Amarinder Singh Resign: ਕੈਪਟਨ ਨੇ ਦਿੱਤਾ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ।ਉਹ CLP ਮੀਟਿੰਗ ਤੋਂ ਪਹਿਲਾਂ ਰਾਜਪਾਲ ਨੂੰ ਮਿਲਣ ਪਹੁੰਚੇ ਅਤੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਚੰਡੀਗੜ੍ਹ: ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ।ਉਹ CLP ਮੀਟਿੰਗ ਤੋਂ ਪਹਿਲਾਂ ਰਾਜਪਾਲ ਨੂੰ ਮਿਲਣ ਪਹੁੰਚੇ ਅਤੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।ਅੱਜ ਸਵੇਰੇ ਤੋਂ ਹੀ ਪੰਜਾਬ ਵਿੱਚ ਵੱਡੀ ਹਲ ਚੱਲ ਸੀ।ਹੁਣ ਇਹ ਖ਼ਬਰ ਸਾਹਮਣੇ ਆ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਪੰਜਾਬ 'ਚ ਕਾਂਗਰਸ ਦਾ ਸਭ ਤੋਂ ਵੱਡਾ ਚਿਹਰੇ ਰਹੇ ਨੇ, ਮੋਦੀ ਲਹਿਰ ਦੌਰਾਨ ਜਦੋਂ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਨੇ ਸਾਲ 2017 'ਚ ਪੰਜਾਬ ਫਤਹਿ ਕੀਤਾ, ਜਿੱਤ ਦਾ ਸਿਹਰਾ ਕੈਪਟਨ ਦੇ ਸਿਰ ਬੰਨ੍ਹਿਆ ਗਿਆ, ਨਤੀਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ।
ਕੈਪਟਨ ਦਾ ਸਿਆਸੀ ਸਫ਼ਰ
- 11 ਮਾਰਚ 1942 ਨੂੰ ਜਨਮ ਹੋਇਆ
- 1963 ਤੋਂ 1966 ਤੱਕ ਭਾਰਤੀ ਫੌਜ 'ਚ ਸੇਵਾ ਨਿਭਾਈ
- ਕਾਂਗਰਸ ਦੀ ਟਿਕਟ 'ਤੇ 1980 'ਚ ਲੋਕ ਸਭਾ ਚੋਣ ਜਿੱਤੀ
- 1984 'ਚ ਔਪਰੇਸ਼ਨ ਬਲੂ ਸਟਾਰ ਦੇ ਰੋਸ ਵਿੱਚ ਸਾਂਸਦ ਤੇ ਕਾਂਗਰਸ ਤੋਂ ਅਸਤੀਫ਼ਾ
- ਕਾਂਗਰਸ 'ਚੋਂ ਅਸਤੀਫ਼ੇ ਬਾਅਦ ਅਕਾਲੀ ਦਲ 'ਚ ਸ਼ਾਮਲ ਹੋਏ
- 1985 'ਚ ਅਕਾਲੀ ਦਲ ਦੀ ਟਿਕਟ 'ਤੇ ਤਲਵੰਡੀ ਸਾਬੋ ਤੋਂ ਵਿਧਾਇਕ ਚੁਣੇ ਗਏ
- 1992 'ਚ ਅਕਾਲੀ ਦਲ ਨਾਲੋਂ ਵੱਖ ਹੋ ਕੇ ਅਕਾਲੀ ਦਲ ਪੰਥਕ ਬਣਾਇਆ
- 1998 'ਚ ਕੈਪਟਨ ਨੇ ਅਕਾਲੀ ਪੰਥਕ ਦਾ ਕਾਂਗਰਸ ਵਿੱਚ ਰਲੇਵਾਂ ਕੀਤਾ
- 1998 'ਚ ਪਟਿਆਲਾ ਲੋਕ ਸਭਾ ਸੀਟ ਤੋਂ ਚੰਦੂਮਾਜਰਾ ਤੋਂ ਚੋਣ ਹਾਰੇ
- 1999 ਤੋਂ 2002 ਤੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ
- 2010 ਤੋਂ 2013 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2014 'ਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਅਰੁਣ ਜੇਤਲੀ ਨੂੰ ਹਰਾਇਆ
- 2015 ਤੋਂ 2017 ਤੱਕ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ
- 2017 'ਚ ਪੰਜਾਬ ਦੇ ਮੁੱਖ ਮੰਤਰੀ ਬਣੇ
ਸਾਲ 2017 ਵਿੱਚ ਕੈਪਟਨ ਦੀ ਅਗਵਾਈ ਵਿੱਚ ਕਾਂਗਰਸ ਨੇ ਚੋਣ ਲੜੀ ਸੀ, ਇਸ ਦੌਰਾਨ ਨਾ ਤਾਂ ਮੋਦੀ ਲਹਿਰ ਦਾ ਅਸਰ ਵਿਖਿਆ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਜੋਸ਼ ਕੰਮ ਆਇਆ, ਬੱਸ ਕੈਪਟਨ ਦਾ ਦਮ ਵਿਖਿਆ, ਆਪਣੇ ਸਿਆਸੀ ਸਫ਼ਰ ਦੌਰਾਨ ਕੈਪਟਨ ਨਾਲ ਕਈ ਵਿਵਾਦ ਵੀ ਜੁੜੇ, ਮੁੱਖ ਤੌਰ 'ਤੇ-
- ਲੁਧਿਆਣਾ ਸਿਟੀ ਸੈਂਟਰ ਘੁਟਾਲੇ 'ਚ ਕੈਪਟਨ ਘਿਰੇ
- ਅੰਮ੍ਰਿਤਸਰ ਇੰਮਪਰੂਵਮੈਂਟ ਟਰੱਸਟ ਲੈਂਡ ਸਕੈਮ 'ਚ ਘਿਰੇ
- ਸਵਿਸ ਬੈਂਕ ਖਾਤਿਆਂ ਦੀ ਜਾਂਚ ਵੀ ED ਵੱਲੋਂ ਕੀਤੀ ਗਈ
- ਸਵਿਸ ਬੈਂਕ ਖਾਤਿਆਂ ਦੀ ਜਾਂਚ ਦੇ ਘੇਰੇ 'ਚ ਕੈਪਟਨ ਦੇ ਪਰਿਵਾਰਕ ਮੈਂਬਰ ਆਏ
ਕੈਪਟਨ ਨੇ ਖੁਦ ਨੂੰ ਹਮੇਸ਼ਾਂ ਪਾਕ-ਸਾਫ਼ ਦੱਸਿਆ ਅਤੇ ਇਸ ਪਿੱਛੇ ਸਿਆਸੀ ਪੈਂਤੜਾ ਗਰਦਾਨਿਆ, ਇਸ ਸਭ ਵਿੱਚ ਕੈਪਟਨ ਦੀ ਨਵਜੋਤ ਸਿੱਧੂ ਨਾਲ ਤਲਖੀ ਹਮੇਸ਼ਾਂ ਸੁਰਖ਼ੀਆਂ ਬਣੀ, ਕੈਪਟਨ ਤਿੰਨ ਵਾਰ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਬਣੇ, ਇੱਕ ਵਾਰ ਸਮਾਣਾ ਅਤੇ ਇੱਕ ਵਾਰ ਤਲਵੰਡੀ ਸਾਬੋ ਤੋਂ ਵਿਧਾਇਕ ਚੁਣ ਗਏ।