਨੇ ਆਪਣੀ ਪਟੀਸ਼ਨ ਵਿੱਚ ਦਲੀਲ ਦਿੱਤੀ ਸੀ ਕਿ ਸੂਬੇ ਦੀ ਤਤਕਾਲੀ ਕਾਂਗਰਸ ਸਰਕਾਰ ਨੇ ਆਪਣੇ ਸਿਆਸੀ ਵਿਰੋਧੀਆਂ ਵਿਰੁੱਧ ਬਦਲਾ ਲੈਣ ਲਈ ਆਪਣੀ ਤਾਕਤ ਅਤੇ ਅਹੁਦੇ ਦੀ ਦੁਰਵਰਤੋਂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪਟੀਸ਼ਨਰ ਉਸ ਦੇ ਨਿਸ਼ਾਨੇ ’ਤੇ ਸੀ।