ਹੈਪੀ ਪਾਸੀਆ ਦੀ ਗ੍ਰਿਫਤਾਰੀ ‘ਤੇ ਭਖੀ ਸਿਆਸਤ, ਅਮਨ ਅਰੋੜਾ ਦਾ ਪ੍ਰਤਾਪ ਬਾਜਵਾ ਨੂੰ ਪਲਟਵਾਰ, ਕਿਹਾ- ਪੰਜਾਬ ਪੁਲਿਸ ਦੀ ਇਨਪੁੱਟ ਨਾਲ ਅਰੈਸਟ
Punjab News: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਕਸ ‘ਤੇ ਵੀਡੀਓ ਮੈਸੇਜ ਪਾ ਕੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਸਿੱਧਾ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਇਨਪੁੱਟ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਹੋਈ ਹੈ।

Punjab News: ਅਮਰੀਕਾ ਵਿੱਚ ਗੈਂਗਸਟਰ ਹੈਪੀ ਪਾਸੀਆ ਦੀ ਗ੍ਰਿਫਤਾਰੀ ਨੂੰ ਲੈਕੇ ਪੰਜਾਬ ਦੀ ਸਿਆਸਤ ਭਖੀ ਪਈ ਹੈ, ਸਿਆਸੀ ਆਗੂ ਇੱਕ ਦੂਜੇ ‘ਤੇ ਪਲਟਵਾਰ ਕਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਹਨ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਇਸ ਗ੍ਰਿਫਤਾਰੀ ਪਿੱਛੇ ਆਪਣਾ ਲੋਹਾ ਮਨਵਾਉਣ ‘ਚ ਕੋਈ ਕਸਰ ਨਹੀਂ ਛੱਡ ਰਹੀ ਹੈ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਐਕਸ ‘ਤੇ ਵੀਡੀਓ ਮੈਸੇਜ ਪਾ ਕੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਸਿੱਧਾ ਨਿਸ਼ਾਨਾ ਸਾਧਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਗ੍ਰਿਫਤਾਰੀ ਪੰਜਾਬ ਪੁਲਿਸ ਦੇ ਇਨਪੁੱਟ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਹੋਈ ਹੈ।
ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਇਨਪੁੱਟ ‘ਤੇ ਵੱਡੀ ਕਾਰਵਾਈ
— AAP Punjab (@AAPPunjab) April 19, 2025
➡️ਨਾਮੀ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸ਼ੀਆ ਪੰਜਾਬ ਪੁਲਿਸ ਦੀ ਇਨਪੁੱਟ ‘ਤੇ ਅਮਰੀਕਾ ‘ਚ ਗ੍ਰਿਫ਼ਤਾਰ ਹੋ ਚੁੱਕਿਆ ਹੈ
➡️ਪ੍ਰਤਾਪ ਬਾਜਵਾ ਜਵਾਬ ਦੇਣ, ਜਿਹੜੇ ਪੰਜਾਬ ਪੁਲਿਸ ਨੂੰ ਨਿਕੰਮੀ ਪੁਲਿਸ ਕਰਾਰ ਦਿੰਦੇ ਸੀ, ਪੰਜਾਬੀਆਂ ਨੂੰ ਅੱਤਵਾਦ ਦੇ ਨਾਮ ‘ਤੇ ਡਰਾ ਰਹੇ ਸੀ… pic.twitter.com/y3UeQRWdmP
ਅਮਨ ਅਰੋੜਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ ਹੈਪੀ ਪਾਸੀਆਂ ਨੇ ਲਈ ਹੈ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਵਿਅਕਤੀ ਦੀਆਂ ਗਤੀਵਿਧੀਆਂ 'ਤੇ ਸ਼ਿਕੰਜਾ ਕੱਸ ਰਹੀ ਸੀ। ਇਸੇ ਦੌਰਾਨ ਖ਼ਬਰ ਸਾਹਮਣੇ ਆਈ ਕਿ ਉਸ ਨੂੰ ਫੜ ਲਿਆ ਗਿਆ ਹੈ। ਇਹ ਇੱਕ ਵੱਡੀ ਸਫਲਤਾ ਹੈ ਅਤੇ ਪੰਜਾਬ ਪੁਲਿਸ ਅਤੇ ਖੁਫੀਆ ਵਿਭਾਗ ਵਧਾਈ ਦੇ ਹੱਕਦਾਰ ਹਨ।
ਅਰੋੜਾ ਨੇ ਕਿਹਾ ਕਿ ਹੁਣ ਸਵਾਲ ਉਨ੍ਹਾਂ ਲੋਕਾਂ 'ਤੇ ਉੱਠਦਾ ਹੈ ਜਿਹੜੇ ਪੰਜਾਬ ਵਿੱਚ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰਨਾ ਚਾਹੁੰਦੇ ਸਨ। ਜਿੱਥੇ ਪ੍ਰਤਾਪ ਬਾਜਵਾ ਵਰਗੇ ਲੋਕ ਕਹਿੰਦੇ ਸਨ ਕਿ ਪੰਜਾਬ ਪੁਲਿਸ ਨੂੰ ਭੰਗ ਕਰ ਦੇਣਾ ਚਾਹੀਦਾ ਹੈ, ਪੁਲਿਸ ਬੇਕਾਰ ਹੈ ਅਤੇ ਪੰਜਾਬ ਪੁਲਿਸ ਸ਼ਾਮ 7 ਵਜੇ ਸੌਂ ਜਾਂਦੀ ਹੈ। ਹੁਣ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਦੇ ਬਿਆਨਾਂ ਦਾ ਆਧਾਰ ਕੀ ਸੀ।
ਅੱਜ ਜੇਕਰ ਪੰਜਾਬ ਪੁਲਿਸ ਅਤੇ ਹੋਰ ਖੁਫੀਆ ਏਜੰਸੀਆਂ ਦੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਸੱਤ ਸਮੁੰਦਰ ਪਾਰ ਕੋਈ ਅੱਤਵਾਦੀ ਫੜਿਆ ਜਾਂਦਾ ਹੈ, ਤਾਂ ਇਹ ਇੱਕ ਵੱਡੀ ਪ੍ਰਾਪਤੀ ਹੈ। ਪੰਜਾਬ ਪੁਲਿਸ ਉਹ ਫੋਰਸ ਹੈ ਜਿਨ੍ਹਾਂ ਨੇ ਆਪਣੀ ਤਾਕਤ ਦੇ ਬਲ 'ਤੇ ਅੱਤਵਾਦ ਦੇ ਯੁੱਗ ਦਾ ਖਾਤਮਾ ਕੀਤਾ ਹੈ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਕਦੇ ਵੀ ਨਹੀਂ ਬਖ਼ਸ਼ੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਪੰਜਾਬ ਵਿੱਚ 50 ਗ੍ਰਨੇਡ ਆਏ ਹਨ, ਜਿਨ੍ਹਾਂ ਵਿੱਚੋਂ 32 ਅਜੇ ਵੀ ਬਾਕੀ ਹਨ। ਜਿਸ ਤੋਂ ਬਾਅਦ ਸਿਆਸਤ ਵਿੱਚ ਬਵਾਲ ਮੱਚ ਗਿਆ ਸੀ, ਜਿਸ ਤੋਂ ਬਾਅਦ ਬਿਆਨਬਾਜੀਆਂ ਦਾ ਸਿਲਸਿਲਾ ਰੁੱਕ ਨਹੀਂ ਰਿਹਾ ਹੈ।






















