Punjab News: ਪੰਜਾਬ ‘ਚ ਆਯੁਰਵੈਦਿਕ ਮੈਡੀਕਲ ਟੂਰਿਜ਼ਮ ਨੂੰ ਪ੍ਰਫੁੱਲਤ ਕਰਨ ਦਾ ਸੱਦਾ, ਕਿਹਾ, ਆਯੁਰਵੈਦਿਕ ਇਲਾਜ ਵਿਧੀਆਂ ਹੋਣਗੀਆਂ ਲਾਭਕਾਰੀ ਸਿੱਧ
ਬਲੱਡ ਪ੍ਰੈਸ਼ਰ, ਡਿਪਰੈਸ਼ਨ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਕੁਦਰਤੀ ਜੜੀਆਂ-ਬੂਟੀਆਂ ਤੋਂ ਬਣੀਆਂ ਦਵਾਈਆਂ, ਮੈਡੀਟੇਸ਼ਨ, ਯੋਗ ਅਤੇ ਸਾਦਾ ਭੋਜਨ ਬਹੁਤ ਜ਼ਿਆਦਾ ਲਾਹੇਵੰਦ ਹੈ।
Punjab News: ਮੈਡੀਕਲ ਸਿੱਖਿਆ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਸਾਰੇ ਆਯੁਰਵੈਦਿਕ ਕਾਲਜਾਂ ਨੂੰ ਮੈਡੀਕਲ ਟੂਰਿਜ਼ਮ ਵੱਲ ਖਾਸ ਤਵੱਜੋਂ ਦੇਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ ਸਰੀਰਕ ਤੇ ਮਾਨਸਿਕ ਇਲਾਜ ਦੀ ਸਭ ਤੋਂ ਪੁਰਾਣੀ ਵਿਧੀ ਹੈ ਅਤੇ ਮੌਜੂਦਾ ਸਮੇਂ ਇਸ ਦੀ ਮਹੱਤਤਾ ਹੋਰ ਜ਼ਿਆਦਾ ਵੱਧ ਗਈ ਹੈ ਜਦੋਂ ਬਹੁਤ ਸਾਰੇ ਲੋਕ ਜੀਵਨ ਸ਼ੈਲੀ ‘ਚ ਆਏ ਬਦਲਾਅ ਕਾਰਣ ਕਈ ਮਾਨਸਿਕ ਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਹੇ ਹਨ।
ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ, ਡਿਪਰੈਸ਼ਨ, ਸ਼ੂਗਰ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਲਈ ਕੁਦਰਤੀ ਜੜੀਆਂ-ਬੂਟੀਆਂ ਤੋਂ ਬਣੀਆਂ ਦਵਾਈਆਂ, ਮੈਡੀਟੇਸ਼ਨ, ਯੋਗ ਅਤੇ ਸਾਦਾ ਭੋਜਨ ਬਹੁਤ ਜ਼ਿਆਦਾ ਲਾਹੇਵੰਦ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਕੁਦਰਤੀ ਇਲਾਜ ਪ੍ਰਣਾਲੀਆਂ ਤਹਿਤ ਬਿਮਾਰੀਆਂ ਦੀ ਰੋਕਥਾਮ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਭਨਾਂ ਨੂੰ ਮਿਲ ਕੇ ਸਾਰਥਕ ਤੇ ਠੋਸ ਕਦਮ ਉਠਾਉਣੇ ਚਾਹੀਦੇ ਹਨ।
ਮੈਡੀਕਲ ਸਿੱਖਿਆ ਭਵਨ, ਮੋਹਾਲੀ ਵਿਖੇ ਪੰਜਾਬ ਦੇ 16 ਆਯੁਰਵੈਦਿਕ, 3 ਯੂਨਾਨੀ ਅਤੇ ਇਕ ਹੋਮਿਓਪੈਥੀ ਕਾਲਜ ਦੇ ਪ੍ਰਿੰਸੀਪਲਾਂ ਨਾਲ ਪਲੇਠੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੁਦਰਤੀ ਇਲਾਜ ਪ੍ਰਣਾਲੀਆਂ ਨੂੰ ਪ੍ਰਫੁੱਲਿਤ ਕਰਨ ਵੱਲ ਖਾਸ ਧਿਆਨ ਦੇ ਰਹੀ ਹੈ।
Presiding over the first meeting with Principals of 16 Ayurvedic, 3 Unani & 1 Homeopathic colleges, Health Minister Dr. Balbir Singh advocated to promote medical tourism besides indigenous systems of medicine, naturopathy & yoga for healthy body & sound mind of residents of state pic.twitter.com/84OhTDZFkR
— Government of Punjab (@PunjabGovtIndia) January 17, 2023
ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਭੈੜੀ ਅਲਾਮਤ ਤੋਂ ਨੌਜਵਾਨੀ ਨੂੰ ਨਿਜਾਤ ਦਿਵਾਉਣ ਲਈ ਵੀ ਆਯੁਰਵੈਦਿਕ ਇਲਾਜ ਵਿਧੀਆਂ ਲਾਭਕਾਰੀ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਨਿੱਜੀ ਆਯੁਰਵੇਦ, ਯੂਨਾਨੀ ਤੇ ਹੋਮਿਓਪੈਥੀ ਕਾਲਜਾਂ ਨੂੰ ਪ੍ਰੇਰਿਤ ਕੀਤਾ ਕਿ ਕਾਲਜ ਪ੍ਰਬੰਧਕ ਵੀ ਆਪਣੇ ਪੱਧਰ ‘ਤੇ ਇਨ੍ਹਾਂ ਇਲਾਜ ਵਿਧੀਆਂ ਦੀ ਪ੍ਰਫੁੱਲਤਾ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ।
ਮੈਡੀਕਲ ਸਿੱਖਿਆ ਮੰਤਰੀ ਨੇ ਕਿਹਾ ਕਿ ਦੁਨੀਆਂ ਭਰ ਦੇ ਲੋਕ ਭਾਰਤੀ ਆਯੁਰਵੈਦਿਕ ਅਤੇ ਕੁਦਰਤੀ ਇਲਾਜ ਪ੍ਰਣਾਲੀ ਤੋਂ ਜਾਣੂੰ ਹਨ ਅਤੇ ਸਿਹਤਯਾਬੀ ਲਈ ਇਸ ਵੈਦਿਕ ਪ੍ਰਣਾਲੀ ਦੀ ਵਰਤੋਂ ਕਰਨਾ ਚਾਹੁੰਦੇ ਹਨ। ਉਨ੍ਹਾਂ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਨੂੰ ਅਜਿਹੀਆਂ ਸੰਭਾਵਨਾਵਾਂ ਤਲਾਸ਼ਣ ਦੇ ਨਿਰਦੇਸ਼ ਦਿੱਤੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਵਿਦੇਸ਼ੀਆਂ ਅਤੇ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਆਯੁਰਵੈਦਿਕ ਮੈਡੀਕਲ ਟੂਰਿਜ਼ਮ ਲਈ ਪੰਜਾਬ ਵਿਚ ਆਕਰਸ਼ਿਤ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਕਾਲਜ ਪ੍ਰਿੰਸੀਪਲਾਂ ਨੇ ਕਈ ਸੁਝਾਅ ਦਿੱਤੇ ਅਤੇ ਉਨ੍ਹਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਬਤ ਵੀ ਜਾਣੂੰ ਕਰਵਾਇਆ। ਸਿਹਤ ਮੰਤਰੀ ਨੇ ਭਰੋਸਾ ਦਿੱਤਾ ਕਿ ਮਾਹਰਾਂ ਦੀਆਂ ਕਮੇਟੀਆਂ ਬਣਾ ਕੇ ਸਭ ਪ੍ਰਕਾਰ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਯਤਨ ਕੀਤੇ ਜਾਣਗੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦਾ ਸਾਲ 2023 ਦਾ ਕੈਲੰਡਰ ਵੀ ਰਿਲੀਜ਼ ਕੀਤਾ।
ਮੀਟਿੰਗ ਵਿਚ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਦੇ ਉਪ ਕੁਲਪਤੀ ਰਾਹੁਲ ਗੁਪਤਾ (ਆਈਏਐਸ), ਡਾ. ਅਵਨੀਸ਼ ਕੁਮਾਰ ਡੀਆਰਐਮਈ, ਜੁਆਇੰਟ ਡਾਇਰੈਕਟਰ ਡਾ. ਅਕਾਸ਼ ਦੀਪ ਤੇ ਡਾ. ਪੁਨੀਤ ਗਿਰਧਰ, ਫਾਰਮੇਸੀ ਕਾਊਂਸਲ ਦੇ ਰਜਿਸਟਰਾਰ ਡਾ. ਜਸਬੀਰ ਸਿੰਘ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸੰਜੀਵ ਗੋਇਲ ਅਤੇ ਪ੍ਰੀਖਿਆ ਕੰਟਰੋਲਰ ਡਾ. ਅੰਜੂ ਬਾਲਾ ਤੋਂ ਇਲਾਵਾ ਕਾਲਜਾਂ ਦੇ ਪ੍ਰਿੰਸੀਪਲ ਤੇ ਹੋਰ ਅਧਿਕਾਰੀ ਹਾਜ਼ਰ ਸਨ।