ਕਾਂਗਰਸ ਦੇ ਸਾਰੇ ਸਾਬਕਾ ਮੰਤਰੀ ਤੇ ਵਿਧਾਇਕ ਵਿਜੀਲੈਂਸ ਦਫ਼ਤਰ ਪਹੁੰਚੇ, 'ਬੋਲੇ ਜਿਸ ਨੂੰ ਚਾਹੋ ਗ੍ਰਿਫਤਾਰ ਕਰ ਲਵੋ, ਰੋਜ਼-ਰੋਜ਼ ਪ੍ਰੇਸ਼ਾਨ ਨਾ ਕਰੋ'
ਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ।
ਚੰਡੀਗੜ੍ਹ: ਪੰਜਾਬ 'ਚ ਕਾਂਗਰਸ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਖਿਲਾਫ ਹੱਲਾ ਬੋਲਿਆ ਹੈ। ਚੰਡੀਗੜ੍ਹ 'ਚ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸੀ ਪਹੁੰਚ ਗਏ। ਕਾਂਗਰਸੀ ਆਗੂਆਂ ਨੇ ਕਿਹਾ ਕਿ ਅੱਜ ਸਾਰੇ ਸਾਬਕਾ ਮੰਤਰੀ ਤੇ ਵਿਧਾਇਕ ਮੌਜੂਦ ਹਨ। ਵਿਜੀਲੈਂਸ ਜਿਸ ਨੂੰ ਵੀ ਚਾਹੇ ਗ੍ਰਿਫਤਾਰ ਕਰ ਲਵੇ। ਕਾਂਗਰਸੀ ਲੀਡਰਾਂ ਨੂੰ ਰੋਜ਼ ਨਾਂ ਲੈ ਕੇ ਤੰਗ ਨਾ ਕਰੋ। ਧਰਨੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਸ਼ਾਮਲ ਹਨ ਜਿਨ੍ਹਾਂ 'ਤੇ ਟੈਂਡਰ ਘੁਟਾਲੇ ਦੇ ਦੋਸ਼ ਲੱਗ ਰਹੇ ਹਨ। ਕਾਂਗਰਸ ਦਾ ਕਹਿਣਾ ਹੈ ਕਿ 'ਆਪ' ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।
ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਉਹ ਸਾਰੇ ਸਾਬਕਾ ਮੰਤਰੀਆਂ, ਵਿਧਾਇਕਾਂ ਤੇ ਆਗੂਆਂ ਨੂੰ ਲੈ ਕੇ ਵਿਜੀਲੈਂਸ ਦਫ਼ਤਰ ਪਹੁੰਚੇ ਹਨ। ਸਰਕਾਰ ਜਿਸ ਨੂੰ ਚਾਹੇ ਗ੍ਰਿਫਤਾਰ ਕਰ ਸਕਦੀ ਹੈ। ਕੋਈ ਵੀ ਕਾਂਗਰਸੀ ਆਗੂ ਕਿਧਰੇ ਨਹੀਂ ਭੱਜ ਰਿਹਾ।
ਦੱਸ ਦਈਏ ਕਿ ਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਨ੍ਹਾਂ ਤੋਂ ਇਲਾਵਾ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਜਾਂਚ ਦੇ ਘੇਰੇ ਵਿੱਚ ਹੈ। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ। ਖੇਤੀ ਮਸ਼ੀਨਰੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ।
ਧਰਨੇ ਤੋਂ ਪਹਿਲਾਂ ਕਾਂਗਰਸ 'ਚ ਖੜਕੀ
ਅੱਜ ਪੰਜਾਬ ਕਾਂਗਰਸ ਵਿੱਚ ਕਾਰਾਂ ਖੜ੍ਹੀਆਂ ਕਰਨ ਨੂੰ ਲੈ ਕੇ ਹੀ ਤੂੰ-ਤੂੰ, ਮੈਂ-ਮੈਂ ਹੋ ਗਈ। ਮਾਮਲਾ ਇੰਨਾ ਵਧ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤਾਂ ਰੁੱਸ ਕੇ ਕਾਂਗਰਸ ਭਵਨ ਤੋਂ ਚਲੇ ਗਏ। ਇਸ ਮਗਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਾਮਲੇ ਨੂੰ ਸੰਭਾਲਦੇ ਨਜ਼ਰ ਆਏ ਪਰ ਉਸ ਵੇਲੇ ਤੱਕ ਕਾਂਗਰਸ ਦਾ ਤਮਾਸ਼ਾ ਮੀਡੀਆ ਸਾਹਮਣੇ ਆ ਚੁੱਕਾ ਸੀ। ਦਿਲਚਸਪ ਗੱਲ ਹੈ ਕਿ ਲੜਾਈ ਵੀ ਸਿਰਫ ਚੰਡੀਗੜ੍ਹ ਕਾਂਗਰਸ ਭਵਨ 'ਚ ਵਾਹਨਾਂ ਨੂੰ ਦਾਖਲ ਨਾ ਹੋਣ ਦੇਣ 'ਤੇ ਹੋਈ। ਇਸ ਤੋਂ ਭੜਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਧਰਨੇ ਵਿੱਚ ਸ਼ਮੂਲੀਅਤ ਕੀਤੇ ਬਿਨਾਂ ਹੀ ਕਾਂਗਰਸ ਭਵਨ ਤੋਂ ਪਰਤ ਗਏ।
ਦਰਅਸਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਕਾਲੇ ਰੰਗ ਦੀ ਮਰਸੀਡੀਜ਼ ਕਾਰ ਕਾਂਗਰਸ ਭਵਨ ਦੇ ਅੰਦਰ ਖੜ੍ਹੀ ਸੀ। ਪ੍ਰਤਾਪ ਬਾਜਵਾ ਇਸ ਗੱਲ ਤੋਂ ਨਾਰਾਜ਼ ਸਨ ਕਿ ਜੇਕਰ ਉਨ੍ਹਾਂ ਦੀ ਕਾਰ ਨਹੀਂ ਆ ਸਕਦੀ ਤਾਂ ਪਾਰਟੀ ਮੁਖੀ ਦੀ ਕਾਰ ਕਿਵੇਂ ਆ ਗਈ। ਇਸ ਮਗਰੋਂ ਬਾਜਵਾ ਨਾਲ ਆਏ ਕਾਂਗਰਸੀ ਆਗੂ ਓਪੀ ਸੋਨੀ ਤੇ ਰਾਣਾ ਕੇਪੀ ਵੀ ਧਰਨੇ ਵਿੱਚ ਸ਼ਾਮਲ ਹੋਣ ਦੀ ਬਜਾਏ ਵਾਪਸ ਚਲੇ ਗਏ।