ਪੰਜਾਬ ਦੀਆਂ ਚੋਣਾਂ ਬਾਰੇ ਅਮਿਤ ਸ਼ਾਹ ਦਾ ਵੱਡਾ ਖੁਲਾਸਾ, ਬੀਜੇਪੀ ਕਰ ਰਹੀ ਇਸ ਰਣਨੀਤੀ 'ਤੇ ਕੰਮ
ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਹਿਲਾਂ ਹੀ ਬੀਜੇਪੀ ਨਾਲ ਗੱਠਜੋੜ ਦਾ ਐਲਾਨ ਕਰ ਚੁੱਕੇ ਹਨ ਪਰ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਉਂਝ ਕੈਪਟਨ ਵੀ ਦਾਅਵਾ ਕਰ ਚੁੱਕੇ ਹਨ
ਨਵੀਂ ਦਿੱਲੀ: ਖੇਤੀ ਕਾਨੂੰਨ ਰੱਦ ਕਰਨ ਮਗਰੋਂ ਬੀਜੇਪੀ ਦੀ ਅੱਖ ਹੁਣ ਪੰਜਾਬ ਵਿਧਾਨ ਸਭਾ ਉੱਪਰ ਹੈ। ਸ਼੍ਰੋਮਣੀ ਅਕਾਲੀ ਦਲ ਦਾ ਸਾਥ ਗਵਾਉਣ ਮਗਰੋਂ ਬੀਜੇਪੀ ਨਵੇਂ ਸਾਥੀਆਂ ਦੀ ਤਲਾਸ਼ ਵਿੱਚ ਹੈ। ਇਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਦੇ ਸਾਬਕਾ ਆਗੂ ਸੁਖਦੇਵ ਸਿੰਘ ਢੀਂਡਸਾ ਦੀਆਂ ਪਾਰਟੀਆਂ ਨਾਲ ਗੱਠਜੋੜ ਲਈ ਗੱਲਬਾਤ ਕੀਤੀ ਜਾ ਰਹੀ ਹੈ।
ਇੱਥੇ ਅਹਿਮ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਪਹਿਲਾਂ ਹੀ ਬੀਜੇਪੀ ਨਾਲ ਗੱਠਜੋੜ ਦਾ ਐਲਾਨ ਕਰ ਚੁੱਕੇ ਹਨ ਪਰ ਸੁਖਦੇਵ ਸਿੰਘ ਢੀਂਡਸਾ ਨੇ ਅਜੇ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ। ਉਂਝ ਕੈਪਟਨ ਵੀ ਦਾਅਵਾ ਕਰ ਚੁੱਕੇ ਹਨ ਕਿ ਸੁਖਦੇਵ ਸਿੰਘ ਢੀਂਡਸਾ ਦੇ ਧੜੇ ਤੇ ਬੀਜੇਪੀ ਨਾਲ ਮਿਲ ਕੇ ਚੋਣਾਂ ਲੜਾਂਗੇ। ਇਸ ਲਈ ਢੀਂਡਸਾ ਧੜਾ ਬੀਜੇਪੀ ਨਾਲ ਜਾਏਗਾ ਜਾਂ ਨਹੀਂ, ਇਸ ਬਾਰੇ ਭੇਤ ਬਰਕਰਾਰ ਹੈ।
ਦੱਸ ਦਈਏ ਕਿ ਕਿਸਾਨ ਅੰਦੋਲਨ ਕਰਕੇ ਬਣੇ ਹਾਲਤ ਮਗਰੋਂ ਕੋਈ ਵੀ ਸਿਆਸੀ ਧਿਰ ਬੀਜੇਪੀ ਨਾਲ ਜਾਣ ਤੋਂ ਕੰਨੀ ਕਤਰਾ ਰਹੀ ਹੈ। ਉਂਝ ਇਸ ਬਾਰੇ ਅਮਿਤ ਸ਼ਾਹ ਨੇ ਕਿਹਾ ਹੈ ਕਿ ਪੰਜਾਬ ਤੇ ਉੱਤਰ ਪ੍ਰਦੇਸ਼ ’ਚ ਚੋਣਾਂ ਦੌਰਾਨ ਕਿਸਾਨ ਅੰਦੋਲਨ ਦਾ ਕੁਝ ਅਸਰ ਨਹੀਂ ਪਵੇਗਾ ਕਿਉਂਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਹਨ ਤੇ ਹੁਣ ਇਹ ਕੋਈ ਮੁੱਦਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਭਾਜਪਾ ਯੂਪੀ ’ਚ ਮੁੜ ਸਰਕਾਰ ਬਣਾਏਗੀ।
ਸ਼ਨੀਵਾਰ ਨੂੰ ਦੇਸ਼ ਦੇ ਇੱਕ ਪ੍ਰਮੁੱਖ ਅਖ਼ਬਾਰ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ਼ਾਹ ਨੇ ਕਿਹਾ,‘‘ਅਸੀਂ ਕੈਪਟਨ ਸਾਬ੍ਹ ਤੇ ਢੀਂਡਸਾ ਸਾਬ੍ਹ ਨਾਲ ਗੱਲਬਾਤ ਕਰ ਰਹੇ ਹਾਂ। ਇਸ ਦੀ ਪੂਰੀ ਸੰਭਾਵਨਾ ਹੈ ਕਿ ਦੋਵੇਂ ਪਾਰਟੀਆਂ ਨਾਲ ਭਾਜਪਾ ਦਾ ਗੱਠਜੋੜ ਹੋ ਜਾਵੇਗਾ। ਅਸੀਂ ਦੋਵੇਂ ਪਾਰਟੀਆਂ ਨਾਲ ਹਾਂ-ਪੱਖੀ ਸੋਚ ਨਾਲ ਗੱਲਬਾਤ ਕਰ ਰਹੇ ਹਾਂ।’’
ਦੱਸ ਦਈਏ ਕਿ ਪੰਜਾਬ ’ਚ ਭਾਜਪਾ ਦਾ ਕਈ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਰਿਹਾ ਸੀ ਪਰ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਪਿਛਲੇ ਸਾਲ ਅਕਾਲੀ ਦਲ ਨੇ ਉਨ੍ਹਾਂ ਨਾਲੋਂ ਨਾਤਾ ਤੋੜ ਲਿਆ ਸੀ। ਇਸ ਲਈ ਪੰਜਾਬ ਅੰਦਰ ਬੀਜੇਪੀ ਦੀ ਹਾਲਤ ਬੇਹੱਦ ਮਾੜੀ ਹੋ ਗਈ ਹੈ। ਬੀਜੇਪੀ ਇਸ ਨੂੰ ਠੀਕ ਕਰਨ ਲਈ ਸਿੱਖ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰ ਰਹੀ ਹੈ।
ਇਹ ਵੀ ਪੜ੍ਹੋ: Viral Video : ਕੀ ਹੋਇਆ ਜਦੋਂ ਦੋਸਤਾਂ ਨੇ ਇਕ ਲੜਕੇ ਨੂੰ ਫੈਵੀਕਵਿੱਕ ਨਾਲ ਚਿਪਕਾ ਕੇ ਪੁੱਠਾ ਲੰਘ ਦਿੱਤਾ, ਦੇਖੋ ਵੀਡੀਓ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904