Lumpy Skin: ਲੰਪੀ ਸਕਿੱਨ ਬੀਮਾਰੀ ਨੂੰ ਕੌਮੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ 'ਚ ਸ਼ਾਮਲ ਕਰਨ ਦੇ ਮਾਮਲੇ 'ਚ ਤੇਜ਼ੀ ਲਿਆਉਣ ਲਈ ਕੇਂਦਰ ਸਰਕਾਰ ਨੂੰ ਅਪੀਲ
ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਤਿੰਨ ਮੈਂਬਰੀ ਮੰਤਰੀ ਸਮੂਹ ਨੇ ਅੱਜ ਸੂਬੇ ਵਿੱਚ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਨੂੰ ਕੁਝ ਸ਼ਰਤਾਂ 'ਤੇ ਆਧਾਰਤ ਪ੍ਰਵਾਨਗੀ ਦੇ ਦਿੱਤੀ।
ਚੰਡੀਗੜ੍ਹ: ਲੰਪੀ ਸਕਿਨ ਬੀਮਾਰੀ ਦੀ ਰੋਕਥਾਮ ਲਈ ਚੱਲ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਤਿੰਨ ਮੈਂਬਰੀ ਮੰਤਰੀ ਸਮੂਹ ਨੇ ਅੱਜ ਸੂਬੇ ਵਿੱਚ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਨੂੰ ਕੁਝ ਸ਼ਰਤਾਂ 'ਤੇ ਆਧਾਰਤ ਪ੍ਰਵਾਨਗੀ ਦੇ ਦਿੱਤੀ।
ਅੱਜ ਇੱਥੇ ਪੰਜਾਬ ਭਵਨ ਵਿਖੇ ਲੰਪੀ ਸਕਿਨ ਬੀਮਾਰੀ ਸਬੰਧੀ ਰੋਕਥਾਮ ਕਾਰਜਾਂ ਦੀ ਸਮੀਖਿਆ ਕਰਦਿਆਂ ਮੰਤਰੀ ਸਮੂਹ, ਜਿਸ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼ਾਮਲ ਹਨ, ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਜਾਣੂ ਕਰਵਾਇਆ ਗਿਆ ਕਿ ਕੁਝ ਸਮੇਂ ਤੋਂ ਸੂਬੇ ਵਿੱਚ ਲੰਪੀ ਸਕਿਨ ਬੀਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।
ਇਸ ਲਈ ਕੁਝ ਉਪਾਅ ਅਪਣਾਉਂਦਿਆਂ ਪਸ਼ੂ ਮੇਲਿਆਂ ਅਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ 'ਤੇ ਪਾਬੰਦੀ ਹਟਾਈ ਜਾ ਸਕਦੀ ਹੈ। ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਮੰਤਰੀ ਸਮੂਹ ਨੇ ਇਸ ਸ਼ਰਤ 'ਤੇ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਦੀ ਪ੍ਰਵਾਨਗੀ ਦਿੱਤੀ ਕਿ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਪਸ਼ੂਆਂ ਦਾ ਟੀਕਾਕਰਨ ਕੀਤਾ ਹੋਣਾ ਲਾਜ਼ਮੀ ਹੈ ਅਤੇ ਵਪਾਰੀ ਜਾਂ ਕਿਸਾਨ ਆਪਣੇ ਨਾਲ ਟੀਕਾਕਰਨ ਸਰਟੀਫਿਕੇਟ ਲੈ ਕੇ ਆਉਣ।
ਮੰਤਰੀ ਸਮੂਹ ਨੇ ਪਸ਼ੂ ਪਾਲਣ ਵਿਭਾਗ ਨੂੰ ਲੰਪੀ ਸਕਿਨ ਬੀਮਾਰੀ ਸਬੰਧੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਾਲ-ਨਾਲ ਸੂਬੇ ਵਿੱਚ ਪਸ਼ੂਆਂ ਦੀ ਅੰਤਰਰਾਜੀ ਆਵਾਜਾਈ ਅਤੇ ਪਸ਼ੂ ਮੇਲੇ ਕਰਵਾਉਣ ਲਈ ਵੱਖਰੇ ਸੁਰੱਖਿਆ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ। ਮੰਤਰੀਆਂ ਨੇ ਵਿਭਾਗ ਨੂੰ ਪਸ਼ੂ ਮੇਲਿਆਂ 'ਤੇ ਵੈਟਰਨਰੀ ਡਾਕਟਰਾਂ ਦੀ ਤਾਇਨਾਤੀ ਕਰਨ ਦੇ ਨਾਲ-ਨਾਲ ਇਨ੍ਹਾਂ ਗਤੀਵਿਧੀਆਂ 'ਤੇ ਤਿੱਖੀ ਨਜ਼ਰ ਰੱਖਣ ਲਈ ਵੀ ਕਿਹਾ ਤਾਂ ਜੋ ਲੰਪੀ ਸਕਿਨ ਬੀਮਾਰੀ ਦਾ ਕੋਈ ਨਵਾਂ ਮਾਮਲਾ ਸਾਹਮਣੇ ਆਉਣ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
ਮੰਤਰੀਆਂ ਨੇ ਨਾਭਾ ਸੀਮਨ ਸਟੇਸ਼ਨ ਦੇ ਇਕ ਯੂਨਿਟ, ਜਿੱਥੇ ਸੀਮਨ ਦਾ ਸੈਂਪਲ ਲੰਪੀ ਸਕਿਨ ਬੀਮਾਰੀ ਲਈ ਪਾਜ਼ੇਟਿਵ ਪਾਇਆ ਗਿਆ ਸੀ, ਨੂੰ ਛੱਡ ਕੇ ਸਾਰੇ ਸੀਮਨ ਉਤਪਾਦਨ ਸਟੇਸ਼ਨਾਂ 'ਤੇ ਪਾਬੰਦੀ ਵੀ ਹਟਾ ਦਿੱਤੀ ਹੈ। ਸਾਰੇ ਸਟੇਸ਼ਨਾਂ 'ਤੇ ਸੀਮਨ ਦੇ ਨਮੂਨਿਆਂ ਦੀ ਰੈਂਡਮ ਜਾਂਚ ਕਰਨ ਸਣੇ ਨਾਭਾ ਸਟੇਸ਼ਨ 'ਤੇ ਸੀਮਨ ਦੇ ਸਾਰੇ ਨਮੂਨਿਆਂ ਦੀ ਨਿਯਮਤ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ ਨੇ ਮੰਤਰੀ ਸਮੂਹ ਨੂੰ ਦੱਸਿਆ ਕਿ ਵਿਭਾਗ ਵੱਲੋਂ ਲੰਪੀ ਸਕਿਨ ਬੀਮਾਰੀ ਨੂੰ ਕੌਮੀ ਪਸ਼ੂ ਰੋਗ ਕੰਟਰੋਲ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਕੇਂਦਰ ਸਰਕਾਰ ਦੀ ਪ੍ਰਵਾਨਗੀ ਲਈ ਉਪਰਾਲੇ ਕੀਤੇ ਹਨ ਤਾਂ ਜੋ ਇਸ ਬੀਮਾਰੀ ਲਈ ਵੀ, ਮੂੰਹ ਖੋਰ ਅਤੇ ਬਰੂਸੀਲੋਸਿਸ ਆਦਿ ਬੀਮਾਰੀਆਂ ਦੀ ਤਰਜ਼ 'ਤੇ ਮੁਫ਼ਤ ਟੀਕਾਕਰਨ ਦਾ ਲਾਭ ਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰੀ ਪਸ਼ੂ ਪਾਲਣ ਵਿਭਾਗ ਨੇ ਭਰੋਸਾ ਦਿਵਾਇਆ ਹੈ ਕਿ ਇਹ ਮਾਮਲਾ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਲਈ ਭੇਜਿਆ ਜਾਵੇਗਾ। ਵਿੱਤ ਮੰਤਰੀ ਨੇ ਲਾਲਜੀਤ ਸਿੰਘ ਭੁੱਲਰ ਨੂੰ ਇਨ੍ਹਾਂ ਮੁੱਦਿਆਂ ਦੇ ਜਲਦ ਹੱਲ ਲਈ ਕੇਂਦਰੀ ਪਸ਼ੂ ਪਾਲਣ ਮੰਤਰੀ ਕੋਲ ਇਹ ਮੁੱਦੇ ਉਠਾਉਣ ਲਈ ਕਿਹਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :